‘ਆਪ’ ਦੇਖ ਰਹੀ ਐ ਆਪਣਾ ਫਾਇਦਾ, ਬਲਦੇਵ ਸਿੰਘ ਨੇ ਕੀਤੀ ਘਰ ਵਾਪਸੀ ਤਾਂ ਨਹੀਂ ਚਾਹੁੰਦੀ ਕੋਈ ਕਾਰਵਾਈ
ਖਹਿਰਾ ਅਤੇ ਸੰਧੋਆ ਦੀ ਜਲਦ ਮੈਂਬਰਸ਼ਿਪ ਰੱਦ ਨਾ ਹੋਈ ਤਾਂ ਸੁਪਰੀਮ ਕੋਰਟ ਜਾਵੇਗੀ ਆਮ ਆਦਮੀ ਪਾਰਟੀ
ਅਸ਼ਵਨੀ ਚਾਵਲਾ/ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਵਿੱਚ ਸਾਰੇ ਵਿਧਾਇਕਾਂ ਲਈ ਇੱਕੋ ਜਿਹਾ ਕਾਨੂੰਨ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਲਈ ਜੈਤੋ ਤੋਂ ਵਿਧਾਇਕ ਬਲਦੇਵ ਸਿੰਘ ਦੁੱਧ ਧੋਤੇ ਹੋ ਗਏ ਹਨ, ਜਦੋਂਕਿ ਅਮਰਜੀਤ ਸਿੰਘ ਸੰਦੋਆ ਤੇ ਸੁਖਪਾਲ ਖਹਿਰਾ ਅੱਜ ਵੀ ਉਨ੍ਹਾਂ ਲਈ ਦੋਸ਼ੀ ਹਨ, ਜਿਸ ਕਾਰਨ ਇਨ੍ਹਾਂ ਦੋਹਾਂ ਵਿਧਾਇਕਾਂ ਖ਼ਿਲਾਫ਼ ਆਮ ਆਦਮੀ ਪਾਰਟੀ ਵਿਧਾਇਕੀ ਤੋਂ ਮੁਅੱਤਲੀ ਵਾਲੀ ਸਜ਼ਾ ਚਾਹੁੰਦੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਅਮਰਜੀਤ ਸਿੰਘ ਸੰਧੋਆ ਦੀ ਮਦਦ ਖ਼ੁਦ ਕਾਂਗਰਸ ਕਰਨ ਵਿੱਚ ਲੱਗੀ ਹੋਈ ਹੈ ਅਤੇ ਕਾਂਗਰਸ ਪਾਰਟੀ ਕਿਸੇ ਵੀ ਹੀਲੇ ਅਮਰਜੀਤ ਸਿੰਘ ਸੰਦੋਆ ਖ਼ਿਲਾਫ਼ ਕਾਰਵਾਈ ਨਹੀਂ ਚਾਹੁੰਦੀ
ਜਦੋਂ ਕਿ ਇਨ੍ਹਾਂ ਦੋਵਾਂ ਪਾਰਟੀਆਂ ਖ਼ਿਲਾਫ਼ ਆਪਣੀ ਖ਼ੁਦ ਦੀ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਤੋਂ ਸਮਾਂ ਮੰਗ ਮੰਗ ਕੇ ਚੋਣਾਂ ਤੱਕ ਸਮਾਂ ਟਪਾਉਣ ਤੱਕ ਦੀ ਦੌੜ ਵਿੱਚ ਹੀ ਲੱਗੇ ਹੋਏ ਹਨ। ਹਾਲਾਂਕਿ ਇਨ੍ਹਾਂ ਤਿੰਨੇ ਵਿਧਾਇਕਾਂ ਦੇ ਭਵਿੱਖ ਦਾ ਫੈਸਲਾ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਹੀ ਕਰਨਾ ਹੈ ਪਰ ਇਨ੍ਹਾਂ ਵੱਲੋਂ ਆਪਣੇ-ਆਪਣੇ ਘੋੜੇ ਦੁੜਾਉਂਦੇ ਹੋਏ ਖ਼ੁਦ ਦੀ ਸੀਟ ਬਚਾਉਣ ਦੀ ਕੋਸ਼ਿਸ਼ ਜਾਰੀ ਹੈ। ਸੁਖਪਾਲ ਖਹਿਰਾ ਦੇ ਮਾਮਲੇ ਵਿੱਚ ਤਾਂ ਆਮ ਆਦਮੀ ਪਾਰਟੀ ਵਿਧਾਇਕ ਪਾਰਟੀ ਦੇ ਲੀਡਰ ਹਰਪਾਲ ਚੀਮਾ ਵੱਲੋਂ ਸੁਪਰੀਮ ਕੋਰਟ ਜਾਣ ਦਾ ਐਲਾਨ ਤੱਕ ਕੀਤਾ ਹੋਇਆ ਹੈ, ਕਿਉਂਕਿ ਜਲਦ ਹੀ ਉਹ ਸੁਖਪਾਲ ਖਹਿਰਾ ਨੂੰ ਵਿਧਾਨ ਸਭਾ ਤੋਂ ਬਾਹਰ ਚਾਹੁੰਦੇ ਹਨ।
ਸੀਟ ਬਚਾਉਣ ਲਈ ਤਿੰਨੇ ਵਿਧਾਇਕ ਲਾ ਰਹੇ ਨੇ ਪੂਰਾ ਤਾਣ
ਹਾਲਾਂਕਿ ਸੁਪਰੀਮ ਕੋਰਟ ਜਾਣ ਤੋਂ ਬਾਅਦ ਇਸ ਮਾਮਲੇ ਵਿੱਚ ਸੇਕ ਮਾਸਟਰ ਬਲਦੇਵ ਸਿੰਘ ਨੂੰ ਵੀ ਨਾ ਲੱਗ ਜਾਵੇ, ਇਸ ਦਾ ਡਰ ਵੀ ਆਮ ਆਦਮੀ ਪਾਰਟੀ ਨੂੰ ਸਤਾ ਰਿਹਾ ਹੈ। ਮਾਸਟਰ ਬਲਦੇਵ ਸਿੰਘ ਨੇ ਵੀ ਸੁਖਪਾਲ ਖਹਿਰਾ ਵਾਂਗ ਆਪਣੀ ਖ਼ੁਦ ਦੀ ਪਾਰਟੀ ਛੱਡ ਦੂਜੀ ਪਾਰਟੀ ਤੋਂ ਲੋਕ ਸਭਾ ਦੀ ਚੋਣ ਲੜੀ ਸੀ, ਜਿਸ ਕਾਰਨ ਦੋਵਾਂ ਖ਼ਿਲਾਫ਼ ਦੋਸ਼ ਵੀ ਇੱਕ ਬਰਾਬਰ ਹੈ। ਇੱਥੇ ਹੀ ਇਹ ਵੀ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਮਾਸਟਰ ਬਲਦੇਵ ਸਿੰਘ ਖ਼ਿਲਾਫ਼ ਜਿਹੜੀ ਸ਼ਿਕਾਇਤ ਵਿਧਾਨ ਸਭਾ ਵਿੱਚ ਹੋਈ ਸੀ, ਉਹ ਆਮ ਆਦਮੀ ਪਾਰਟੀ ਦੇ ਦਖਲ ਕਾਰਨ ਹੀ ਵਾਪਸ ਹੋਈ ਹੈ, ਜਦੋਂ ਕਿ ਬਾਕੀ ਦੋਹਾਂ ਖ਼ਿਲਾਫ਼ ਖ਼ੁਦ ਆਮ ਆਦਮੀ ਪਾਰਟੀ ਸ਼ਿਕਾਇਤ ਕਰਤਾ ਬਣ ਕੇ ਆਪਣੇ ਸਟੈਂਡ ‘ਤੇ ਖੜ੍ਹੀ ਹੈ।
ਸਪੀਕਰ ਦੇ ਪਾਲੇ ‘ਚ ਗੇਂਦ
ਤਿੰਨ ਵਿਧਾਇਕਾਂ ਖ਼ਿਲਾਫ਼ ਚੱਲ ਰਹੇ ਦਲ ਬਦਲੂ ਕਾਨੂੰਨ ਵਿੱਚ ਹੁਣ ਗੇਂਦ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਪਾਲੇ ਵਿੱਚ ਹੀ ਹੈ, ਜਿਸ ਕਾਰਨ ਹੁਣ ਸਪੀਕਰ ਰਾਣਾ ਕੇ.ਪੀ. ਸਿੰਘ ਚਾਹੁਣ ਤਾਂ ਇਨ੍ਹਾਂ ਤਿੰਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਜੇਕਰ ਉਹ ਨਾ ਚਾਹੁਣ ਤਾਂ ਕੋਈ ਵੀ ਕਾਰਵਾਈ ਨਹੀਂ ਹੋ ਸਕਦੀ ਹੈ। ਜਿੱਥੋਂ ਤੱਕ ਮਾਮਲਾ ਮਾਸਟਰ ਬਲਦੇਵ ਸਿੰਘ ਦਾ ਹੈ ਤਾਂ ਸ਼ਿਕਾਇਤ ਵਾਪਸੀ ਤੋਂ ਬਾਅਦ ਵੀ ਸਾਰੇ ਅਖਤਿਆਰ ਸਪੀਕਰ ਕੋਲ ਹੀ ਰਾਖਵੇਂ ਹਨ, ਕਿਉਂਕਿ ਸ਼ਿਕਾਇਤ ਨਾਲ ਮਿਲੇ ਸਬੂਤ ਇਹ ਸਾਬਤ ਕਰਦੇ ਹਨ ਕਿ ਮਾਸਟਰ ਬਲਦੇਵ ਸਿੰਘ ਨੇ ਦਲ ਬਦਲੂ ਕਾਨੂੰਨ ਨੂੰ ਤੋੜਿਆ ਹੈ। ਜੇਕਰ ਸਪੀਕਰ ਰਾਣਾ ਕੇ.ਪੀ. ਸਿੰਘ ਚਾਹੁਣ ਤਾਂ ਇਸ ਸ਼ਿਕਾਇਤ ਦੇ ਵਾਪਸ ਹੋਣ ਦੇ ਬਾਅਦ ਵੀ ਮਾਸਟਰ ਬਲਦੇਵ ਸਿੰਘ ਖ਼ਿਲਾਫ਼ ਕਾਰਵਾਈ ਕਰ ਸਕਦੇ ਹਨ।
ਕਾਂਗਰਸ ਪਾਰਟੀ ਖੜ੍ਹੀ ਐ ਸੰਦੋਆ ਦੇ ਹੱਕ ਵਿੱਚ
ਅਮਰਜੀਤ ਸੰਦੋਆ ਦੇ ਹੱਕ ਵਿੱਚ ਕਾਂਗਰਸ ਪਾਰਟੀ ਖੜ੍ਹੀ ਹੈ, ਜਿਸ ਕਾਰਨ ਹੀ ਵਿਧਾਨ ਸਭਾ ਵਿੱਚ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਹੋਣ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਖ਼ੁਦ ਅਮਰਜੀਤ ਸਿੰਘ ਸੰਦੋਆ ਪੂਰੀ ਤਰ੍ਹਾਂ ਆਤਮ ਵਿਸ਼ਵਾਸ ਨਾਲ ਕਹਿ ਰਹੇ ਹਨ ਕਿ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਜਲਦ ਹੀ ਸੰਭਵ ਨਹੀਂ ਹੈ। ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਦੇ ਨਾਲ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਉਹ ਲਗਾਤਾਰ ਸੰਪਰਕ ਵਿੱਚ ਵੀ ਹਨ, ਜਿਸ ਕਾਰਨ ਅਮਰਜੀਤ ਸਿੰਘ ਸੰਦੋਆ ਨੇ ਇੱਥੇ ਕਾਂਗਰਸ ਪਾਰਟੀ ਦੇ ਸਾਥ ਬਾਰੇ ਪੁੱਛਣ ‘ਤੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਤਰੀ ਅਮਰਿੰਦਰ ਸਿੰਘ ਪ੍ਰਤੀ ਪੂਰੀ ਆਸਥਾ ਹੈ ਅਤੇ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਪੂਰਾ ਵਿਸ਼ਵਾਸ ਕਰਦੇ ਹਨ। ਅਮਰਜੀਤ ਸੰਦੋਆ ਵੱਲੋਂ ਇਹ ਸ਼ਬਦਾਂ ਦੀ ਵਰਤੋਂ ਕਰਨਾ ਹੀ ਆਪਣੇ ਆਪ ਵਿੱਚ ਸਾਰਾ ਕੁਝ ਸਾਫ਼ ਕਰ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।