ਵਿਧਾਇਕਾਂ ਨੇ ਪੈਸੇ ਦੇ ਲੈਣ-ਦੇਣ ਦੀ ਜਾਂਚ ਵਿਜੈ ਕੁੰਵਰ ਪ੍ਰਤਾਪ ਤੋਂ ਕਰਵਾਉਣ ਦੀ ਕੀਤੀ ਮੰਗ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਤਾਇਨਾਤ ਸੀਆਈਏ ਸਟਾਫ਼ ਦੇ ਇੰਸਪੈਕਟਰ ਵਿਜੇ ਕੁਮਾਰ ਸਮੇਤ ਹੋਰਨਾਂ ਵਿਅਕਤੀਆਂ ਉੱਪਰ ਭ੍ਰਿਸ਼ਟਾਚਾਰ ਸਮੇਤ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਇੰਸਪੈਕਟਰ ਸਮੇਤ ਇਸ ਦੇ ਸਾਥੀਆਂ ‘ਤੇ ਦੋਸ਼ ਹੈ ਕਿ ਇਸ ਵੱਲੋਂ ਕੁਝ ਵਿਅਕਤੀਆਂ ਨੂੰ ਨਜਾਇਜ਼ ਧਮਕਾਉਣ ਸਮੇਤ ਐਨਡੀਪੀਐਸ ਐਕਟ ਦਾ ਕੇਸ ਪਾਉਣ ਬਦਲੇ 30 ਲੱਖ ਰੁਪਏ ਹੜੱਪੇ ਹਨ।
ਸੀਆਈਏ ਇੰਸਪੈਕਟਰ ਵਿਜੈ ਕੁਮਾਰ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਦੇ ਸਭ ਤੋਂ ਨੇੜਲੇ ਅਫ਼ਸਰਾਂ ਵਿੱਚੋਂ ਹੈ ਅਤੇ ਇਹ ਉਹੀ ਇੰਸਪੈਕਟਰ ਹੈ, ਜਿਸ ‘ਤੇ ਸਮਾਣਾ ਦੇ ਵਿਧਾਇਕ ਕਾਕਾ ਰਜਿੰਦਰ ਸਿੰਘ ਵੱਲੋਂ ਫੋਨ ਟੈਪਿੰਗ ਦੇ ਦੋਸ਼ ਲਾਏ ਗਏ ਸਨ। ਉਂਜ ਇਸ ‘ਤੇ ਮਾਮਲਾ ਉੱਚ ਅਧਿਕਾਰੀਆਂ ਦੀ ਹਦਾਇਤ ਤੋਂ ਬਾਅਦ ਦਰਜ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਥਾਣਾ ਸਿਵਲ ਲਾਇਨ ਵਿਖੇ ਰਾਜਵਿੰਦਰ ਪਾਲ ਪੁੱਤਰ ਵਿਜੈ ਕੁਮਾਰ ਵਾਸੀ ਪ੍ਰੀਤ ਨਗਰ ਬਠਿੰਡਾ ਦੀ ਸ਼ਿਕਾਇਤ ‘ਤੇ ਵਿਜੈ ਕੁਮਾਰ ਇੰਸਪੈਕਟਰ ਸੀਆਈਏ ਸਮਾਣਾ, ਜੋਨੀ ਮਿੱਤਲ ਉਰਫ਼ ਟਾਂਡੇ ਭੰਨ ਭੁੱਚੋ ਮੰਡੀ ਬਠਿੰਡਾ ਅਤੇ ਅਣਪਛਾਤੇ ਪੁਲਿਸ ਮੁਲਾਜ਼ਮਾਂ ਵਿਰੁੱਧ ਧਾਰਾ 342, 365, 379ਬੀ, 389 ਅਤੇ 120 ਬੀ ਤਹਿਤ ਦਰਜ਼ ਕੀਤਾ ਗਿਆ ਹੈ।
ਰਾਜਵਿੰਦਰ ਸਿੰਘ ਅਨੁਸਾਰ 18 ਅਕਤੂਬਰ ਨੂੰ ਸੀਆਈਏ ਸਮਾਣਾ ਦੇ ਇੰਸਪੈਕਟਰ ਵਿਜੈ ਕੁਮਾਰ ਪੁਲਿਸ ਪਾਰਟੀ ਸਮੇਤ ਬਿਨਾ ਕਿਸੇ ਵਾਰੰਟ ਤੋਂ ਧਾਮੋਂ ਮਾਜਰਾ ਪਟਿਆਲਾ ਵਿਖੇ ਉਨ੍ਹਾਂ ਦੇ ਭਰਾ ਦੇ ਘਰ ਆਇਆ। ਉਹ ਇੱਥੇ ਇੱਕ ਫੰਕਸਨ ‘ਤੇ ਆਏ ਹੋਏ ਸਨ ਅਤੇ ਆਪਣੇ ਦੋਸਤਾਂ ਨਾਲ ਸ਼ਰਾਬ ਆਦਿ ਪੀ ਰਹੇ ਸਨ। ਉਨ੍ਹਾਂ ਕਿਹਾ ਕਿ ਉਕਤ ਇੰਸਪੈਕਟਰ ਉਨ੍ਹਾਂ ਨੂੰ ਇੱਥੋਂ ਚੁੱਕ ਕੇ ਸੀਆਈਏ ਸਮਾਣਾ ਵਿਖੇ ਲੈ ਗਿਆ ਅਤੇ ਉੱਥੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ। ਵਿਜੈ ਕੁਮਾਰ ਨੇ ਉਨ੍ਹਾਂ ਦੀ ਬਹੁਤ ਕੱਟਮਾਰ ਕੀਤੀ। ਉਸ ਨੇ ਕਿਹਾ ਕਿ ਉਹ ਉਨ੍ਹਾਂ ‘ਤੇ ਨਸ਼ਾ ਤਸਕਰੀ ਦਾ ਮਾਮਲਾ ਦਰਜ਼ ਕਰੇਗਾ ਅਤੇ ਉਨ੍ਹਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦੇਵੇਗਾ। ਇਸ ਦੇ ਨਬੇੜੇ ਲਈ ਉਸ ਨੇ 50 ਲੱਖ ਰੁਪਏ ਦੀ ਮੰਗ ਕੀਤੀ।
ਉਨ੍ਹਾਂ ਵੱਲੋਂ ਪੁਲਿਸ ਦੇ ਕਹਿਰ ਤੋਂ ਬਚਣ ਲਈ 30 ਲੱਖ ਰੁਪਏ ਦੇਣ ਦੀ ਗੱਲ ਕਹੀ। ਇੰਸਪੈਕਟਰ ਵਿਜੈ ਕੁਮਾਰ ਨੂੰ ਉਨ੍ਹਾਂ ਨੇ ਪਹਿਲਾਂ 11 ਲੱਖ ਰੁਪਏ ਦਿੱਤੇ। ਇਸ ਤੋਂ ਕੁਝ ਦਿਨਾਂ ਬਾਅਦ ਉਸ ਵੱਲੋਂ ਇੱਕ ਹੋਰ ਆਪਣੇ ਵਿਅਕਤੀ ਜੋਨੀ ਮਿੱਤਲ ਰਾਹੀਂ 20 ਅਕਤੂਬਰ ਨੂੰ 14 ਲੱਖ ਰੁਪਏ ਦਿੱਤੇ ਅਤੇ ਉਸ ਤੋਂ ਬਾਅਦ 21 ਅਕਤੂਬਰ ਨੂੰ ਫਿਰ ਉਸ ਨੂੰ ਹੀ 5 ਲੱਖ ਰੁਪਏ ਬਠਿੰਡਾ ਵਿਖੇ ਦਿੱਤੇ। ਸ਼ਿਕਾਇਤ ਕਰਤਾ ਨੇ ਕਿਹਾ ਕਿ ਇੰਸਪੈਕਟਰ ਵੱਲੋਂ ਉਸ ਦੇ ਅਤੇ ਦੋਸਤਾਂ ਦੇ ਪਾਏ ਗਹਿਣੇ ਲੈ ਲਏ ਸਨ, ਪਰ ਇਹ ਪੈਸਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਕਰ ਦਿੱਤੇ। ਪਤਾ ਲੱਗਾ ਹੈ ਕਿ ਇਸ ਤੋਂ ਬਾਅਦ ਉਕਤ ਵਿਅਕਤੀਆਂ ਵੱਲੋਂ ਇਸ ਸਬੰਧੀ ਉਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ ਅਤੇ ਇਹ ਮਾਮਲਾ ਡੀਜੀਪੀ ਦੇ ਦਖਲ ਤੋਂ ਬਾਅਦ ਹੀ ਦਰਜ਼ ਹੋਣ ਦੀ ਚਰਚਾ ਹੈ।
ਇੰਸਪੈਕਟਰ ਵਿਜੈ ਕੁਮਾਰ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਦਾ ਨੇੜਲਾ ਅਫ਼ਸਰ ਹੈ ਅਤੇ ਜਦੋਂ ਸਿੱਧੂ ਸੰਗਰੂਰ ਵਿਖੇ ਤਾਇਨਾਤ ਸਨ ਤਾਂ ਉਸ ਵੇਲੇ ਵਿਜੈ ਕੁਮਾਰ ਉੱਥੇ ਵੀ ਸੀਆਈਏ ਵਿਖੇ ਤਾਇਨਾਤ ਸੀ। ਦੱਸਣਯੋਗ ਹੈ ਕਿ ਇੰਸਪੈਕਟਰ ਵਿਜੈ ਕੁਮਾਰ ‘ਤੇ ਸਮਾਣਾ ਦੇ ਵਿਧਾਇਕ ਕਾਕਾ ਰਜਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਫੋਨ ਟੈਪਿੰਗ ਸਮੇਤ ਸੁਨਿਆਰੇ ਆਦਿ ਤੋਂ ਲੱਖਾਂ ਰੁਪਏ ਲੈਣ ਦੇ ਦੋਸ਼ ਵੀ ਲਾਏ ਗਏ ਸਨ, ਜਿਸ ਤੋਂ ਬਾਅਦ ਵਿਜੈ ਕੁਮਾਰ ਦੀ ਬਦਲੀ ਸਮਾਣਾ ਤੋਂ ਨਾਭਾ ਸੀਆਈਏ ਵਿਖੇ ਕਰ ਦਿੱਤੀ ਗਈ ਸੀ। ਉਂਜ ਅਜੇ ਇੰਸਪੈਕਟਰ ਵਿਜੈ ਕੁਮਾਰ ਦੀ ਗ੍ਰਿਫਤਾਰੀ ਸਬੰਧੀ ਜਾਣਕਾਰੀ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।