strike | ਪਿਛਲੇ ਡੇਢ ਸਾਲ ਤੋਂ ਅਦਾਲਤ ‘ਚ ਪੇਸ਼ ਨਾ ਕੀਤੇ ਜਾਣ ਦਾ ਲਾਇਆ ਦੋਸ਼
ਨਾਭਾ (ਤਰੁਣ ਕੁਮਾਰ ਸ਼ਰਮਾ) ਇੱਥੇ ਸਥਿੱਤ ਪੰਜਾਬ ਦੀ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਨਾਭਾ ਮੈਕਸੀਮਮ ਸਕਿਊਰਟੀ ਜ਼ੇਲ੍ਹ ਉਸ ਸਮੇਂ ਮੁੜ ਸੁਰੱਖੀਆਂ ਵਿੱਚ ਆ ਗਈ ਜਦੋਂ ਇਸ ਵਿੱਚ ਬੰਦ ਪੰਜ ਹਵਾਲਾਤੀ ਭੁੱਖ ਹੜਤਾਲ ‘ਤੇ ਬੈਠ ਗਏ। ਇਨ੍ਹਾਂ ਹਵਾਲਾਤੀਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਪਿਛਲੇ ਡੇਢ ਸਾਲ ਤੋਂ ਅਦਾਲਤ ਵਿੱਚ ਪੇਸ਼ ਨਹੀ ਕੀਤਾ ਜਾ ਰਿਹਾ ਹੈ ਅਤੇ ਅਜਿਹਾ ਸਿਰਫ ਉਨ੍ਹਾਂ ਦੇ ਕੇਸ ਨੂੰ ਲਟਕਾਉਣ ਲਈ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨਾਭਾ ਦੀ ਮੈਕਸੀਮਮ ਸਕਿਊਰਟੀ ਜ਼ੇਲ੍ਹ ਵਿੱਚ ਸਾਲ 2017 ਵਿੱਚ ਆਰਮਜ਼ ਐਕਟ ਦੀਆਂ ਧਾਰਾਵਾਂ ਹੇਠ ਐਫ ਆਈ ਆਰ ਨੰ 110 ਅਧੀਨ ਮੋਹਾਲੀ ਅਦਾਲਤ ਵਿਖੇ ਚੱਲਦੇ ਕੇਸ ਦੇ ਹਰਬਿੰਦਰ ਸਿੰਘ, ਰਣਦੀਪ ਸਿੰਘ, ਪਰਮਿੰਦਰ ਸਿੰਘ, ਜਰਨੈਲ ਸਿੰਘ, ਸਤਨਾਮ ਸਿੰਘ ਨਾਮੀ ਪੰੰਜ ਮੁਲਜਮ ਹਵਾਲਾਤੀ ਵਜੋਂ ਬੰਦ ਹਨ।
ਇਨ੍ਹਾਂ ਮੁਲਜਮਾਂ ਨੂੰ ਪਿਛਲੇ ਡੇਢ ਸਾਲ ਤੋਂ ਮਾਣਯੋਗ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਰਿਹਾ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਮੁਲਜਮਾਂ ਦੀ ਵਕੀਲ ਐਡਵੋਕੇਟ ਕੁਲਵਿੰਦਰ ਕੌਰ ਮੋਹਾਲੀ ਨੇ ਕਿਹਾ ਕਿ ਮਾਮਲੇ ਨੂੰ ਲਟਕਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਮਾਮਲੇ ਦੇ ਮੁਲਜਮਾਂ ਨੂੰ ਪਿਛਲੇ ਡੇਢ ਸਾਲ ਤੋ ਮਾਣਯੋਗ ਅਦਾਲਤ ਦੇ ਹੁਕਮ ਹੋਣ ਬਾਵਜੂਦ ਪੇਸ਼ ਨਹੀ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਵੱਲੋ ਵੀਡੀਉ ਕਾਨਫਰਸਿੰਗ ਰਾਹੀਂ ਪੇਸ਼ ਕੀਤੇ ਜਾਣ ਦੇ ਹੁਕਮ ਵੀ ਮੰਨੇ ਨਹੀ ਜਾ ਰਹੇ ਹਨ। ਐਡਵੋਕੇਟ ਕੁਲਵਿੰਦਰ ਕੌਰ ਨੇ ਅੱਗੇ ਮੁਲਜਮਾਂ ਨੂੰ ਯਕੀਨੀ ਤੋਰ ‘ਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਸੰਬੰਧੀ ਅਦਾਲਤ ਵੱਲੋਂ ਕਈ ਵਾਰ ਜਾਰੀ ਕੀਤੇ ਆਦੇਸ਼ ਦਿਖਾਉਂਦਿਆਂ ਉਨ੍ਹਾਂ ਕਿਹਾ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਸੰਬੰਧੀ ਪੁਲਿਸ ਅਤੇ ਜੇਲ ਪ੍ਰਸ਼ਾਸ਼ਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਹੈ ਜਿਸ ਕਾਰਨ ਮਾਮਲਾ ਆਪਣੀ ਰਫਤਾਰ ਪਕੜ ਨਹੀ ਪਾ ਰਿਹਾ ਹੈ।
ਉਨਾਂ ਮਾਮਲੇ ਦੇ ਜੇਲ ਅੰਦਰ ਬੰਦ ਮੁਲਜ਼ਮਾਂ ਦੇ ਜਾਰੀ ਕੀਤੇ ਪ੍ਰੈਸ ਨੋਟ ਨੂੰ ਦਿਖਾਉਂਦਿਆਂ ਕਿਹਾ ਕਿ ਇਹ ਉਨਾਂ ਨੂੰ ਜੇਲ ਅੰਦਰ ਬੰਦ ਸੰਬੰਧਤ ਹਵਾਲਾਤੀਆਂ ਵੱਲੋ ਭੇਜ ਕੇ ਪ੍ਰੈਸ ਵਿੱਚ ਰਿਲੀਜ ਕਰਨ ਨੂੰ ਕਿਹਾ ਗਿਆ ਹੈ। ਪ੍ਰੈਸ ਨੋਟ ਅਨੁਸਾਰ ਜ਼ੇਲ੍ਹ ਅੰਦਰ ਬੰਦ ਉਪਰੋਕਤ ਪੰਜ ਹਵਾਲਾਤੀ ਭੁੱਖ ਹੜਤਾਲ ‘ਤੇ ਬੈਠੇ ਹਨ ਜਦਕਿ ਮਾਮਲੇ ਦੀ ਇੱਕ ਹੋਰ ਮਹਿਲਾ ਮੁਲਜ਼ਮ ਬੀਬੀ ਅੰਮ੍ਰਿਤਪਾਲ ਕੌਰ ਨਾਮੀ ਹਵਾਲਾਤੀ ਪਟਿਆਲਾ ਕੇਂਦਰੀ ਜ਼ੇਲ੍ਹ ਵਿੱਚ 5 ਤਾਰੀਖ ਤੋਂ ਭੁੱਖ ਹੜਤਾਲ ‘ਤੇ ਹੋਣ ਦਾ ਦਾਅਵਾ ਵੀ ਕੀਤਾ ਗਿਆ ਹੈ। ਮੁਲਜਮਾਂ ਵੱਲੋਂ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਅੱਗੇ ਪਈ ਹੋਈ 20 ਦਸੰਬਰ ਦੀ ਤਾਰੀਖ ਨੂੰ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਯਕੀਨੀ ਹੋ ਜਾਵੇ।
ਮੁਲਜਮਾਂ ਨੂੰ ਵੀਡੀਓ ਕਾਨਫਰਸਿੰਗ ਰਾਹੀਂ ਕੀਤਾ ਜਾ ਰਿਹਾ ਪੇਸ਼ : ਜੇਲ੍ਹਰ ਭੰਗੂ
ਦੂਜੇ ਪਾਸੇ ਮਾਮਲੇ ਸੰਬੰਧੀ ਆਪਣਾ ਪੱਖ ਪੇਸ਼ ਕਰਦਿਆਂ ਜ਼ੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਵੱਲੋਂ ਦਾਅਵਾ ਕੀਤਾ ਗਿਆ ਕਿ ਮਾਮਲੇ ਦੇ ਸੰਬੰਧਤ ਮੁਲਜਮਾਂ ਨੂੰ ਜ਼ੇਲ੍ਹ ਪ੍ਰਸ਼ਾਸ਼ਨ ਵੱਲੋਂ ਵੀਡੀਓ ਕਾਨਫਰਸਿੰਗ ਰਾਹੀ ਪੇਸ਼ ਕੀਤਾ ਜਾ ਰਿਹਾ ਹੈ ਤੇ ਜ਼ੇਲ੍ਹ ਅੰਦਰ ਮੌਜ਼ੂਦਾ ਸਮੇਂ ਕੋਈ ਵੀ ਹਵਾਲਾਤੀ ਜਾਂ ਕੈਦੀ ਭੁੱਖ ਹੜਤਾਲ ‘ਤੇ ਨਹੀਂ ਹੈ। ਉਨ੍ਹਾਂ ਕਿਹਾ ਕਿ ਮੌਜ਼ੂਦਾ ਸਮੇਂ ਜ਼ੇਲ੍ਹ ਅੰਦਰ ਸਭ ਕੁਝ ਠੀਕ-ਠਾਕ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।