ਖਾਲੀ ਖਜਾਨੇ ਨੂੰ ਭਰਨ ਲਈ ਯੂਨੀਵਰਸਿਟੀ ਵਿਰੁੱਧ ਵਿਦਿਆਰਥੀ ਜਥੇਬੰਦੀਆਂ ‘ਚ ਰੋਸ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਵਿਦਿਆਰਥੀਆਂ ਨੂੰ ਦਿੱਤੇ ਸਪੈਸ਼ਲ ਚਾਂਸ ਰਾਹੀਂ ਆਪਣੇ ਖਾਲੀ ਪਏ ਖਜਾਨੇ ਨੂੰ ਭਰਨ ਦਾ ਕਾਰੋਬਾਰ ਲਗਾਤਾਰ ਜਾਰੀ ਹੈ। ਇਸ ਸਪੈਸ਼ਲ ਚਾਂਸ ਰਾਹੀਂ ਯੂਨੀਵਰਸਿਟੀ ਵੱਲੋਂ ਇੱਕ ਵਿਦਿਆਰਥੀ ਤੋਂ ਲਗਭਗ 40 ਹਜ਼ਾਰ ਰੁਪਏ ਇਕੱਠੇ ਕੀਤੇ ਜਾ ਰਹੇ ਹਨ। ਹੁਣ ਯੂਨੀਵਰਸਿਟੀ ਵੱਲੋਂ ਇਸ ਸਪੈਸ਼ਲ ਚਾਂਸ ਦੀ ਤਰੀਕ ਨੂੰ ਦੂਜੀ ਵਾਰ ਵਧਾਉਂਦਿਆਂ 24 ਜਨਵਰੀ 2020 ਤੱਕ 15 ਹਜ਼ਾਰ ਲੇਟ ਫੀਸ ਲਾਉਂਦਿਆਂ ਲਗਭਗ 55 ਹਜ਼ਾਰ ਰੁਪਏ ‘ਚ ਵਿਦਿਆਰਥੀਆਂ ਨੂੰ ਆਪਣੀ ਪਿਛਲੇ ਪੇਪਰਾਂ ਦੀ ਰੀ-ਅਪੀਅਰ ਤੇ ਇੰਪਰੂਵਮੈਂਟ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ। ਉਂਜ ਯੂਨੀਵਰਸਿਟੀ ਵੱਲੋਂ ਇਸ ਵਿਸ਼ੇਸ ਚਾਂਸ ਰਾਹੀਂ ਵਿਦਿਆਰਥੀਆਂ ‘ਤੇ ਚਲਾਏ ਇਸ ਕੁਹਾੜੇ ਦਾ ਵਿਦਿਆਰਥੀ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ ਤੇ ਇਸ ਨੂੰ ਬਾਬੇ ਨਾਨਕ ਦੇ ਨਾਂਅ ‘ਤੇ ਵਿਦਿਆਰਥੀਆਂ ਦੀ ਲੁੱਟ ਦਾ ਨਾਂਅ ਦਿੱਤਾ ਗਿਆ ਸੀ।
ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਸਪੈਸ਼ਲ ਮੌਕਾ ਦਿੱਤਾ ਗਿਆ ਸੀ ਜੋ ਦੇ ਪਿਛਲੇ ਸਮੇਂ ਦੌਰਾਨ ਪੇਪਰਾਂ ‘ਚੋਂ ਆਈ ਰੀ-ਅਪੀਅਰ ਨੂੰ ਅਪੀਅਰ ਕਰਨ ਜਾਂ ਇੰਪਰੂਵਮੈਂਟ ਕਰਵਾਉਣ ਦੇ ਇੱਛੁਕ ਸਨ। ਇਸ ਸਬੰਧੀ ਯੂਨੀਵਰਸਿਟੀ ਵੱਲੋਂ 35000 ਹਜ਼ਾਰ ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ ਅਤੇ ਵਿਦਿਆਰਥੀ ਨੂੰ ਪ੍ਰੀਖਿਆ ਫਾਰਮ ਦੇ ਨਾਲ ਇਹ ਫੀਸ 39500 ਰੁਪਏ ਤੱਕ ਜਾ ਅੱਪੜਦੀ ਹੈ।
ਰੀ-ਅਪੀਅਰ ਅਤੇ ਇੰਪਰੂਵਮੈਂਟ ਲਈ ਦੂਜੀ ਵਾਰ ਵਧਾਇਆ ਸਮਾਂ
ਯੂਨੀਵਰਸਿਟੀ ਵੱਲੋਂ ਇਸ ਸਪੈਸ਼ਲ ਮੌਕੇ ਦੀ ਤਰੀਕ ਨੂੰ ਪਹਿਲਾਂ 2 ਦਸੰਬਰ ਤੱਕ ਵਧਾ ਦਿੱਤਾ ਗਿਆ ਸੀ, ਪਰ ਇਸ ਦੌਰਾਨ ਕਿਸੇ ਪ੍ਰਕਾਰ ਦੀ ਲੇਟ ਫੀਸ ਨਹੀਂ ਲਾਈ ਸੀ। ਹੁਣ ਯੂਨੀਵਰਸਿਟੀ ਵੱਲੋਂ ਦੂਜੀ ਵਾਰ ਇਸ ਵਿਸ਼ੇਸ ਮੌਕੇ ਦੀ ਤਰੀਕ 24 ਜਨਵਰੀ 2020 ਤੱਕ ਵਧਾਉਂਦਿਆਂ 15 ਹਜ਼ਾਰ ਲੇਟ ਫੀਸ ਲਾ ਦਿੱਤੀ ਗਈ ਹੈ। ਪ੍ਰੀਖਿਆ ਫਾਰਮ ਨਾਲ 39500 ਰੁਪਏ ਫੀਸ ਤੋਂ ਇਲਾਵਾ ਹੁਣ ਵਿਦਿਆਰਥੀਆਂ ਨੂੰ ਲੇਟ ਫੀਸ ਨਾਲ ਲਗਭਗ 55 ਹਜ਼ਾਰ ਰੁਪਏ ਵਿੱਚ ਇਹ ਸਪੈਸ਼ਲ ਮੌਕਾ ਪਵੇਗਾ। ਪਤਾ ਲੱਗਾ ਹੈ ਕਿ ਯੂਨੀਵਰਸਿਟੀ ਕੋਲ ਵੱਖ-ਵੱਖ ਵਿਸ਼ਿਆਂ ਦੇ ਕਾਫੀ ਵਿਦਿਆਰਥੀ ਆਏ ਹਨ, ਜਿਸ ਕਾਰਨ ਯੂਨੀਵਰਸਿਟੀ ਲਾਲਚ ਵੱਸ ਲੇਟ ਫੀਸ ਨਾਲ ਹੋਰ ਮੌਕਾ ਦੇ ਕੇ ਪੈਸੇ ਇਕੱਠੇ ਕਰਨ ‘ਤੇ ਲੱਗੀ ਹੋਈ ਹੈ। ਇੱਕ ਵਿਦਿਆਰਥੀ ਆਗੂ ਦਾ ਕਹਿਣਾ ਸੀ ਕਿ ਜਿੰਨੀ ਯੂਨੀਵਰਸਿਟੀ ਵੱਲੋਂ ਸਪੈਸ਼ਲ ਮੌਕੇ ਦੀ ਫੀਸ ਰੱਖੀ ਗਈ ਹੈ
ਉਸ ਨਾਲੋਂ ਅੱਧੀ ਫੀਸ ਵਿੱਚ ਤਾਂ ਵਿਦਿਆਰਥੀ ਸਰਕਾਰੀ ਕਾਲਜ ‘ਚੋਂ ਆਪਣੀ ਗੈਜੂਏਸ਼ਨ ਪੂਰੀ ਕਰ ਲੈਂਦਾ ਹੈ। ਉਸ ਦਾ ਕਹਿਣਾ ਸੀ ਕਿ ਯੂਨੀਵਰਸਿਟੀ ਆਪਣੇ ਮਿਸ਼ਨ ਤੋਂ ਭਟਕ ਚੁੱਕੀ ਹੈ ਤੇ ਸਿਰਫ਼ ਆਪਣੇ ਖਾਲੀ ਖਜਾਨੇ ਨੂੰ ਭਰਨ ‘ਤੇ ਲੱਗੀ ਹੋਈ ਹੈ। ਸੰਗਰੂਰ ਜ਼ਿਲ੍ਹੇ ਦੀ ਇੱਕ ਵਿਦਿਆਰਥਣ ਨੇ ਦੱਸਿਆ ਕਿ ਉਸ ਨੇ ਕਰਜ਼ਾ ਚੁੱਕ ਕੇ ਇਸ ਸਪੈਸ਼ਲ ਮੌਕੇ ਦੀ ਫੀਸ ਅਦਾ ਕੀਤੀ ਗਈ ਹੈ, ਕਿਉਂਕਿ ਉਸਦਾ ਪਰਿਵਾਰ ਐਨੀ ਜਿਆਦਾ ਫੀਸ ਅਦਾ ਕਰਨ ਦੇ ਸਮਰੱਥ ਨਹੀਂ ਸੀ।
ਦੱਸਣਯੋਗ ਹੈ ਕਿ ਯੂਨੀਵਰਸਿਟੀ ਦੇ ਇਸ ਫੈਸਲੇ ਦਾ ਵਿਦਿਆਰਥੀ ਜਥੇਬੰਦੀਆਂ ਸਮੇਤ ਬੁੱਧੀਜੀਵੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਯੂਨੀਵਰਸਿਟੀ ਸਿਰਫ਼ ਆਪਣੇ ਖਾਲੀ ਖਜਾਨੇ ਨੂੰ ਭਰਨ ਲਈ ਹੀ ਐਨੀ ਮੋਟੀ ਰਕਮ ਵਸੂਲ ਕਰ ਰਹੀ ਹੈ ਜਦਕਿ ਯੂਨੀਵਰਸਿਟੀ ਦਾ ਕੁਝ ਵੀ ਖਰਚ ਨਹੀਂ ਹੋਣਾ। ਯੂਨੀਵਰਸਿਟੀ ਦੀ ਮੌਜੂਦਾ ਹਾਲਤ ਇਹ ਹੈ ਕਿ ਉਹ 200 ਕਰੋੜ ਰੁਪਏ ਦੇ ਘਾਟੇ ਵਿੱਚ ਚੱਲ ਰਹੀ ਹੈ ਅਤੇ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਤੋਂ ਔਖੀ ਹੋਈ ਪਈ ਹੈ। ਇਸ ਲਈ ਯੂਨੀਵਰਸਿਟੀ ਵੱਲੋਂ ਸਪੈਸ਼ਲ ਮੌਕੇ ਰਾਹੀਂ ਵਿਦਿਆਰਥੀਆਂ ਦੀ ਸੰਘੀ ਘੁੱਟੀ ਗਈ ਹੈ।
ਯੂਨੀਵਰਸਿਟੀ ਵਪਾਰ ਦੇ ਰਾਹ ਤੁਰੀ: ਕੁਲਵਿੰਦਰ ਸਿੰਘ
ਪੰਜਾਬ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਨਦਾਮਪੁਰ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵੱਲੋਂ ਸਪੈਸ਼ਲ ਮੌਕੇ ਰਾਹੀਂ ਵਿਦਿਆਰਥੀਆਂ ਨਾਲ ਸ਼ਰੇਆਮ ਲੁੱਟ ਹੈ। ਉਨ੍ਹਾਂ ਕਿਹਾ ਕਿ ਮਾਲਵੇ ਵਿੱਚ ਤਾਂ ਪਹਿਲਾਂ ਹੀ ਕਿਸਾਨ ਅਤੇ ਬੇਰੁਜ਼ਗਾਰ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ, ਜਿਸ ਕਾਰਨ ਯੂਨੀਵਰਸਿਟੀ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਲਗਭਗ 15 ਹਜ਼ਾਰ ਰੁਪਏ ਦੀ ਫੀਸ ਨਾਲ ਹੀ ਇਹ ਵਿਸ਼ੇਸ਼ ਮੌਕਾ ਦਿੰਦੀ। ਯੂਨੀਵਰਸਿਟੀ ਵੱਲੋਂ ਲਾਏ ਜਾ ਰਹੇ ਇਸ ਵੱਡੇ ਟੱਕ ਨਾਲ ਗਰੀਬ ਵਿਦਿਆਰਥੀ ਇਸ ਵਿਸ਼ੇਸ ਮੌਕੇ ਤੋਂ ਖੁੰਝ ਜਾਣਗੇ ਅਤੇ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਸਿੱਖਿਆ ਦੇ ਵਪਾਰੀਕਰਨ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਇਹ ਵਿਦਿਆਰਥੀਆਂ ਦੀ ਬੌਧਿਕ ਨਸਲਕੁਸ਼ੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।