ਅਧਿਆਪਕ ਆਗੂਆਂ ਵੱਲੋਂ ਸਰਕਾਰ ਤੇ ਵਿਭਾਗ ਦੀ ਆਕਾਰ ਘਟਾਈ ਦਾ ਲਾਇਆ ਦੋਸ਼
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਵਿੱਦਿਅਕ ਸ਼ੈਸਨ ਸਿਖਰ ‘ਤੇ ਹੋਣ ਅਤੇ ਸਲਾਨਾ ਪ੍ਰੀਖਿਆਵਾਂ ਨਜ਼ਦੀਕ ਹੋਣ ਦੇ ਬਾਵਜੂਦ ਸਿੱਖਿਆ ਵਿਭਾਗ ਵੱਲੋਂ ਕੀਤੀ ਜਾ ਰਹੀ ਰੈਸ਼ਨੇਲਾਈਜੇਸ਼ਨ ਜਿਥੇ ਆਪਣੇ-ਆਪ ਵਿੱਚ ਇੱਕ ਸਿੱਖਿਆ ਵਿਰੋਧੀ ਅਤੇ ਗੈਰ ਸੰਵਿਧਾਨਕ ਵਰਤਾਰਾ ਹੈ, ਉਥੇ ਇਹ ਅਧਿਆਪਕਾਂ ਨੂੰ ਵਿੱਦਿਆ ਦੇ ਕੀਮਤੀ ਸਮੇਂ ਵਿੱਚ ਆਪਣੀ ਮੂਲ ਸੰਸਥਾ ਅਤੇ ਵਿਦਿਆਰਥੀਆਂ ਤੋਂ ਅਲੱਗ ਕਰਨਾ ਉਨ੍ਹਾਂ ਨਾਲ ਵੀ ਭਾਰੀ ਅਨਿਆਂ ਹੈ, ਜਿਸ ਦੇ ਵਿਰੋਧ ਵਿੱਚ ਅੱਜ ਅਧਿਆਪਕ ਸੰਘਰਸ਼ ਕਮੇਟੀ ਪਟਿਆਲਾ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਦਵਿੰਦਰ ਸਿੰਘ ਪੂਨੀਆ, ਰਣਜੀਤ ਸਿੰਘ ਮਾਨ, ਹਰਦੀਪ ਸਿੰਘ ਟੋਡਰਪੁਰ, ਮਨੋਜ ਘਈ, ਗੁਰਪ੍ਰੀਤ ਗੁਰੂ, ਵਿਕਰਮ ਦੇਵ ਸਿੰਘ, ਪਰਮਜੀਤ ਸਿੰਘ ਅਤੇ ਦੀਦਾਰ ਸਿੰਘ ਨੇ ਕਿਹਾ ਕਿ ਰੈਸ਼ਨੇਲਾਈਜੇਸ਼ਨ ਕਰਨ ਤੋਂ ਪਹਿਲਾਂ ਹੈਡ ਟੀਚਰਾਂ ਦੀਆਂ ਖਤਮ ਕੀਤੀਆਂ 1904 ਪੋਸਟਾਂ ਬਹਾਲ ਕੀਤੀਆਂ ਜਾਣ, ਸਿੱਖਿਆ ਵਿਭਾਗ ਵਿੱਚ ਰੈਸ਼ਨੇਲਾਈਜੇਸ਼ਨ ਲਾਗੂ ਕਰਨ ਤੋਂ ਪਹਿਲਾਂ ਹਰ ਕਦਰ ਦੀਆਂ ਪਦ-ਉੱਨਤੀਆਂ ਤੁਰੰਤ ਕੀਤੀਆਂ ਜਾਣ, ਸਿੱਖਿਆ ਵਿਭਾਗ ਰੈਸ਼ਨੇਲਾਈਜੇਸ਼ਨ ਪਾਲਿਸੀ ਸਿੱਖਿਆ ਸ਼ਾਸਤਰੀਆਂ ਅਤੇ ਅਧਿਆਪਕ ਜਥੇਬੰਦੀਆਂ ਦੀ ਸਰਬ ਸਹਿਮਤੀ ਨਾਲ ਤਿਆਰ ਕਰੇ।
ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਭਵਿੱਖ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਰੈਸ਼ਨੇਲਾਈਜੇਸ਼ਨ ਪਾਲਿਸੀ ਵਿੱਦਿਅਕ ਸੈਸ਼ਨ ਦੇ ਆਰੰਭ ਵਿੱਚ ਲਾਗੂ ਕੀਤੀ ਜਾਵੇ, ਰੈਸ਼ਨੇਲਾਈਜੇਸ਼ਨ ਪਾਲਿਸੀ ਦਾ ਮੰਤਵ ਮਹਿਕਮੇ ਦੀ ਆਕਾਰ ਘਟਾਈ ਨਾ ਹੋ ਕੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣਾ ਤੇ ਅਧਿਆਪਕ ਵਿਦਿਆਰਥੀ ਅਨੁਪਾਤ ਤਰਕਸੰਗਤ ਬਣਾਉਣਾ ਚਾਹੀਦਾ ਹੈ। ਅਧਿਆਪਕ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਭਵਿੱਖ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਅਧਿਆਪਕ ਆਗੂਆਂ ਨੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਮਹਿਲਾ ਡਾਕਟਰ ਲਈ ਇਨਸਾਫ ਦੀ ਮੰਗ ਕਰ ਰਹੀ ਐਕਸ਼ਨ ਕਮੇਟੀ ਦੇ ਆਗੂ ਰਾਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਅਤੇ ਫਰੀਦਕੋਟ ਜੇਲ੍ਹ ਵਿੱਚ ਸਥਾਨਕ ਵਿਧਾਇਕ ਤੇ ਪ੍ਰਸ਼ਾਸਨ ਦੀ ਸ਼ਹਿ ‘ਤੇ ਉਨ੍ਹਾਂ ਉੱਪਰ ਕਰਵਾਏ ਹਮਲੇ ਦੀ ਸਖਤ ਨਿਖੇਧੀ ਕਰਦਿਆਂ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ। ਕਮੇਟੀ ਵੱਲੋਂ ਬੇਰੁਜ਼ਗਾਰ ਟੈਟ ਪਾਸ ਈ.ਟੀ.ਟੀ.ਅਤੇ ਬੀ.ਐਡ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਉਨ੍ਹਾਂ ਦੀ ਭਰਤੀ ਲਈ ਛੇਤੀ ਤੋਂ ਛੇਤੀ ਨੋਟੀਫਿਕੇਸ਼ਨ ਜਾਰੀ ਕਰਨ ਮੰਗ ਕੀਤੀ। ਇਸ ਮੌਕੇ ਕੰਵਲ ਨੈਣ, ਪਰਮਵੀਰ ਸਿੰਘ, ਦਵਿੰਦਰ ਸਿੰਘ, ਅਵਤਾਰ ਮਾਨ, ਪ੍ਰੇਮ ਕੁਮਾਰੀ, ਵਿੱਕੀ ਸਹਿਗਲ, ਜਲਵਿੰਦਰ ਕੌਰ, ਗਗਨ ਰਾਣੂ, ਸ਼ਿਵ ਪ੍ਰੀਤ, ਚਮਕੌਰ ਸਿੰਘ, ਹਿੰਮਤ ਸਿੰਘ, ਗਗਨ ਵਸ਼ਿਸ਼ਟ, ਵਰਿੰਦਰ ਸਿੰਘ, ਚਰਨਜੀਤ ਕੌਰ, ਸਤਪਾਲ ਭੀਖੀ, ਯਾਦਵਿੰਦਰ ਕੁਮਾਰ ਅਤੇ ਹਰਪਾਲ ਸਿੰਘ ਆਦਿ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।