ਕੈਸ਼ ਦਾ ਬਚਾਅ, ਲੁੱਟਾਂ-ਖੋਹਾਂ ਦੀਆਂ ਵਧ ਰਹੀਆਂ ਵਾਰਦਾਤਾਂ ਕਾਰਨ ਲੋਕਾਂ ‘ਚ ਸਹਿਮ
ਰਵੀ ਗੁਰਮਾ/ਸ਼ੇਰਪੁਰ। ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ 50 ਫੁੱਟੀ ਸੜਕ ‘ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਲੱਗਦੇ ਏ.ਟੀ.ਐਮ. ਨੂੰ ਲੁੱਟਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਨੂੰ 11 ਵਜੇ ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਏ.ਟੀ.ਐਮ. ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਤੋੜ-ਭੰਨ੍ਹ ਕੀਤੀ ਗਈ ਅਤੇ ਏ.ਟੀ.ਐਮ ਦੇ ਬੰਦ ਪਏ ਸ਼ਟਰ ਦੇ ਜ਼ਿੰਦਰਿਆਂ ਨੂੰ ਕਿਸੇ ਚੀਜ ਨਾਲ ਕੱਟਿਆ ਗਿਆ ਪ੍ਰੰਤੂ ਚੋਰ ਏ.ਟੀ.ਐਮ.ਦੇ ਅੰਦਰ ਦਾਖਲ ਹੋਣ ਵਿੱਚ ਅਸਫਲ ਰਹੇ ਜਿਸ ਕਰਕੇ ਏ.ਟੀ.ਐਮ. ਵਿੱਚ ਪਏ ਕੈਸ਼ ਦਾ ਬਚਾਅ ਹੋ ਗਿਆ। ATM
ਜ਼ਿਕਰਯੋਗ ਹੈ ਕਿ ਇਲਾਕੇ ਵਿਚ ਲੁੱਟਾਂ ਖੋਹਾਂ ਦੀਆਂ ਵਧ ਰਹੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਕੁਝ ਦਿਨ ਪਹਿਲਾਂ ਅਣਪਛਾਤੇ ਚੋਰ ਪਿੰਡ ਫਤਿਹਗੜ੍ਹ ਪੰਜਗਰਾਈਆਂ ਵਿਖੇ ਸਟੇਟ ਬੈਂਕ ਆਫ ਇੰਡੀਆ ਦੇ ਏ.ਟੀ.ਐਮ. ਨੂੰ ਗੈਸ ਕਟਰ ਨਾਲ ਕੱਟ ਕੇ 28 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ । ਇਸ ਤੋਂ ਇਲਾਵਾ ਬੀਤੇ ਦਿਨੀਂ ਪਿੰਡ ਘਨੌਰੀ ਕਲਾਂ ਵਿਖੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਨੂੰ ਲੁੱਟਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਸੀ ਅਤੇ ਜਾਂਦੇ ਸਮੇਂ ਚੋਰ ਸਕਿਉਰਟੀ ਗਾਰਡ ਦੀ ਰਾਇਫਲ ਚੋਰੀ ਕਰਕੇ ਲੈ ਗਏ ਸਨ। ਜਿਸ ਕਰਕੇ ਲੋਕ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਹਨ।
ਕੀ ਕਹਿਣਾ ਥਾਣਾ ਮੁਖੀ ਦਾ
ਜਦੋਂ ਇਸ ਸਬੰਧੀ ਥਾਣਾ ਮੁਖੀ ਰਮਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਰਾਤ ਸਮੇਂ ਪੁਲਿਸ ਪਾਰਟੀ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ । ਜਿਸ ਕਰਕੇ ਕੈਸ਼ ਦਾ ਬਚਾਅ ਹੋ ਗਿਆ । ਬਾਕੀ ਸਾਰੀ ਘਟਨਾ ਦੀ ਬਰੀਕੀ ਨਾਲ ਹਰ ਪੱਖ ਤੋਂ ਜਾਚ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।