ਸੁਖਬੀਰ ਹੁਣ ਢੀਂਡਸਾ ‘ਤੇ ਕਾਰਵਾਈ ਦੇ ਸਿੱਟਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ : ਅਕਾਲੀ ਆਗੂ
ਸੰਗਰੂਰ, (ਗੁਰਪ੍ਰੀਤ ਸਿੰਘ) ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਪਾਰਟੀ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਵਿੱਤ ਮੰਤਰੀ ਤੇ ਮੌਜੂਦਾ ਵਿਧਾਇਕ ਸ. ਪਰਮਿੰਦਰ ਸਿੰਘ ਢੀਂਡਸਾ ‘ਤੇ ਕਾਰਵਾਈ ਸਬੰਧੀ ਲਏ ਫੈਸਲੇ ਤੋਂ ਬਾਅਦ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿੱਚ ਉਠਿਆ ਵਿਰੋਧ ਦਿਨੋਂ ਦਿਨ ਤੇਜੀ ਫੜ੍ਹਦਾ ਜਾ ਰਿਹਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਗੇ ਵੱਡੀ ਮੁਸੀਬਤ ਖੜ੍ਹੀ ਹੋਣ ਦਾ ਸੰਕੇਤ ਦਿੰਦਾ ਪ੍ਰਤੀਤ ਹੋ ਰਿਹਾ ਹੈ।
ਸੁਖਬੀਰ ਬਾਦਲ ਗੰਭੀਰ ਸਿੱਟਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ : ਆਗੂ
ਫੈਸਲੇ ਦੇ ਵਿਰੋਧ ਦੀ ਕੜੀ ਵਿੱਚ ਮਾਲਵਾ ਹਲਕੇ ਨਾਲ ਸਬੰਧਤ ਸੂਬੇ ਦੇ ਵੱਖ-ਵੱਖ ਸੂਬਾ ਪੱਧਰ ਦੇ ਸੀਨੀਅਰ ਆਗੂਆਂ ਵੱਲੋਂ ਉਪਰੋਕਤ ਫੈਸਲੇ ਦਾ ਵਿਰੋਧ ਤਿੱਖੇ ਸ਼ਬਦਾਂ ਵਿੱਚ ਪ੍ਰਗਟਾਉਂਦਿਆਂ ਸਿੱਧੇ ਸੰਕੇਤ ਦਿੱਤੇ ਗਏ ਹਨ ਕਿ ਸ. ਢੀਂਡਸਾ ‘ਤੇ ਕਾਰਵਾਈ ਮਗਰੋਂ ਪ੍ਰਧਾਨ ਸੁਖਬੀਰ ਬਾਦਲ ਗੰਭੀਰ ਸਿੱਟਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਸ. ਅਜੀਤ ਸਿੰਘ ਚੰਦੂਰਾਈਆਂ ਸਾਬਕਾ ਸੂਚਨਾ ਕਮਿਸ਼ਨਰ, ਸ. ਸੁਖਵੰਤ ਸਿੰਘ ਸਰਾਓ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਜਥੇਦਾਰ ਗੁਰਬਚਨ ਸਿੰਘ ਬਚੀ ਸਾਬਕਾ ਏ.ਐਮ., ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਜੈਪਾਲ ਸਿੰਘ ਮੰਡੀਆ ਸ਼੍ਰੋਮਣੀ ਕਮੇਟੀ ਮੈਂਬਰ, ਜਥੇਦਾਰ ਹਰਦੇਵ ਸਿੰਘ ਰੋਗਲਾ ਸ਼੍ਰੋਮਣੀ ਕਮੇਟੀ ਮੈਂਬਰ, ਮਲਕੀਤ ਸਿੰਘ ਚੰਗਾਲ ਮੈਂਬਰ ਸ਼੍ਰੋਮਣੀ ਕਮੇਟੀ, ਸਾਬਕਾ ਮੰਤਰੀ ਅਬਦੁੱਲ ਗੱਫਾਰ ਅਤੇ ਸਤਿਗੁਰ ਸਿੰਘ ਨਮੋਲ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਨੇ ਕਿਹਾ ਕਿ ਸ. ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਨੂੰ ਉੱਚੇ ਮੁਕਾਮ ਤੱਕ ਲੈ ਕੇ ਜਾਣ ਵਾਲੇ ਮੂਹਰਲੀ ਕਤਾਰ ਦੇ ਆਗੂ ਹਨ,
ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਅਨੇਕਾਂ ਕੁਰਬਾਨੀਆਂ ਦੇ ਕੇ ਅਕਾਲੀ ਦਲ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ ਅਤੇ ਹਮੇਸ਼ਾ ਹੱਕ-ਸੱਚ ਦੀ ਆਵਾਜ ਨੂੰ ਬੁਲੰਦ ਕੀਤਾ ਹੈ। ਢੀਂਡਸਾ ਦੇ ਪੰਜਾਬੀ ਜਗਤ ਵਿੱਚ ਲੱਖਾਂ ਸਮਰੱਥਕ ਹਨ, ਜੋ ਸੁਖਦੇਵ ਸਿੰਘ ਢੀਂਡਸਾ ਦੀ ਸੋਚ ਦੇ ਨਾਲ ਡੱਟ ਕੇ ਖੜ੍ਹੇ ਹਨ। ਉਨ੍ਹਾਂ ‘ਤੇ ਕਾਰਵਾਈ ਕਰਨ ਦੇ ਲਏ ਫੈਸਲੇ ਨਾਲ ਲੱਖਾਂ ਦੀ ਗਿਣਤੀ ਵਿੱਚ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਰੋਸ ਦੀ ਲਹਿਰ ਹੈ।
ਆਗੂਆਂ ਨੇ ਕਿਹਾ ਕਿ ਜੇਕਰ ਸ. ਸੁਖਦੇਵ ਸਿੰਘ ਢੀਂਡਸਾ
ਵਰਗੇ ਸੀਨੀਅਰ ਆਗੂ ਅਤੇ ਉਨ੍ਹਾਂ ਦੇ ਸਪੁੱਤਰ ਸ. ਪਰਮਿੰਦਰ ਸਿੰਘ ਢੀਂਡਸਾ ‘ਤੇ ਕਾਰਵਾਈ ਨੂੰ ਅਮਲੀ ਰੂਪ ਦਿੱਤਾ ਜਾਂਦਾ ਹੈ ਤਾਂ ਬਾਦਲ ਪਰਿਵਾਰ ਦੇ ਸਿਆਸੀ ਪਤਨ ਦਾ ਮੁੱਢ ਬੱਝ ਜਾਵੇਗਾ। ਆਗੂਆਂ ਨੇ ਸੁਖਬੀਰ ਬਾਦਲ ਦੇ ਇਸ਼ਾਰੇ ‘ਤੇ ਅਕਾਲੀ ਦਲ ਦੇ ਕੁਝ ਕੁ ਆਗੂਆਂ ਵੱਲੋਂ ਢੀਂਡਸਾ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਂਝ ਬਾਰੇ ਦਿੱਤੇ ਬਿਆਨ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਬਾਦਲ ਪਰਿਵਾਰ ਦੀ ਸਾਂਝ ਜੱਗ ਜਾਹਿਰ ਹੋ ਚੁੱਕੀ ਹੈ। ਬਾਦਲ ਹਮਾਇਤ ਉਕਤ ਆਗੂ ਅਜਿਹੇ ਬਿਆਨ ਦੇ ਕੇ ਬਾਦਲ ਪਰਿਵਾਰ ਦੀਆਂ ਨਾਕਾਮੀਆਂ ਅਤੇ ਗਲਤੀਆਂ ਉਪਰ ਪਰਦਾ ਪਾਉਣ ਦੀ ਕੋਸ਼ਿਸ ਵਿੱਚ ਹਨ। ਉਨ੍ਹਾਂ ਲੋਕਾਂ ਨੂੰ ਬਾਦਲ ਹਮਾਇਤੀ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿ ਕੇ ਸਰਬਤ ਦੇ ਭਲੇ ਲਈ ਸ. ਢੀਂਡਸਾ ਦਾ
ਸਾਥ ਦੇਣ ਦੀ ਅਪੀਲ ਵੀ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।