ਪ੍ਰਤਾਪ ਬਾਜਵਾ ਨੇ ਮੁੜ ਕੀਤਾ Amarinder Singh ‘ਤੇ ਹਮਲਾ, ਜਲਦ ਵਿਧਾਇਕਾਂ ਪੁੱਜਣਗੇ ਹਾਈ ਕਮਾਨ ਕੋਲ
ਹਾਈ ਕਮਾਨ ਨੂੰ ਮਿੰਟ ਮਿੰਟ ਦੀ ਖ਼ਬਰ, ਪੰਜਾਬ ‘ਚ ਆਮ ਲੋਕਾਂ ਦੇ ਨਾਲ ਹੀ ਕਾਂਗਰਸੀ ਵਿਧਾਇਕ ਵੀ ਦੁਖੀ : ਬਾਜਵਾ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਕੈਬਨਿਟ ਵਿੱਚ ਸ਼ਾਮਲ 6 ਮੰਤਰੀ ਅੱਜ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ (Amarinder Singh) ਦੇ ਹੀ ਖ਼ਿਲਾਫ਼ ਹਨ ਅਤੇ ਲਗਾਤਾਰ ਮੇਰੇ ਸੰਪਰਕ ਵਿੱਚ ਹਨ ਪਰ ਖੁਲ ਕੇ ਉਹ ਸਾਹਮਣੇ ਇਸ ਕਰਕੇ ਨਹੀਂ ਆ ਸਕਦੇ ਹਨ ਕਿਉਂਕਿ ਉਨਾਂ ਦੀ ਕੈਬਨਿਟ ਵਿੱਚੋਂ ਨੌਕਰੀ ਖੋਹ ਲਈ ਜਾਏਗੀ, ਇਸ ਲਈ ਉਨਾਂ ਮੰਤਰੀਆਂ ਨੇ ਖ਼ੁਦ ਫੋਨ ਕਰਕੇ ਮੈਨੂੰ ਕਿਹਾ ਹੈ ਕਿ ਕੈਬਨਿਟ ਵਿੱਚ ਕੋਈ ਚਰਚਾ ਵੀ ਨਹੀਂ ਹੋਈ ਪਰ ਫਿਰ ਵੀ ਪ੍ਰੈਸ ਬਿਆਨ ਜਾਰੀ ਕਰ ਦਿੱਤਾ ਗਿਆ ਹੈ। ਇਥੇ ਹੀ ਦੋ ਇਹੋ ਜਿਹੇ ਮੰਤਰੀ ਹਨ, ਜਿਹੜੇ ਕੈਬਨਿਟ ਵਿੱਚ ਵੀ ਸ਼ਾਮਲ ਨਹੀਂ ਸਨ ਪਰ ਉਨਾਂ ਦਾ ਨਾਅ ਉਸ ਪ੍ਰੈਸ ਬਿਆਨ ਵਿੱਚ ਸ਼ਾਮਲ ਸੀ, ਜਿਸ ਵਿੱਚ ਮੇਰੇ ਖ਼ਿਲਾਫ਼ ਹਮਲੇ ਕੀਤੇ ਗਏ ਸਨ।
ਇਹ ਹਮਲਾ ਮੁੜ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਅਮਰਿੰਦਰ ਸਿੰਘ ‘ਤੇ ਕਰ ਦਿੱਤਾ ਸੀ। ਬਾਜਵਾ ਨੇ ਇਥੇ ਹੀ ਇਹ ਦਾਅਵਾ ਕੀਤਾ ਹੈ ਕਿ ਕੈਬਨਿਟ ਵਿੱਚੋਂ 6 ਮੰਤਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਧਾਇਕ ਉਨਾਂ ਨਾਲ ਸਹਿਮਤ ਹਨ ਕਿ ਹੁਣ ਅਮਰਿੰਦਰ ਸਿੰਘ ਨੂੰ ਪਿੱਛੇ ਕਰਕੇ ਕਿਸੇ ਹੋਰ ਨੂੰ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ, ਕਿਉਂਕਿ ਅਮਰਿੰਦਰ ਸਿੰਘ ਇਸ ਸਰਕਾਰ ਵਿੱਚ ਪੂਰੀ ਤਰਾਂ ਅਸਫ਼ਲ ਸਾਬਤ ਹੋਏ ਹਨ।
ਪੰਜਾਬ ਵਿੱਚ ਕਾਂਗਰਸ ਸਰਕਾਰ ਮਾੜੇ ਦੌਰ ਵਿੱਚੋਂ ਗੁਜ਼ਰ ਰਹੀਂ ਹੈ : ਪ੍ਰਤਾਪ ਬਾਜਵਾ
ਪ੍ਰਤਾਪ ਬਾਜਵਾ ਨੇ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਮਾੜੇ ਦੌਰ ਵਿੱਚੋਂ ਗੁਜ਼ਰ ਰਹੀਂ ਹੈ ਅਤੇ ਪੰਜਾਬ ਵਿੱਚ ਵਿਕਾਸ ਤੱਕ ਨਹੀਂ ਹੋ ਰਿਹਾ ਹੈ। ਇਸ ਵਿੱਚ ਅਮਰਿੰਦਰ ਸਿੰਘ ਵੱਲੋਂ ਕੁਝ ਵੀ ਨਹੀਂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਵਿਧਾਇਕਾਂ ਵੱਲੋਂ ਵੀ ਅਮਰਿੰਦਰ ਸਿੰਘ ਤੋਂ ਕਾਫ਼ੀ ਜਿਆਦਾ ਨਰਾਜ਼ਗੀ ਜਨਤਕ ਤੌਰ ‘ਤੇ ਦਿਖਾਈ ਜਾ ਰਹੀਂ ਹੈ। ਜਿਸ ਬਾਰੇ ਪੰਜਾਬ ਦਾ ਬੱਚਾ ਬੱਚਾ ਜਾਣੂੰ ਹੈ।
ਬਾਜਵਾ ਨੇ ਕਿਹਾ ਕਿ ਅਮਰਿੰਦਰ ਸਿੰਘ ਉਨਾਂ ਖ਼ਿਲਾਫ਼ ਕੁਝ ਵੀ ਨਹੀਂ ਕਰ ਸਕਦੇ, ਕਿਉਂਕਿ ਉਨਾਂ ਸਿਰਫ਼ ਸਚਾਈ ਹੀ ਬਿਆਨ ਕੀਤੀ ਹੈ ਅਤੇ ਜੇਕਰ ਕੋਈ ਕੀਮਤ ਚੁਕਾਉਣੀ ਵੀ ਪਈ ਤਾਂ ਉਹ ਤਿਆਰ ਹਨ ਕਿਉਂਕਿ ਉਹ ਹੁਣ ਇਸ ਤਰਾਂ ਚੁੱਪ ਨਹੀਂ ਬੈਠ ਸਕਦੇ ਹਨ। ਉਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਕਿਵੇਂ ਚੱਲ ਰਹੀਂ ਹੈ ਅਤੇ ਸਰਕਾਰ ਨੂੰ ਚਲਾਉਣ ਵਾਲੇ ਕੀ ਕੁਝ ਕਰ ਰਹੇ ਹਨ, ਇਸ ਬਾਰੇ ਸਾਰਾ ਕੁਝ ਹਾਈ ਕਮਾਨ ਨੂੰ ਮਿੰਟ ਮਿੰਟ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਲਈ ਜਲਦ ਹੀ ਹਾਈ ਕੋਲ ਵੀ ਜਾ ਕੇ ਇਸ ਸਬੰਧੀ ਦਖਲ ਦੇਣ ਦੀ ਮੰਗ ਕੀਤੀ ਜਾਏਗੀ।
ਕੈਬਨਿਟ ਮੀਟਿੰਗ ਵਿੱਚ ਨਹੀਂ ਹੋਇਆ ਮੇਰੇ ਬਾਰੇ ਜਿਕਰ, ਦੋ ਮੰਤਰੀ ਤਾਂ ਕੈਬਨਿਟ ‘ਚ ਨਹੀਂ ਪ੍ਰੈਸ ਨੋਟ ‘ਚ ਸਨ ਸ਼ਾਮਲ
ਪ੍ਰਤਾਪ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਅਮਰਿੰਦਰ ਸਿੰਘ ਦੇ ਇਸ਼ਾਰੇ ‘ਤੇ ਇੱਕ ਪ੍ਰੈਸ ਬਿਆਨ ਉਨਾਂ ਦੇ ਖ਼ਿਲਾਫ਼ ਜਾਰੀ ਕਰ ਦਿੱਤਾ ਗਿਆ ਅਤੇ ਇਹ ਪ੍ਰੈਸ ਬਿਆਨ ਕੈਬਨਿਟ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਤਿਆਰ ਕਰ ਲਿਆ ਗਿਆ ਸੀ, ਜਿਸ ਵਿੱਚ ਸਾਰੇ ਮੰਤਰੀਆਂ ਦੇ ਨਾਂਅ ਵੀ ਪਾ ਦਿੱਤੇ ਗਏ।
ਇਸ ਪ੍ਰੈਸ ਬਿਆਨ ਦੇ ਜਾਰੀ ਹੋਣ ਤੋਂ ਕੁਝ ਹੀ ਮਿੰਟਾਂ ਬਾਅਦ ਉਨਾਂ ਨੂੰ 4 ਮੰਤਰੀਆਂ ਦਾ ਫੋਨ ਆਇਆ ਕਿ ਕੈਬਨਿਟ ਵਿੱਚ ਇਸ ਬਾਰੇ ਕੋਈ ਚਰਚਾ ਤੱਕ ਨਹੀਂ ਹੋਈ ਅਤੇ ਪ੍ਰੈਸ ਬਿਆਨ ਵਿੱਚ ਉਨਾਂ ਦਾ ਨਾਅ ਤੱਕ ਸ਼ਾਮਲ ਕਰ ਦਿੱਤਾ ਗਿਆ। ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 2 ਮੰਤਰੀਆਂ ਦਾ ਫੋਨ ਆਇਆ ਕਿ ਉਹ ਤਾਂ ਕੈਬਨਿਟ ਮੀਟਿੰਗ ਵਿੱਚ ਵੀ ਸ਼ਾਮਲ ਨਹੀਂ ਪਰ ਫਿਰ ਵੀ ਉਨਾਂ ਦੇ ਨਾਅ ਪ੍ਰੈਸ ਬਿਆਨ ਵਿੱਚ ਸ਼ਾਮਲ ਕਰ ਦਿੱਤੇ ਗਏ। ਉਨਾਂ ਕਿਹਾ ਕਿ ਇਸ ਤੋਂ ਹੀ ਪਤਾ ਚਲਦਾ ਹੈ ਕਿ ਅਮਰਿੰਦਰ ਸਿੰਘ ਕਿਸ ਤਰੀਕੇ ਨਾਲ ਸਰਕਾਰ ਅਤੇ ਆਪਣੇ ਮੰਤਰੀਆਂ ਨੂੰ ਚਲਾਉਣ ਦੀ ਕੋਸ਼ਸ਼ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।