Delhi Elections: ਪੰਜਾਬ ਦੀ ‘AAP’ ‘ਚ ਸਭ ਤੋਂ ਵੱਧ ਉਤਸ਼ਾਹ

AAP

ਭਗਵੰਤ ਮਾਨ ਤੋਂ ਲੈ ਵਿਧਾਇਕਾਂ ਸਮੇਤ ਹਰ ਛੋਟਾ ਵੱਡਾ ਆਗੂ ਤੇ ਵਲੰਟੀਅਰ ਦਿੱਲੀ ‘ਚ ਪਾਵੇਗਾ ਧਮਾਲਾਂ

ਦਿੱਲੀ ਚੋਣਾਂ ਲਈ ਪੰਜਾਬ ਦੇ ਆਗੂਆਂ ਨੇ ਕਮਰ ਕੱਸੀ: ਹਰਪਾਲ ਚੀਮਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਦਿੱਲੀ ਚੋਣਾਂ ਦੀ ਜੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਆਗੂਆਂ ਵੱਲੋਂ ਵੱਡੇ ਪੱਧਰ ‘ਤੇ ਦਿੱਲੀ ਕੂਚ ਕਰਨ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਪੰਜਾਬ ਤੋਂ ਦਿੱਲੀ ਜਾਣ ਲਈ ਆਮ ਆਦਮੀ ਪਾਰਟੀ ਦੇ ਮੂਹਰਲੀ ਕਤਾਰ ਦੇ ਆਗੂਆਂ ਤੋਂ ਲੈ ਕੇ ਵਿਧਾਇਕਾਂ ਸਮੇਤ ਵਰਕਰਾਂ ਵਿੱਚ ਦਿੱਲੀ ਦੀਆਂ ਚੋਣਾਂ ‘ਚ ਉੱਤਰਨ ਦੀ ਉਤਸੁਕਤਾ ਹੈ। ਇੱਥੋਂ ਤੱਕ ਕਿ ਜ਼ਿਲ੍ਹਾ ਪੱਧਰ ‘ਤੇ ਵੀ ਆਗੂਆਂ ਵੱਲੋਂ ਮੀਟਿੰਗਾਂ ਕਰਕੇ ਦਿੱਲੀ ਜਾਣ ਲਈ ਕਮਰਕੱਸੇ ਕਰ ਲਏ ਗਏ ਹਨ। ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੀਆਂ ਚੋਣਾਂ ਦੀ ਸਫ਼ਲਤਾ ਰਾਹੀਂ ਪੰਜਾਬ ‘ਚ ਝਾੜੂ ਦੀ ਪਕੜ ਮਜ਼ਬੂਤ ਬਣਾਉਣ ਦੀਆਂ ਮੁੜ ਤੋਂ ਤਰਕੀਬਾਂ ਹਨ।

ਜਾਣਕਾਰੀ ਅਨੁਸਾਰ ਦਿੱਲੀ ਚੋਣਾਂ ‘ਚ ਅੱਜ ਤੋਂ ਕਾਗਜ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਕਾਗਜ ਭਰਨ ਦੀ ਪ੍ਰਕਿਰਿਆ ਤੋਂ ਬਾਅਦ ਦਿੱਲੀ ਦੀਆਂ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਭਖ ਜਾਵੇਗਾ। ਉਂਜ 24 ਜਨਵਰੀ ਕਾਗਜ ਵਾਪਸ ਲੈਣ ਦਾ ਆਖਰੀ ਦਿਨ ਹੈ। ਇਸ ਦਿਨ ਤੋਂ ਬਾਅਦ ਰਾਜਧਾਨੀ ‘ਚ ਪੰਜਾਬ ਸਮੇਤ ਵੱਖ ਵੱਖ ਸੂਬਿਆਂ ਤੋਂ ਪੁੱਜਣ ਵਾਲੇ ਵੱਖ ਵੱਖ ਪਾਰਟੀ ਦੇ ਆਗੂਆਂ ਦਾ ਹੜ੍ਹ ਆ ਜਾਵੇਗਾ। ਪੰਜਾਬ ਦੀ ਆਮ ਆਦਮੀ ਪਾਰਟੀ ਵਿੱਚ ਦਿੱਲੀ ਚੋਣਾਂ ਨੂੰ ਲੈ ਕੇ ਸਭ ਤੋਂ ਵੱਧ ਉਤਸਾਹ ਹੈ।

ਦਿੱਲੀ ‘ਚ ਮੁੜ ਕੇਜਰੀਵਾਲ ਦੀ ਸਰਕਾਰ ਦੇਖਣ ਲਈ ਪ੍ਰਚਾਰ

ਪੰਜਾਬ ਦੇ ਆਗੂ ਦਿੱਲੀ ‘ਚ ਮੁੜ ਕੇਜਰੀਵਾਲ ਦੀ ਸਰਕਾਰ ਦੇਖਣ ਲਈ ਪ੍ਰਚਾਰ ਪੱਖੋਂ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਪਤਾ ਲੱਗਾ ਹੈ ਕਿ ਦਿੱਲੀ ਚੋਣਾਂ ਵਿੱਚ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਪ੍ਰਚਾਰ ਪੱਖੋਂ ਸਭ ਤੋਂ ਵੱਧ ਮੰਗ ਰਹੇਗੀ ਅਤੇ ਉਹ ਆਪਣੇ ਬੇਬਾਕ ਭਾਸ਼ਣ ਅਤੇ ਟੋਟਕਿਆਂ ਰਾਹੀਂ ਦਿੱਲੀ ਦੀ ਜਨਤਾ ਨੂੰ ਮੁੜ ਪ੍ਰਭਾਵਿਤ ਕਰਨਗੇ। ਇਸ ਤੋਂ ਇਲਾਵਾ ਆਪ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਸਮੇਤ ਆਪ ਦੇ ਸਾਰੇ ਵਿਧਾਇਕ ਦਿੱਲੀ ਚੋਣਾਂ ਦੇ ਪ੍ਰਚਾਰ ਵਿੱਚ ਕੁੱਦਣਗੇ। ਇਸ ਤੋਂ ਇਲਾਵਾ ਪਾਰਟੀ ਦੇ ਯੂਥ ਵਿੰਗ ਦੇ ਆਗੂਆਂ ਸਮੇਤ ਜ਼ਿਲ੍ਹਾ ਪੱਧਰ ਦੇ ਆਗੂ ਦਿੱਲੀ ਦੀਆਂ 70 ਸੀਟਾਂ ਉੱਪਰ ਝਾੜੂ ਦੀ ਜਿੱਤ ਲਈ ਹਰ ਇੱਕ ਵਾਰਡ ‘ਚ ਦਸਤਕ ਦੇਣਗੇ। ਪੰਜਾਬ ਦੇ ਆਪ ਵਲੰਟੀਅਰਾਂ ਵਿੱਚ ਦਿੱਲੀ ਕੂਚ ਕਰਨ ਲਈ ਵੱਡੀ ਉਤਸੁੱਕਤਾ ਹੈ ਅਤੇ ਹਜਾਰਾਂ ਦੀ ਗਿਣਤੀ ਵਿੱਚ ਆਪ ਵਲੰਟੀਅਰ ਦਿੱਲੀ ‘ਚ ਪ੍ਰਚਾਰ ਦਾ ਹਿੱਸਾ ਬਣਨਗੇ।

ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਦਿੱਲੀ ਚੋਣਾਂ ਲਈ ਸਭ ਤੋਂ ਵੱਧ ਉਤਸ਼ਾਹ ਪੰਜਾਬ ਦੇ ਆਗੂਆਂ ਅਤੇ ਵਰਕਰਾਂ ਵਿੱਚ ਹੈ। ਉਨ੍ਹਾਂ ਪੁਸ਼ਟੀ ਕਰਦਿਆ ਕਿਹਾ ਕਿ ਭਗਵੰਤ ਮਾਨ ਤੋਂ ਲੈ ਕੇ ਸਾਰੇ ਵਿਧਾਇਕਾਂ ਸਮੇਤ ਸਾਰੇ ਵਲੰਟੀਅਰ ਇਨ੍ਹਾਂ ਚੋਣਾਂ ‘ਚ ਕੁੱਦਣਗੇ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਚੋਣ ਰੈਲੀਆਂ ਤੋਂ ਲੈ ਕੇ ਘਰ-ਘਰ ਚੋਣ ਪ੍ਰਚਾਰ ਦੀ ਕੰਪੇਨ ਦਿੱਲੀ ਇਕਾਈ ਅਨੁਸਾਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਤੋਂ ਕੇਜਰੀਵਾਲ ਦੇ ਪੰਜ ਸਾਲਾ ਦੇ ਰਿਪੋਰਟ ਕਾਰਡ ਦੇ ਅਧਾਰ ‘ਤੇ ਹੀ ਵੋਟਾਂ ਮੰਗੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਮੁੜ ਆਪ ਦੀ ਸਰਕਾਰ ਬਣਨ ਦੀ ਹਵਾ ਆ ਰਹੀ ਹੈ ਜੋ ਕਿ ਪੰਜਾਬ ਲਈ ਸੁਭ ਸੰਕੇਤ ਹੋਵੇਗਾ।

ਵਾਇਆ ਦਿੱਲੀ ਰਾਹੀਂ ਪੰਜਾਬ ‘ਚ ਡਿੱਗੀ ਸਾਖ ਨੂੰ ਬਹਾਲ ਕਰਨ ਦੀ ਹੋਵੇਗੀ ਕੋਸ਼ਿਸ਼

ਪੰਜਾਬ ਦੀ ਆਮ ਆਦਮੀ ਪਾਰਟੀ ਦੇ ਆਗੂ ਵਾਇਆ ਦਿੱਲੀ ਤੋਂ ਪੰਜਾਬ ਅੰਦਰ ਆਪ ਦੀ ਡਿੱਗੀ ਸਾਖ ਨੂੰ ਬਹਾਲ ਕਰਨ ਦੀ ਕੋਸ਼ਿਸ ਵਿੱਚ ਹਨ। ਜੇਕਰ ਦਿੱਲੀ ਚੋਣਾਂ ‘ਚ ਕੇਜਰੀਵਾਲ ਮੁੜ ਬਾਜੀ ਮਾਰ ਜਾਂਦੇ ਹਨ ਤਾਂ ਇਸ ਦਾ ਅਸਰ ਪੰਜਾਬ ‘ਚ ਹੋਣਾ ਲਾਜਮੀ ਹੈ। ਖੁਦ ਇਸ ਦੀ ਪੁਸ਼ਟੀ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੱਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ 100 ਫੀਸਦੀ ਦਿੱਲੀ ਚੋਣਾਂ ਦੀ ਜਿੱਤ ਦਾ ਅਸਰ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਬਾਦਲਾਂ ਨੂੰ ਲੋਕ ਪਹਿਲਾਂ ਹੀ ਦੇਖ ਚੁੱਕੇ ਹਨ ਅਤੇ ਅਮਰਿੰਦਰ ਸਿੰਘ ਦੀ ਸਰਕਾਰ ਜੋ ਚੰਨ ਚੜ੍ਹਾ ਰਹੀ ਹੈ, ਉਹ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਕਿਸੇ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬ ਅੰਦਰ ਆਪ ਦੀ ਗੁੱਡੀ ਚੜੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।