Justice Rajan Gupta ਨੇ ਕੀਤਾ ਬਾਰ ਲਾਇਬਰੇਰੀ ਦਾ ਉਦਘਾਟਨ
ਨਾਭਾ, (ਤਰੁਣ ਕੁਮਾਰ ਸ਼ਰਮਾ) । ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਚੇਅਰਮੈਨ ਬਿਲਡਿੰਗ ਕਮੇਟੀ ਪੰਜਾਬ ਜਸਟਿਸ ਰਾਜਨ ਗੁਪਤਾ ਨੇ ਅੱਜ ਨਾਭਾ ਦੇ ਕਚਿਹਰੀ ਕੰਪਲੈਕਸ ਵਿਖੇ ਬਾਰ ਲਾਇਬਰੇਰੀ ਦਾ ਉਦਘਾਟਨ ਕੀਤਾ। ਇਸ ਮੌਕੇ ਜਸਟਿਸ ਰਾਜਨ ਗੁਪਤਾ ਨੇ ਕਿਹਾ ਕਿ ਬਾਰ ਲਾਇਬਰੇਰੀ ਵਿੱਚ ਵਕੀਲ ਭਾਈਚਾਰਾ ਜਿੱਥੇ ਆਪਸ ਵਿੱਚ ਵਿਚਾਰ-ਵਟਾਂਦਰਾ ਕਰ ਸਕਦੇ ਹਨ ਉਥੇ ਈ ਕੋਰਟਸ ਨਾਲ ਲੈਸ ਲਾਇਬਰੇਰੀ ਦਾ ਲਾਹਾ ਵੀ ਵਕੀਲ ਭਾਈਚਾਰੇ ਨੂੰ ਪ੍ਰਾਪਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਵਕੀਲਾਂ ਨੂੰ ਆਪਣੇ ਹੱਕ ਦੇ ਕੇਸਾਂ ਸੰਬੰਧੀ ਉਚੇਰੀ ਅਦਾਲਤਾਂ ਦੇ ਕੇਸਾਂ ਲਈ ਲੰਮਾ ਸਮਾਂ ਕਿਤਾਬਾਂ ਲੱਭਣੀਆਂ ਪੈਦੀਆਂ ਸਨ ਪਰੰਤੂ ਅੱਜ ਦੇ ਸਮੇਂ ਵਿੱਚ ਈ ਕੋਰਟਸ ਰਾਹੀਂ ਵਕੀਲਾਂ ਨੂੰ ਇਸ ਵਿੱਚ ਸਹਿਜਤਾ ਪ੍ਰਾਪਤ ਹੋਣ ਨਾਲ ਉਨ੍ਹਾਂ ਦੇ ਸਮੇਂ ਦੀ ਬਚਤ ਵੀ ਹੋ ਜਾਂਦੀ ਹੈ। ਉਨ੍ਹਾਂ ਅਦਾਲਤਾਂ ਵਿੱਚ ਲੰਬਿਤ ਪਏ ਮਾਮਲਿਆਂ ਸੰਬੰਧੀ ਕਿਹਾ ਕਿ ਇਸ ਦਾ ਕਾਰਨ ਵਧਦੀ ਹੋਈ ਜਨਸੰਖਿਆ ਨੂੰ ਸਮਝਿਆ ਜਾ ਸਕਦਾ ਹੈ। ਵਧਦੀ ਹੋਈ ਜਨਸੰਖਿਆ ਕਾਰਨ ਹਸਪਤਾਲ, ਸਰਕਾਰੀ ਦਫਤਰਾਂ ਸਮੇਤ ਕਈ ਅਦਾਰਿਆਂ ਵਿੱਚ ਮਾਮਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਅਦਾਲਤਾਂ ਵਿੱਚ ਪੈਂਡਿੰਗ ਪਏ ਮਾਮਲਿਆਂ ਸੰਬੰਧੀ ਹਾਈਕੋਰਟ ਦੀ ਨਿਗਰਾਨ ਕਮੇਟੀ ਬਣਾਈ ਹੋਈ ਹੈ ਜੋ ਸਮੇਂ-ਸਮੇਂ ‘ਤੇ ਲੰਮੇ ਸਮੇਂ ਤੋਂ ਪਂੈਡਿੰਗ ਮਾਮਲਿਆਂ ‘ਤੇ ਨਿਗ੍ਹਾਂ ਰੱਖਦੀ ਹੈ ਤਾਂ ਜੋ ਪ੍ਰਾਰਥੀ ਨੂੰ ਸਮੇਂ ਸਿਰ ਇਨਸਾਫ ਮਿਲ ਜਾਵੇ। ਉਨ੍ਹਾਂ ਕਿਹਾ ਕਿ ਦੁਰਾਚਾਰ ਦੇ ਕੇਸਾਂ ਨਾਲ ਨਿਪਟਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪਹਿਲਾਂ ਹੀ ਫਾਸਟ ਟ੍ਰੈਕ ਕੋਰਟਾਂ ਚੱਲ ਰਹੀਆਂ ਹਨ। ਇਸ ਮੌਕੇ ਬਾਰ ਐਸੋਸੀਏਸ਼ਨ ਨਾਭਾ ਵੱਲੋਂ ਰੱਖੇ ਸਨਮਾਨ ਸਮਾਰੋਹ ਦੌਰਾਨ ਜਸਟਿਸ ਰਾਜਨ ਗੁਪਤਾ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨਾਲ ਸ਼ੈਸ਼ਨਜ ਜੱਜ ਪਟਿਆਲਾ ਰਜਿੰਦਰ ਅਗਰਵਾਲ, ਏਸੀਜੀਐਮ ਤ੍ਰਿਪਤਜੋਤ ਕੌਰ, ਐਸਡੀਜੇਐਮ ਨਾਭਾ ਮਾਨੀ ਅਰੋੜਾ, ਜੇਐਮਆਈ ਸੀ ਸਤਵਿੰਦਰ ਕੌਰ, ਜੇਐਮਆਈ ਸੀ ਮਹਿਮਾ ਭੁਲੇਰ, ਗਿਆਨ ਸਿੰਘ ਮੱਗੋ ਪ੍ਰਧਾਨ ਬਾਰ ਐਸ਼ੋਸੀਏਸ਼ਨ, ਹਰਜਿੰਦਰ ਸਿੰਘ ਜਨਰਲ ਸਕੱਤਰ ਆਦਿ ਸਮੇਤ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਜੂਦ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।