ਸਕੂਲ ਸਿੱਖਿਆ ਸੁਧਾਰ ਮੁਹਿੰਮ ਸਮੇਂ ਦੀ ਲੋੜ
ਬਲਜਿੰਦਰ ਜੌੜਕੀਆਂ
ਸਿੱਖਿਆ ਵਿਭਾਗ ਪੰਜਾਬ ਅੰਦਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਕੂਲਾਂ ਨੂੰ ਸੋਹਣੇ ਬਣਾਉਣ ਅਤੇ ਪੜ੍ਹਾਈ ਦਾ ਪੱਧਰ ਉੱਪਰ ਚੁੱਕਣ ਲਈ ਜ਼ਬਰਦਸਤ ਯਤਨ ਹੋ ਰਹੇ ਹਨ। ਸਕੂਲ ਸੁਧਾਰਾਂ ਨੂੰ ਜਨਤਕ ਲਹਿਰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਮਾਰਟ ਸਕੂਲ ਲਹਿਰ ਤਹਿਤ ਸਕੂਲਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਸਕੂਲੀ ਇਮਾਰਤਾਂ ਨੂੰ ਵੀ ਦਿਲਕਸ਼ ਬਣਾਇਆ ਜਾ ਰਿਹਾ ਹੈ। ਜਨਤਕ ਸਿੱਖਿਆ ਦੇ ਗੁਣਾਤਮਕ ਵਿਕਾਸ ਲਈ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਨਵੀਨਤਮ ਅਧਿਆਪਕ ਜੁਗਤਾਂ ਅਤੇ ਡਿਜ਼ੀਟਲ ਵਿਧੀਆਂ ਰਾਹੀਂ ਪੜ੍ਹਾਈ ਕਰਵਾਈ ਜਾ ਰਹੀ ਹੈ।
ਮੀਟਿੰਗਾਂ ਦਾ ਦੌਰ, ਹਰ ਸ਼ੁੱਕਰਵਾਰ ਮੁੱਖ ਦਫ਼ਤਰ ਤੋਂ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਾਂ, ਅਧਿਆਪਕ ਸਿਖਲਾਈ ਪ੍ਰੋਗਰਾਮ, ਬੱਚਿਆਂ ਦੀ ਬੌਧਿਕ ਪੱਧਰ ਅਨੁਸਾਰ ਦਰਜਾਬੰਦੀ, ਬੱਚਿਆਂ ਦੇ ਸ਼ਬਦ ਭੰਡਾਰ ਵਿਚ ਵਾਧਾ ਕਰਨ ਲਈ ਸਵੇਰ ਦੀ ਸਭਾ ਦੌਰਾਨ ਅੱਜ ਦਾ ਸ਼ਬਦ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਪ੍ਰਸਤੁਤ ਕੀਤਾ ਜਾਂਦਾ ਹੈ। ਬੱਚਿਆਂ ਦੇ ਆਮ ਗਿਆਨ ਵਿੱਚ ਵਾਧਾ ਕਰਨ ਲਈ ਉਡਾਨ ਪ੍ਰਾਜੈਕਟ, ਗਿਆਨ ਉਤਸਵ ਰਾਹੀਂ ਇੱਕੋ ਦਿਨ ਪੰਜਾਬ ਦੇ ਸਾਰੇ ਬੱਚਿਆਂ ਦਾ ਟੈਸਟ, ਗੁਣਾਤਮਕ ਸਿੱਖਿਆ ਵਿਕਾਸ ਪ੍ਰਾਜੈਕਟਾਂ ਤਹਿਤ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਵਿਸ਼ੇਸ਼ ਮਟੀਰੀਅਲ ਦੀ ਸਪਲਾਈ, ਸੋਸ਼ਲ ਮੀਡੀਆ ਰਾਹੀਂ ਬੱਚਿਆਂ ਦੇ ਮਾਪਿਆਂ ਤੇ ਸਮਾਜ ਦੇ ਵੱਖ-ਵੱਖ ਵਰਗਾਂ ਤੱਕ ਪਹੁੰਚ ਆਦਿ ਅਨੇਕਾਂ ਪੱਖਾਂ ਤੋਂ ਸਰਕਾਰੀ ਸਕੂਲਾਂ ਦੀ ਦਸ਼ਾ ਅਤੇ ਦਿਸ਼ਾ ਸੁਧਾਰਨ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ।
ਬਿਨਾਂ ਸ਼ੱਕ ਸਕੂਲਾਂ ਅੰਦਰ ਨਵੀਂ ਰੌਸ਼ਨੀ ਪੈਦਾ ਹੋਈ ਹੈ, ਸਕੂਲ ਮੁਖੀਆਂ ਨੂੰ ਆਪਣੀ ਜ਼ਿੰਮੇਵਾਰੀ ਦਾ ਪਤਾ ਲੱਗਾ ਹੈ, ਅਧਿਆਪਕ ਆਪਣੀਆਂ ਜੇਬ੍ਹਾਂ ‘ਚੋਂ ਅਤੇ ਸਮਾਜ ਦੀ ਮੱਦਦ ਨਾਲ ਸਕੂਲਾਂ ਨੂੰ ਰੰਗ-ਰੋਗਨ ਕਰ ਰਹੇ ਹਨ। ਰੰਗ ਵੀ ਵਿਸ਼ੇਸ਼ ਕਲਰ ਕੋਡਿੰਗ ਤਹਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੱਟੀਆਂ ਤੇ ਚਮਕਦਾਰ ਬਾਰਡਰ ਲਾ ਕੇ ਸਕੂਲਾਂ ਨੂੰ ਆਕਰਸ਼ਕ ਦਿੱਖ ਦਿੱਤੀ ਜਾ ਰਹੀ ਹੈ। ਬੱਚਿਆਂ ਦੇ ਗੁਣਾਤਮਿਕ ਵਿਕਾਸ ਲਈ ਬਾਲਾ (Âਅਛਅ- ਬੂੜਫ਼ਮੜਗ਼ਲ ਫੀਂ ਫ ਫ਼ਯਫਗ਼ਿੜਗ਼ਲ ਫੜਮ) ਨੂੰ ਪ੍ਰਮੁੱਖਤਾ ਨਾਲ ਲਾਗੂ ਕੀਤਾ ਗਿਆ ਹੈ। ਔਖੇ ਵਿਸ਼ਿਆਂ ਨਾਲ ਸਬੰਧਤ ਫਾਰਮੂਲੇ, ਪ੍ਰਮੁੱਖ ਤੱਥਾਂ ਨੂੰ ਕੰਧਾਂ ਉੱਪਰ ਲਿਖ ਕੇ ਉਨ੍ਹਾਂ ਦੀ ਜਾਣ-ਪਛਾਣ ਬੱਚਿਆਂ ਨਾਲ ਕਾਰਵਾਈ ਰਹੀ ਹੈ। ਥਮਲਿਆਂ Àੁੱਪਰ ਵੱਖ-ਵੱਖ ਥੀਮਾਂ ਤਹਿਤ ਜਾਣਕਾਰੀ ਲਿਖ ਦਿੱਤੀ ਗਈ ਹੈ।
ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਅੰਗਰੇਜ਼ੀ ਪ੍ਰਤੀ ਡਰ ਖ਼ਤਮ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ, ਇਸ ਤਹਿਤ ਬੱਚਿਆਂ ਨੂੰ ਇੰਗਲਿਸ਼ ਸਪੀਕਿੰਗ ਦਾ ਲਗਾਤਾਰ ਅਭਿਆਸ ਕਰਾਇਆ ਜਾ ਰਿਹਾ ਹੈ ਬੱਚਿਆਂ ਅੰਦਰ ਅੰਗਰੇਜ਼ੀ ਭਾਸ਼ਾ ਦੇ ਸੁਣਨ ,ਬੋਲਣ, ਪੜ੍ਹਨ ਅਤੇ ਲਿਖਣ ਹੁਨਰਾਂ ਦੇ ਵਿਕਾਸ ਲਈ ਅੰਗਰੇਜ਼ੀ ਅਭਿਆਸ ਸੀਟਾਂ ‘ਕੱਲੇ- ‘ਕੱਲੇ ਬੱਚੇ ਲਈ ਮੁਹੱਈਆ ਕਰਵਾਈਆਂ ਰਹੀਆਂ ਹਨ। ਹੈਪੀ ਲਰਨਿੰਗ ਤਹਿਤ ਬੱਚਿਆਂ ਨੂੰ ਬੋਝ ਮੁਕਤ ਸਿੱਖਿਆ ਦੇਣ ਲਈ ਨਿਸ਼ਠਾ ਤਹਿਤ ਅਧਿਆਪਕਾਂ ਨੂੰ ਸਿਖਲਾਈ ਦੇਣ ਦਾ ਪ੍ਰੋਗਰਾਮ ਹੈ। ਇਸ ਤੋਂ ਇਲਾਵਾ ਪੰਜਾਬੀ ਦੇ ਭੁੱਲੇ-ਵਿੱਸਰੇ ਟਕਸਾਲੀ ਸ਼ਬਦਾਂ ਦੀ ਬੱਚਿਆਂ ਨਾਲ ਜਾਣ-ਪਹਿਚਾਣ ਕਰਵਾਈ ਜਾ ਰਹੀ ਹੈ। ਗਣਿੱਤ ਅਤੇ ਵਿਗਿਆਨ ਦੇ ਔਖੇ ਵਿਸ਼ਿਆਂ ਪ੍ਰਤੀ ਬੱਚਿਆਂ ਦਾ ਮੋਹ ਜਗਾਉਣ ਲਈ ਪ੍ਰਯੋਗੀ ਪੜ੍ਹਾਈ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਸਕੂਲਾਂ ਦੀਆਂ ਪ੍ਰਯੋਗਸ਼ਾਲਾਵਾਂ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਹੈ। ਪੰਜਾਬ ਦੇ ਸਿੱਖਿਆ ਇਤਿਹਾਸ ਵਿੱਚ ਪਹਿਲੀ ਵਾਰੀ ਗਣਿੱਤ, ਸਮਾਜਿਕ ਸਿੱਖਿਆ ਤੇ ਵਿਗਿਆਨ ਵਿਸ਼ਿਆਂ ਦੇ ਮੇਲੇ ਲਾਏ ਗਏ ਜਿਸ ਵਿੱਚ ਬੱਚਿਆਂ ਨੇ ਵੰਨ-ਸੁਵੰਨੇ ਮਾਡਲ ਤਿਆਰ ਕੀਤੇ ਜੋ ਬਹੁਤ ਹੀ ਆਕਰਸ਼ਕ ਤੇ ਗਿਆਨ ਵਰਧਕ ਸਨ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਲਾਇਬ੍ਰੇਰੀ ਲੰਗਰ ਦੀ ਲਹਿਰ ਸ਼ੁਰੂ ਕੀਤੀ ਗਈ ਬੱਚਿਆਂ ਦੀ ਅਕਾਦਮਿਕ ਪ੍ਰਗਤੀ ਨੂੰ ਮਾਪਣ ਲਈ ਜੁਲਾਈ, ਸਤੰਬਰ, ਦਸੰਬਰ ਮਹੀਨਿਆਂ ਵਿੱਚ ਮੁੱਖ ਦਫ਼ਤਰ ਵੱਲੋਂ ਪ੍ਰੀਖਿਆ ਲਈ ਗਈ। ਪ੍ਰਸ਼ਨ ਪੱਤਰ ਭੇਜਣ ਤੋਂ ਲੈ ਕੇ ਨੰਬਰਾਂ ਨੂੰ ਐਕਸਲ ਸ਼ੀਟਾਂ ਰਾਹੀਂ ਰਿਕਾਰਡਬੱਧ ਕਰਨ ਦਾ ਕਠਿਨ ਕੰਮ ਵੱਖ-ਵੱਖ ਵਿਸ਼ਿਆਂ ਦੇ ਬਲਾਕ ਤੇ ਜ਼ਿਲ੍ਹਾ ਮੈਂਟਰਾਂ ਵੱਲੋਂ ਕੀਤਾ ਗਿਆ, ਜਿਸ ਨਾਲ ਸਹੀ ਅੰਕੜੇ ਸਾਹਮਣੇ ਆਏ ਕਿ ਕਿਹੜੇ ਬੱਚਿਆਂ ‘ਤੇ ਮਿਹਨਤ ਕਰਨ ਦੀ ਲੋੜ ਹੈ। ਅਧਿਆਪਕਾਂ ਨੂੰ ਕਮਜ਼ੋਰ ਬੱਚਿਆਂ ਦੀ ਨਿਸ਼ਾਨਦੇਹੀ ਕਰਨ ਵਿੱਚ ਮੱਦਦ ਮਿਲੀ।
ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਬਲਾਕ ਅਤੇ ਜ਼ਿਲ੍ਹਾ ਮੈਂਟਰ ਵੱਲੋਂ ਬਕਾਇਦਾ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਤੇ ਸਕੂਲ ਮੁਖੀਆਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਵੱਡੇ ਪੱਧਰ ‘ਤੇ ਤਰੱਕੀਆਂ ਵੀ ਕੀਤੀਆਂ ਗਈਆਂ, ਪ੍ਰਾਇਮਰੀ ਤੇ ਸੈਕੰਡਰੀ ਕਾਡਰ ਵਿੱਚ ਸਕੂਲ ਮੁਖੀਆਂ ਦੀ ਸਿੱਧੀ ਭਰਤੀ ਕੀਤੀ ਗਈ ਹੈ। ਜਿਸ ਨਾਲ ਛੋਟੀ ਉਮਰ ਦੇ ਸਕੂਲ ਮੁਖੀ ਆਉਣ ਨਾਲ ਸਕੂਲਾਂ ਅੰਦਰ ਨਵਾਂ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਅਧਿਆਪਕਾਂ ਦੇ ਸਾਰੇ ਦਫ਼ਤਰੀ ਮਸਲੇ ਇੱਕ ਨਿਰਧਾਰਤ ਸਮਾਂ ਸੀਮਾ ਦੇ ਕੇ ਖ਼ਤਮ ਕਰ ਦਿੱਤੇ ਗਏ ਹਨ। ਹੁਣ ਵੀ ਵੱਖਰੇ ਤੌਰ ‘ਤੇ ਸ਼ਿਕਾਇਤ ਨਿਵਾਰਨ ਸੈੱਲ ਬਣਾਇਆ ਗਿਆ ਹੈ ਜਿਸ ਵਿੱਚ ਜੋ ਵੀ ਅਧਿਆਪਕ ਆਪਣੀ ਸ਼ਿਕਾਇਤ ਦਰਜ ਕਰਦਾ ਹੈ ਤਾਂ ਮੁੱਖ ਦਫ਼ਤਰ ਵੱਲੋਂ ਲਾਏ ਗਏ ਅਧਿਕਾਰੀ ਰੈਂਕ ਦੇ ਜ਼ਿਲ੍ਹਾ ਨੋਡਲ ਅਫ਼ਸਰ ਦੁਆਰਾ ਤੁਰੰਤ ਉਸਦਾ ਹੱਲ ਕੀਤਾ ਜਾਂਦਾ ਹੈ। ਇਨ੍ਹਾਂ ਸਭ ਕਾਰਨਾਂ ਕਰਕੇ ਸਕੂਲ ਸਿੱਖਿਆ ਵਿਭਾਗ ਅੰਦਰ ਇੱਕ ਵਿਸ਼ੇਸ਼ ਕਿਸਮ ਦਾ ਸਕਾਰਾਤਮਕ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ।
ਇਨ੍ਹਾਂ ਸਭ ਯਤਨਾਂ ਦੇ ਬਾਵਜੂਦ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ ਜਿਸ ਨਾਲ ਸਰਕਾਰੀ ਸਕੂਲਾਂ ਦਾ ਸੁਧਾਰ ਹੋ ਸਕੇ। ਮੋਟੇ ਤੌਰ ‘ਤੇ ਦੇਖਣ ‘ਚ ਆਉਂਦਾ ਹੈ ਕਿ ਅਧਿਆਪਕਾਂ ਨੂੰ ਅੰਦਰੋਂ ਪ੍ਰੇਰਤ ਕਰਨ ਦੀ ਅਜੇ ਬਹੁਤ ਲੋੜ ਹੈ, ਉਨ੍ਹਾਂ ਅੰਦਰ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋ ਕੇ ਜ਼ਿੰਮੇਵਾਰੀ ਨਿਭਾਉਣ ਦੀ ਜੋਤ ਜਗਾਉਣ ਦੀ ਲੋੜ ਹੈ ਕੋਈ ਵੀ ਮੁਹਿੰਮ ਅਸਲ ਵਿੱਚ ਉਦੋਂ ਹੀ ਸਫ਼ਲ ਹੁੰਦੀ ਹੈ ਜਦੋਂ ਹਰ ਕੋਈ ਆਪਣੀ ਰੂਹ ਨਾਲ ਰੀਝ ਲਾ ਕੇ ਕੰਮ ਕਰਦਾ ਹੈ ਸਿੱਖਿਆ ਦਾ ਵਿਸ਼ਾਲ ਖੇਤਰ ਹੈ ਸਿੱਖਿਆ ਸੁਧਾਰਾਂ ਖਾਸ ਤੌਰ ‘ਤੇ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਬਹੁਤ ਸੰਭਾਵਨਾਵਾਂ ਮੌਜੂਦ ਹਨ, ਜਿਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਲਗਾਤਾਰ ਕੰਮ ਕਰਨ ਦੀ ਲੋੜ ਹੈ।
ਸਕੂਲਾਂ ਅੰਦਰ ਇਸ ਤਰ੍ਹਾਂ ਦੇ ਮਾਹੌਲ ਦੀ ਵੀ ਲੋੜ ਹੈ ਕਿ ਅਧਿਆਪਕ ਲਕੀਰ ਦੇ ਫ਼ਕੀਰ ਨਾ ਬਣਨ ਸਗੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਕੋਲ ਆਪਣੀਆਂ ਜੁਗਤਾਂ ਤੇ ਸਿਰਜਣਾਤਮਕਤਾ ਹੋਣੀ ਬਹੁਤ ਜ਼ਰੂਰੀ ਹੈ। ਸਿੱਖਿਆ ਵਿਭਾਗ ਨੂੰ ਵੀ ਚਾਹੀਦਾ ਹੈ ਕਿ ਉਹ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਇੰਨੀ ਢਿੱਲ ਦੇ ਕੇ ਰੱਖੇ ਕਿ ਉਹ ਸੁਤੰਤਰ ਰੂਪ ਵਿੱਚ ਸਕੂਲ ਦੇ ਵਿਕਾਸ ਲਈ ਆਪਣੀ ਸੋਚ ਅਨੁਸਾਰ ਕੰਮ ਕਰ ਸਕਣ। ਅਧਿਆਪਕਾਂ, ਸਕੂਲ ਮੁਖੀਆਂ ਅਤੇ ਸਿੱਖਿਆ ਅਧਿਕਾਰੀਆਂ ਦਾ ਮਾਣ-ਸਨਮਾਨ ਬਹਾਲ ਰਹਿਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਸਕੂਲਾਂ ਨਾਲ ਜੁੜਿਆ ਹੋਇਆ ਹਰ ਸ਼ਖ਼ਸ ਅੰਦਰੋਂ ਖੁਸ਼ ਹੋਵੇਗਾ ਤਾਂ ਉਹ ਆਪਣੀ ਸਮਰੱਥਾ ਤੋਂ ਦੁੱਗਣਾ ਕੰਮ ਵੀ ਕਰ ਸਕਦਾ ਹੈ। ਅਜੇ ਤਾਂ ਸੇਰ ਵਿੱਚੋਂ ਪੂਣੀ ਹੀ ਕੱਤੀ ਹੈ, ਸਰਕਾਰੀ ਸਕੂਲਾਂ ਵਿੱਚ ਬਹੁਤ ਤਬਦੀਲੀਆਂ ਦੀ ਲੋੜ ਹੈ ਜੋ ਬੱਚਿਆਂ, ਅਧਿਆਪਕਾਂ, ਮਾਪਿਆਂ ਤੇ ਸਮਾਜ ਦੇ ਸਹਿਯੋਗ ਨਾਲ ਹੀ ਸੰਭਵ ਹੈ।
ਤਲਵੰਡੀ ਸਾਬੋ, ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।