ਦਿੱਲੀ ਵਿੱਚ ਭਾਜਪਾ ਦੇ ਖ਼ਿਲਾਫ਼ ਜਾ ਰਿਹਾ ਸੀ ਅਕਾਲੀ ਦਲ, ਜੇ.ਪੀ. ਨੱਢਾ ਦੀ ਮੀਟਿੰਗ ‘ਚ ਦਿੱਤੀ ਹਮਾਇਤ
ਪਹਿਲੀ ਵਾਰ ਬਿਨਾਂ ਚੋਣ ਲੜੇ ਦਿੱਲੀ ‘ਚ ਅਕਾਲੀ ਦਲ ਕਰੇਗਾ ਭਾਜਪਾ ਦੇ ਹੱਕ ਵਿੱਚ ਪ੍ਰਚਾਰ
ਅਕਾਲੀ ਦਲ ਨਾਲ ਝਗੜਾ ਭਾਜਪਾ ਲਈ ਹੋਇਆ ਫਾਇਦੇਮੰਦ ਸਾਬਤ
ਚੰਡੀਗੜ, (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir badal) ਨੇ ਬੁੱਧਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਮਾਮਲੇ ਵਿੱਚ ਯੂ ਟਰਨ ਲੈਂਦੇ ਹੋਏ ਹੁਣ ਭਾਜਪਾ ਦੇ ਹੱਕ ਵਿੱਚ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਇਹ ਸਾਰਾ ਕੁਝ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਵੱਲੋਂ ਸੁਖਬੀਰ ਬਾਦਲ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਵਲੋਂ ਸਾਫ਼ ਸੁਨੇਹੇ ਆਉਣੇ ਸ਼ੁਰੂ ਹੋ ਗਏ ਸਨ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਹੱਕ ਵਿੱਚ ਪ੍ਰਚਾਰ ਨਾ ਕੀਤਾ ਅਤੇ ਭਾਜਪਾ ਦੇ ਖ਼ਿਲਾਫ਼ ਵੋਟ ਭੁਗਤਾਈ ਤਾਂ ਇਸ ਦਾ ਅਸਰ ਕੈਬਨਿਟ ‘ਚ ਅਕਾਲੀ ਮੰਤਰੀ ਦੀ ਸੀਟ ‘ਤੇ ਵੀ ਪੈ ਸਕਦਾ ਹੈ।
ਇਥੇ ਹੀ ਜੇ.ਪੀ. ਨੱਢਾ ਖ਼ੁਦ ਵੀ ਇਸ ਮਾਮਲੇ ਨੂੰ ਨਿਪਟਾਉਣਾ ਚਾਹੁੰਦੇ ਹਨ। ਜਿਸ ਕਾਰਨ ਮੀਟਿੰਗ ਦੌਰਾਨ ਜੇ.ਪੀ. ਨੱਢਾ ਵਲੋਂ ਦਿੱਤੀ ਗਈ ਘੁਰਕੀ ਤੋਂ ਬਾਅਦ ਅਚਾਨਕ ਹੀ ਸੁਖਬੀਰ ਬਾਦਲ ਦੇ ਤੇਵਰ ਬਦਲ ਗਏ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੀ ਸੀਟ ਤੋਂ ਨਹੀਂ ਲੜਦੇ ਹੋਏ ਭਾਜਪਾ ਦੇ ਹੱਕ ਵਿੱਚ ਪ੍ਰਚਾਰ ਕਰੇਗੀ।
ਇਸ ਸਾਰੇ ਘਟਨਾਕ੍ਰਮ ਵਿੱਚ ਫਾਇਦਾ ਸਿਰਫ਼ ਭਾਜਪਾ ਦਾ ਹੀ ਹੋਇਆ ਹੈ, ਕਿਉਂਕਿ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਸਮਰਥਨ ਵੀ ਲੈ ਲਿਆ ਹੈ ਅਤੇ ਉਨਾਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਦਿੱਤੀਆਂ ਜਾਣ ਵਾਲੀਆਂ 4 ਸੀਟਾਂ ਵਿੱਚੋਂ ਇੱਕ ਵੀ ਸੀਟ ਨਹੀਂ ਦਿੱਤੀ ਗਈ ਹੈ। ਜਿਸ ਕਾਰਨ ਇਸ ਸਾਰੇ ਘਟਨਾਕ੍ਰਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਵਿੱਚ ਸਿਰਫ਼ ਨੁਕਸਾਨ ਹੀ ਆਇਆ ਹੈ।
ਸੁਖਬੀਰ ਬਾਦਲ ਨੇ ਭਾਜਪਾ ਨਾਲ ਕਿਹੜੇ ਵਾਅਦੇ ਨੂੰ ਲੈ ਕੇ ਸਮਝੌਤਾ ਕੀਤਾ ਹੈ, ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਪਰ ਇਸ ਸਮਝੌਤੇ ਦੇ ਕਾਰਨ ਹਰਸਿਮਰਤ ਕੌਰ ਬਾਦਲ ਦੀ ਕੇਂਦਰੀ ਮੰਤਰੀ ਮੰਡਲ ਵਿੱਚ ਸੀਟ ਬਣੀ ਰਹੇਗੀ, ਜਿਸ ਨੂੰ ਹੁਣ ਕੋਈ ਵੀ ਖਤਰਾ ਨਹੀਂ ਹੈ।
ਜਾਣਕਾਰੀ ਅਨੁਸਾਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪਹਿਲਾਂ 70 ਸੀਟਾਂ ਵਿੱਚੋਂ 10 ਸੀਟਾਂ ਦੀ ਮੰਗ ਕਰ ਰਿਹਾ ਸੀ ਅਤੇ ਇਨਾਂ 8 ਵਿੱਚ ਸ਼੍ਰੋਮਣੀ ਅਕਾਲੀ ਦਲ 4 ਸੀਟਾਂ ‘ਤੇ ਆਪਣੇ ਚੋਣ ਨਿਸ਼ਾਨ ਤਕੜੀ ਅਤੇ 4 ਸੀਟਾਂ ‘ਤੇ ਭਾਜਪਾ ਦੇ ਚੋਣ ਨਿਸ਼ਾਨ ‘ਤੇ ਲੜਨ ਲਈ ਤਿਆਰ ਸੀ ਪਰ ਭਾਜਪਾ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ 4 ਸੀਟਾਂ ਦੇਣ ਬਾਰੇ ਹੀ ਕਿਹਾ ਜਾ ਰਿਹਾ ਸੀ ਅਤੇ ਉਹ ਚਾਰੇ ਸੀਟਾਂ ‘ਤੇ ਵੀ ਭਾਜਪਾ ਦੇ ਚੋਣ ਨਿਸ਼ਾਨ ਰਾਹੀਂ ਹੀ ਚੋਣ ਲੜਨ ਦੀ ਗੱਲ ਆਖੀ ਜਾ ਰਹੀ ਸੀ।
ਸ਼੍ਰੋਮਣੀ ਅਕਾਲੀ ਦਲ 4 ਸੀਟਾਂ ਲਈ ਤਾਂ ਰਾਜ਼ੀ ਹੋ ਗਿਆ ਸੀ ਪਰ ਉਹ ਤੱਕੜੀ ਚੋਣ ਨਿਸ਼ਾਨ ‘ਤੇ ਹੀ ਲੜਨਾ ਚਾਹੁੰਦੇ ਹਨ। ਇਸੇ ਮਾਮਲੇ ਨੂੰ ਲੈ ਕੇ ਹੀ ਭਾਜਪਾ ਨਾਲ ਆਖਰੀ ਮੌਕੇ ਤੱਕ ਕੋਈ ਸਮਝੌਤਾ ਨਹੀਂ ਹੋ ਸਕਿਆ ਅਤੇ ਇਸ ਗਠਜੋੜ ਨਾ ਕਰਨ ਦਾ ਐਲਾਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਵਿਖੇ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ ਸੀ।
ਇਸ ਨਾਲ ਹੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਿਹੜੀ ਪਾਰਟੀ ਜਾਂ ਫਿਰ ਉਮੀਦਵਾਰ ਨੂੰ ਸਮਰਥਨ ਦੇਣਾ ਹੈ, ਉਸ ਸਬੰਧੀ ਫੈਸਲਾ ਲੈਣ ਦਾ ਅਧਿਕਾਰ ਵੀ ਦਿੱਲੀ ਕਮੇਟੀ ਨੂੰ ਦੇ ਦਿੱਤਾ ਗਿਆ ਸੀ ਪਰ ਬੁੱਧਵਾਰ ਨੂੰ ਭਾਜਪਾ ਦੇ ਪ੍ਰਧਾਨ ਜੇ.ਪੀ. ਨੱਢਾ ਨੇ ਮੀਟਿੰਗ ਕਰਦੇ ਹੋਏ ਸਾਰਾ ਕੁਝ ਹੀ ਉਲਟਫੇਰ ਕਰ ਦਿੱਤਾ ਅਤੇ ਭਾਜਪਾ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਸਮਰਥਨ ਲੈਣ ਵਿੱਚ ਕਾਮਯਾਬ ਹੋ ਗਏ।
ਕੋਰ ਕਮੇਟੀ ਦੇ ਫੈਸਲੇ ਨੂੰ ਪਲਟਿਆ ਸੁਖਬੀਰ ਬਾਦਲ ਨੇ, ਦਿੱਲੀ ਕਮੇਟੀ ਕੋਲ ਸਨ ਸਾਰੇ ਅਧਿਕਾਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆਪਣੀ ਹੀ ਪਾਰਟੀ ਦੀ ਕੋਰ ਕਮੇਟੀ ਦੇ ਉਸ ਫੈਸਲੇ ਨੂੰ ਪਲਟਦੇ ਹੋਏ ਖ਼ੁਦ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ, ਜਦੋਂ ਕਿ ਕੋਰ ਕਮੇਟੀ ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਸਬੰਧੀ ਸਾਰੇ ਫੈਸਲੇ ਕਰਨ ਲਈ ਅਕਾਲੀ ਦਲ ਦਿੱਲੀ ਕਮੇਟੀ ਨੂੰ ਅਧਿਕਾਰ ਦਿੱਤੇ ਗਏ ਸਨ। ਇਨਾਂ ਅਧਿਕਾਰਾਂ ਨੂੰ ਲੈ ਕੇ ਮਨਜਿੰਦਰ ਸਰਸਾ ਅਤੇ ਹਰਮੀਤ ਸਿੰਘ ਕਾਲਕਾ ਨੇ ਹੀ ਕੋਈ ਫੈਸਲਾ ਲੈਣਾ ਸੀ ਪਰ ਇਨਾਂ ਦੋਹਾ ਵਲੋਂ ਫੈਸਲਾ ਲੈਣ ਦੀ ਥਾਂ ‘ਤੇ ਸੁਖਬੀਰ ਬਾਦਲ ਨੇ ਖ਼ੁਦ ਹੀ ਆਪਣੇ ਪੱਧਰ ‘ਤੇ ਦਿੱਲੀ ਵਿਖੇ ਮੀਟਿੰਗ ਕਰਦੇ ਹੋਏ ਫੈਸਲਾ ਲੈ ਲਿਆ। ਹਾਲਾਂਕਿ ਇਸ ਮੀਟਿੰਗ ਦੌਰਾਨ ਮਨਜਿੰਦਰ ਸਰਸਾ ਮੌਕੇ ‘ਤੇ ਹਾਜ਼ਰ ਸਨ ਪਰ ਇਸ ਸਾਰੇ ਫੈਸਲੇ ਨੂੰ ਲੈਣ ਵਿੱਚ ਦਿੱਲੀ ਕਮੇਟੀ ਦਾ ਕੋਈ ਜਿਆਦਾ ਰੋਲ ਨਜ਼ਰ ਨਹੀਂ ਆਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।