bribe | ਬਿਆਨਾਂ ਨੂੰ ਕਲਮਬੰਧ ਕਰਨ ਲਈ ਮੰਗੀ ਸੀ ਰਿਸ਼ਵਤ
ਫਿਰੋਜ਼ਪੁਰ (ਸਤਪਾਲ ਥਿੰਦ)। ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੀ ਟੀਮ ਵੱਲੋਂ ਥਾਣਾ ਘੱਲ ਖੁਰਦ ਦੇ ਇੱਕ ਏਐੱਸਆਈ ਨੂੰ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਏਐੱਸਆਈ ਖਿਲਾਫ਼ ਵਿਜੀਲੈਂਸ ਬਿਊਰੋ ਫਿਰੋਜ਼ਪੁਰ ‘ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਵਿਜੀਲੈਂਸ ਫਿਰੋਜ਼ਪੁਰ ਦੇ ਐੱਸਐੱਸਪੀ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਵਾਸੀ ਕਰਮੂੰਵਾਲਾ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਕਿ ਉਸ ਵੱਲੋਂ ਇੱਕ ਦਰਖ਼ਾਸਤ ਐੱਸਐੱਸਪੀ ਫਿਰੋਜ਼ਪੁਰ ਨੂੰ ਦਿੱਤੀ ਸੀ, ਜਿਸ ਦੀ ਕਾਰਵਾਈ ਥਾਣਾ ਘੱਲ ਖੁਰਦ ਦੇ ਏਐੱਸਆਈ ਮਲਕੀਤ ਸਿੰਘ ਵੱਲੋਂ ਕੀਤੀ ਜਾ ਰਹੀ ਸੀ,
ਜਿਸ ਸਬੰਧ ‘ਚ ਉਕਤ ਏਐੱਸਆਈ ਨੇ 15 ਅਕਤੂਬਰ ਨੂੰ ਉਸਦੇ ਬਿਆਨ ਕਲਮਬੰਧ ਕੀਤੇ ਸੀ ਪਰ ਇਲਾਕੇ ਦੇ ਮੋਹਤਬਰ ਵਿਅਕਤੀਆਂ ਵੱਲੋਂ ਉਸਦਾ ਰਾਜੀਨਾਵਾ ਕਰਵਾ ਦਿੱਤਾ ਸੀ, ਜਿਸ ਸਬੰਧੀ ਬੀਤੇ ਦਿਨ ਉਸ ਵੱਲੋਂ ਰਾਜੀਨਾਮੇ ਸਬੰਧੀ ਬਿਆਨ ਕਲਮਬੰਧ ਕਰਵਾਉਣ ਲਈ ਏਐੱਸਆਈ ਨਾਲ ਫੋਨ ‘ਤੇ ਗੱਲਬਾਤ ਕੀਤੀ ਤਾਂ ਉਕਤ ਏਐੱਸਆਈ ਨੇ ਉਸ ਕੋਲੋਂ ਰਾਜੀਨਾਮੇ ਦਾ ਬਿਆਨ ਲਿਖਣ ਅਤੇ ਰਿਪੋਰਟ ਭੇਜਣ ਲਈ 5 ਹਜ਼ਾਰ ਰੁਪਏ ਰਿਸ਼ਵਤ ਮੰਗੀ ਤਾਂ ਉਸ ਵੱਲੋਂ ਮਿੰਨਤ ਤਰਲਾ ਕਰਨ ‘ਤੇ ਏਐੱਸਆਈ 3 ਹਜ਼ਾਰ ਰੁਪਏ ਲੈਣ ਲਈ ਰਾਜੀ ਹੋ ਗਿਆ।
ਐੱਸਐੱਸਪੀ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਮਗਰੋਂ ਡੀਐੱਸਪੀ ਹਰਿੰਦਰ ਸਿੰਘ ਦੀ ਅਗਵਾਈ ‘ਚ ਵਿਜੀਲੈਂਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਰਕਾਰੀ ਗਵਾਹ ਡਾ. ਅਮਨਦੀਪ ਸਿੰਘ ਅਤੇ ਡਾ. ਅਭਿਜੀਤ ਸਿੰਘ ਮੈਡੀਕਲ ਅਫਸਰ ਦੀ ਹਾਜ਼ਰੀ ‘ਚ ਏਐੱਸਆਈ ਮਲਕੀਤ ਸਿੰਘ ਨੂੰ 3 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।