ਪਹਿਲੇ ਮੈਚ ‘ਚੋਂ ਇੰਡੀਅਨ ਰੇਲਵੇ ਰੈੱਡ ਦੀ ਟੀਮ ਰਹੀ ਜੇਤੂ
ਸੁਖਜੀਤ ਮਾਨ/ਬਠਿੰਡਾ । ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜਾ ਬਾਸਕਟਬਾਲ ਟੂਰਨਾਮੈਂਟ ਅੱਜ ਇੱਥੇ ਡੀਏਵੀ ਸਕੂਲ ਅਤੇ ਪੁਲਿਸ ਲਾਇਨ ‘ਚ ਸਥਿਤ ਖੇਡ ਮੈਦਾਨ ‘ਚ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ। ਇਸ ਟੂਰਨਾਮੈਂਟ ‘ਚ ਕੌਮੀ ਪੱਧਰ ਦੀਆਂ ਮੇਜਬਾਨ ਤੋਂ ਇਲਾਵਾ ਰੇਲਵੇ ਰੈੱਡ, ਰੇਲਵੇ ਬਲਿਊ, ਸੀਆਰਪੀਐਫ਼, ਪੰਜਾਬ ਪੁਲਿਸ, ਈ.ਐਮ.ਈ. ਭੋਪਾਲ, ਚੰਡੀਗੜ੍ਹ ਅਤੇ ਹਨੂੰਮਾਨਗੜ੍ਹ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। Tournament
ਟੂਰਨਾਮੈਂਟ ਦਾ ਪਹਿਲਾ ਮੈਚ ਈ.ਐਮ.ਈ. ਭੋਪਾਲ ਅਤੇ ਇੰਡੀਅਨ ਰੇਲਵੇ ਰੈੱਡ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ‘ਚ ਇੰਡੀਅਨ ਰੇਲਵੇ ਰੈੱਡ ਦੀ ਟੀਮ 16 ਨੰਬਰਾਂ ਦੇ ਫਰਕ ਨਾਲ ਜੇਤੂ ਰਹੀ। ਬਾਸਕਟਬਾਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਰਵੀ ਪਾਲ ਸਿੰਘ ਨੇ ਦੱਸਿਆ ਕਿ ਪਹਿਲੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 51,000 ਅਤੇ ਦੂਜੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 31,000 ਰੁਪਏ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਟੂਰਨਾਮੈਂਟ ਦੇ ਆਖ਼ਰੀ ਦਿਨ 2 ਦਸੰਬਰ ਨੂੰ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ। ਇਸ ਤੋਂ ਪਹਿਲਾਂ ਟੂਰਨਾਮੈਂਟ ਦਾ ਉਦਘਾਟਨ ਐਸਪੀ ਵਿਜੀਲੈਂਸ ਸਵਰਨ ਸਿੰਘ ਖੰਨਾ ਨੇ ਕੀਤਾ।
ਉਨ੍ਹਾਂ ਆਖਿਆ ਕਿ ਖੇਡਾਂ ਮਨੁੱਖੀ ਸਰੀਰ ਨੂੰ ਰਿਸ਼ਟ-ਪੁਸ਼ਟ ਤੇ ਤੰਦਰੁਸਤ ਰੱਖਣ ਵਿਚ ਅਹਿਮ ਤੇ ਵਡਮੁੱਲਾ ਰੋਲ ਅਦਾ ਕਰਦੀਆਂ ਹਨ। ਇਹ ਮਨੁੱਖੀ ਤਣਾਅ ਨੂੰ ਦੂਰ ਕਰਕੇ ਮਾਨਸਿਕ ਵਿਕਾਸ ਵਿਚ ਵਾਧਾ ਕਰਨ ਲਈ ਵੀ ਸਹਾਈ ਸਿੱਧ ਹੁੰਦੀਆਂ ਹਨ। ਇਸ ਮੌਕੇ ਡੀ.ਐਸ.ਪੀ. ਗੁਰਜੀਤ ਸਿੰਘ ਰੋਮਾਣਾ ਤੋਂ ਇਲਾਵਾ ਸੁਨੀਲ ਕੁਮਾਰ, ਜ਼ੋਰਾ ਸਿੰਘ ਡੀ.ਐਸ.ਪੀ., ਅਮਰੀਕ ਸਿੰਘ, ਜਗਤਾਰ ਸਿੰਘ, ਅਮਰਵੀਰ ਸਿੰਘ ਗਰੇਵਾਲ, ਗੁਰਦੀਪ ਸ਼ਰਮਾ ਅਤੇ ਗੁਰਵਿੰਦਰ ਪਟਵਾਰੀ ਆਦਿ ਟੂਰਨਾਮੈਂਟ ਕਮੇਟੀ ਦੇ ਨੁਮਾਇੰਦੇ ਵਿਸ਼ੇਸ਼ ਤੌਰ ‘ਤੇ ਮੌਜ਼ੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।