Unemployed teachers | ਸੰਗਰੂਰ ‘ਚ ਤਿਰੰਗਾ ਲਹਿਰਾਉਣ ਪਹੁੰਚੇ ਕੈਬਨਿਟ ਮੰਤਰੀ ਸੋਨੀ ਦਾ ਵਿਰੋਧ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਗਣਤੰਤਰ ਦਿਵਸ ਮੌਕੇ ਸੰਗਰੂਰ ਵਿੱਚ ਸਾਰਾ ਦਿਨ ਮਾਹੌਲ ਤਣਾਅਪੂਰਨ ਬਣਿਆ ਰਿਹਾ। ਬੇਰੁਜ਼ਗਾਰ ਈਟੀਟੀ ਅਤੇ ਬੀਐੱਡ ਅਧਿਆਪਕਾਂ (Unemployed teachers) ਨੇ ਸਵੇਰ 5 ਵਜੇ ਤੋਂ ਹੀ ਸਰਕਾਰੀ ਸਮਾਰੋਹ ‘ਚ ਵਿਘਨ ਪਾਉਣ ਲਈ ਤਿਆਰੀਆਂ ਆਰੰਭ ਦਿੱਤੀਆਂ। ਦੀਪਕ ਕੰਬੋਜ਼, ਜਰਨੈਲ ਨਾਗਰਾ, ਲਵੀ ਬਠਿੰਡਾ, ਕੁਲਵੰਤ ਭੱਟੀ ਅਤੇ ਸਾਥੀਆਂ ਨੂੰ ਕੈਬਨਿਟ ਮੰਤਰੀ ਓ ਪੀ ਸੋਨੀ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲਈ ਪਰੇਡ-ਗਰਾਉਂਡ ਵੱਲ ਵਧਦਿਆਂ ਨੂੰ ਗ੍ਰਿਫ਼ਤਾਰ ਕਰਕੇ ਬਡਰੁੱਖਾਂ ਚੌਕੀ ‘ਚ ਭੇਜ ਦਿੱਤਾ।
ਬੱਸ ਰਾਹੀਂ ਜਲਾਲਾਬਾਦ, ਫਾਜ਼ਿਲਕਾ ਦੇ ਕਈ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਲਾਇਨ ਦੇ ਨੇੜੇ ਪਹੁੰਚਦਿਆਂ ਗ੍ਰਿਫ਼ਤਾਰ ਕਰਕੇ ਲੌਂਗੋਵਾਲ ਥਾਣੇ ਭੇਜ ਦਿੱਤਾ ਗਿਆ, ਜਿਸ ਉਪਰੰਤ ਪੰਜਾਬ ਭਰ ਤੋਂ ਇਕੱਠ ਹੋਏ ਕਰੀਬ ਸੈਂਕੜੇ ਬੇਰੁਜ਼ਗਾਰ ਅਧਿਆਪਕਾਂ ਨੇ ਸੰਗਰੂਰ-ਬਠਿੰਡਾ ਮਾਰਗ ‘ਤੇ ਜਾਮ ਲਗਾ ਦਿੱਤਾ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ, ਕੈਬਨਿਟ ਮੰਤਰੀ ਓਪੀ ਸੋਨੀ ਅਤੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ।
ਕੈਬਨਿਟ ਮੰਤਰੀ ਸੋਨੀ ਦਾ ਘਿਰਾਓ ਕਰਨ ਲਈ ਵਧਦੇ ਬੇਰੁਜ਼ਗਾਰ ਅਧਿਆਪਕ ਥਾਣੇ ਭੇਜੇ
ਗ੍ਰਿਫ਼ਤਾਰ ਸਾਥੀਆਂ ਦੀ ਰਿਹਾਈ ਹੁੰਦੀ ਨਾ ਵੇਖਦਿਆਂ ਆਗੂਆਂ ਨੇ ‘ਜੇਲ੍ਹ-ਭਰੋ ਅੰਦੋਲਨ’ ਦਾ ਐਲਾਨ ਕਰ ਦਿੱਤਾ, ਬਠਿੰਡਾ-ਸੰਗਰੂਰ ਮਾਰਗ ਦੇ ਓਵਰਬਰਿੱਜ਼ ‘ਤੇ ਬੈਰੀਕੇਡ ਅਤੇ ਭਾਰੀ ਪੁਲਿਸ ਫੋਰਸ ਲਾ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਜੇਲ੍ਹ ਵੱਲ ਵਧਣ ਤੋਂ ਰੋਕ ਲਿਆ ਗਿਆ ਜਿਸ ਦੌਰਾਨ ਬੇਰੁਜ਼ਗਾਰ ਅਧਿਆਪਕ ਆਗੂ ਗੁਰਜੀਤ ਕੌਰ ਖੇੜੀ ਸਮੇਤ 17 ਬੇਰੁਜ਼ਗਾਰ ਅਧਿਆਪਕਾਂ ਨੂੰ ਗ੍ਰਿਫਤਾਰੀ ਕਰਕੇ ਸ਼ਾਮ ਤੱਕ ਬਾਲੀਆਂ ਥਾਣੇ ਰੱਖਿਆ ਗਿਆ ਪਰ ਭਰਾਤਰੀ ਜਥੇਬੰਦੀਆਂ ਅਤੇ ਮਾਹੌਲ ਨੂੰ ਵੇਖਦਿਆਂ ਸ਼ਾਮ ਨੂੰ ਸਾਰੇ ਬੇਰੁਜ਼ਗਾਰ ਅਧਿਆਪਕਾਂ ਨੂੰ ਰਿਹਾਅ ਕਰਦਿਆਂ ਪੁਲਿਸ ਵੱਲੋਂ ਪੱਕੇ-ਮੋਰਚੇ ‘ਤੇ ਛੱਡ ਦਿੱਤਾ ਗਿਆ ਜਿਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੇ 2 ਫਰਵਰੀ ਨੂੰ ਮੁੜ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਅਤੇ ਨਾਲ ਹਫਤੇ ਭਰ ਪੰਜਾਬ ਸਰਕਾਰ ਖ਼ਿਲਾਫ਼ ਪਿੰਡਾਂ ‘ਚ ਅਰਥੀ-ਫੂਕਣ ਦਾ ਸੱਦਾ ਵੀ ਦਿੱਤਾ।
ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਆਗੂਆਂ ਸੰਦੀਪ ਸਾਮਾ ਅਤੇ ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ ਈਟੀਟੀ ਉਮੀਦਵਾਰਾਂ ਲਈ 500 ਅਤੇ ਬੀਐੱਡ ਲਈ 2182 ਅਸਾਮੀਆਂ ਦੀ ਪ੍ਰਵਾਨਗੀ ਬੇਰੁਜ਼ਗਾਰ ਅਧਿਆਪਕਾਂ ਨਾਲ ਕੋਝਾ ਮਜ਼ਾਕ ਹੈ, ਕਿਉਂਕਿ ਪੰਜਾਬ ਵਿੱਚ ਕਰੀਬ 15 ਹਜ਼ਾਰ ਈਟੀਟੀ ਅਤੇ 50 ਹਜ਼ਾਰ ਬੀਐੱਡ ਟੈੱਟ ਪਾਸ ਉਮੀਦਵਾਰ ਹਨ ਅਤੇ ਸਰਕਾਰੀ ਸਕੂਲਾਂ ‘ਚ ਹਜ਼ਾਰਾਂ ਅਸਾਮੀਆਂ ਖਾਲੀ ਹਨ। ਇਸ ਕਰਕੇ ਨਿਗੂਣੀ ਭਰਤੀ ਦਾ ਮੰਤਵ ਮਹਿਜ਼ ਖਜ਼ਾਨਾ ਭਰਨਾ ਅਤੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਠੰਢਾ ਪਾਉਣਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।