ਪਾਸਪੋਰਟ ਗੁੰਮ ਹੋਣ ਕਾਰਨ ਦਹਾਕੇ ਤੋਂ ਪਾਕਿਸਤਾਨ ਦੀ ਜੇਲ੍ਹ ‘ਚ ਨਜ਼ਰਬੰਦ ਸੀ ਗੁਲਾਮ ਫ਼ਰੀਦ
ਗੁਰਪ੍ਰੀਤ ਸਿੰਘ/ਸੰਗਰੂਰ। ਆਖ਼ਰ ਪੰਦਰਾਂ ਵਰ੍ਹਿਆਂ ਬਾਅਦ ਮਾਲੇਰਕੋਟਲਾ ਦੇ ਨੌਜਵਾਨ ਗੁਲਾਮ ਫਰੀਦ ਨੂੰ ਪਾਕਿਸਤਾਨ ਵੱਲੋਂ ‘ਅਜ਼ਾਦ’ ਕਰ ਦਿੱਤਾ ਗਿਆ ਅੱਜ ਪੰਦਰਾਂ ਵਰ੍ਹਿਆਂ ਬਾਅਦ ਜਦੋਂ ਉਹ ਆਪਣੀ ਮਾਂ ਨੂੰ ਮਿਲਿਆ ਤਾਂ ਮਾਹੌਲ ਖੁਸ਼ੀ ਦੇ ਅੱਥਰੂਆਂ ‘ਚ ਤਬਦੀਲ ਹੋ ਗਿਆ ਗੁਲਾਮ ਫ਼ਰੀਦ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਸੀ ਪਾਕਿਸਤਾਨ ਦੀ ਸਰਕਾਰ ਨੇ ਉਸ ‘ਤੇ ਦੇਸ਼ਧ੍ਰੋਹ ਕਰਨ ਦਾ ਦੋਸ਼ ਲਾ ਕੇ ਉਸ ਨੂੰ ਜੇਲ੍ਹਾਂ ਪਿੱਛੇ ਡੱਕ ਦਿੱਤਾ ਸੀ।
ਜਾਣਕਾਰੀ ਮੁਤਾਬਕ ਮਾਲੇਰਕੋਟਲਾ ਦੇ ਮੁਹੱਲਾ ਚਾਨੇ ਲੌਹਾਰਾਂ ਦਾ ਇਹ ਨੌਜਵਾਨ ਗੁਲਾਮ ਫ਼ਰੀਦ, ਜੋ ਪਿਛਲੇ 15-16 ਸਾਲਾਂ ਤੋਂ ਪਾਕਿਸਤਾਨ ਦੀ ਇੱਕ ਜੇਲ੍ਹ ਕੋਟ ਲਖਪਤ ਵਿਚ ਬੰਦ ਸੀ, ਅੱਜ ਸਵੇਰੇ 3 ਵਜੇ ਆਪਣੇ ਮਾਲੇਰਕੋਟਲਾ ਘਰ ਪਹੁੰਚਿਆ। ਵਰ੍ਹਿਆਂ ਦੇ ਵਿੱਛੜੇ ਪੁੱਤ ਨੂੰ ਸਹੀ ਸਲਾਮਤ ਵੇਖ ਗੁਲਾਮ ਦੀ ਮਾਂ ਸਦੀਕਾਂ ਨੂੰ ਇਉਂ ਲੱਗਿਆ ਕਿ ਜਿਵੇਂ ਪਰਮਾਤਮਾ ਨੇ ਉਸ ਨੂੰ 90 ਸਾਲ ਦੀ ਉਮਰ ਵਿੱਚ ਆਪਣੇ ਪੁੱਤਰ ਦੇ ਦੀਦਾਰ ਲਈ ਹੀ ਜਿਉਂਦਾ ਰੱਖਿਆ ਹੋਵੇ ਪੁੱਤਰ ਨੂੰ ਮਿਲਣ ਦੀ ਖੁਸ਼ੀ ਵਿਚ ਅੱਖਾਂ ਨਮ ਸਨ ਉਸਨੇ ਕਿਹਾ ਕਿ ਉਸਦੇ ਪੁੱਤਰ ਦੀ ਉਡੀਕ ਕਰਦਿਆਂ ਕਰਦਿਆਂ ਉਹ ਉਮਰ ਦੇ ਅਖੀਰਲੇ ਪੜਾਅ ‘ਤੇ ਪੁੱਜ ਗਈ ਹੈ ਉਸ ਨੇ ਕਿਹਾ ਕਿ ਉਸ ਦੇ ਦਿਲ ਵਿੱਚ ਹਰ ਸਮੇਂ ਆਪਣੇ ਪੁੱਤਰ ਦਾ ਖਿਆਲ ਰਹਿੰਦਾ ਸੀ ਕਿ ਉਹ ਜਿਉਂਦਾ ਹੋਵੇਗਾ ਜਾਂ ਨਹੀਂ ਅੱਜ ਉਸ ਨੂੰ ਸਹੀ ਸਲਾਮਤ ਵੇਖ ਕੇ ਉਸ ਦੇ ਬੁੱਢੇ ਹੱਡਾਂ ਵਿੱਚ ਮੁੜ ਜਾਨ ਆ ਗਈ ਲਗਦੀ ਹੈ।
ਖੁਸ਼ੀ ਵਿੱਚ ਅੱਖਾਂ ਨਮ ਕਰੀ ਬੈਠੇ ਗੁਲਾਮ ਫਰੀਦ ਨੇ ਆਪਣੇ ਲੰਘੇ ਵੇਲੇ ਨੂੰ ਯਾਦ ਕਰਦਿਆਂ ਦੱਸਿਆ ਕਿ ਕੁਝ ਵਰ੍ਹੇ ਪਹਿਲਾਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਪਾਕਿਸਤਾਨ ਗਿਆ ਸੀ ਜਿੱਥੇ ਉਸ ਦਾ ਪਾਸਪੋਰਟ ਗੁੰਮ ਗਿਆ ਸੀ ਅਤੇ ਪਾਕਿਸਤਾਨ ਸਰਕਾਰ ਨੇ ਸ਼ਾਇਦ ਉਸ ਨੂੰ ਦੇਸ਼ਧ੍ਰੋਹ ਦੇ ਦੋਸ਼ ਹੇਠ 13 ਸਾਲ ਜੇਲ੍ਹ ਭੇਜ ਦਿੱਤਾ ਸੀ। ਇਸ ਸਮੇਂ ਦੌਰਾਨ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੋਈ ਸੰਪਰਕ ਨਹੀਂ ਕਰ ਸਕਿਆ, ਜਿਸ ਨਾਲ ਉਸਨੂੰ ਇਹ ਮਹਿਸੂਸ ਹੋਇਆ ਕਿ ਹੋ ਸਕਦਾ ਹੈ ਕਿ ਹੁਣ ਉਹ ਜਿਉਂਦਾ ਬਾਹਰ ਨਹੀਂ ਆ ਸਕੇਗਾ ਉਨ੍ਹਾਂ ਇਸ ਸਮੇਂ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਹੋਰ ਵਿਅਕਤੀਆਂ ਨੇ ਉਸ ਨੂੰ ਬਾਹਰ ਕਢਵਾਉਣ ਵਿੱਚ ਉਸ ਦੀ ਮੱਦਦ ਕੀਤੀ।
ਸਾਂਸਦ ਗੁਰਜੀਤ ਔਜਲਾ ਦੇ ਦਖਲ ਨਾਲ ਮੁੜਿਆ ਵਤਨ
ਇਸ ਸਬੰਧੀ ਇਸ ਮਾਮਲੇ ਵਿੱਚ ਸਰਗਰਮ ਭੂਮਿਕਾ ਅਦਾ ਕਰਨ ਵਾਲੇ ਮਾਲੇਰਕੋਟਲਾ ਦੇ ਕੌਂਸਲਰ ਬੇਅੰਤ ਕਿੰਗਰਾ ਨੇ ਦੱਸਿਆ ਕਿ ਜਦੋਂ ਉਸਨੂੰ ਇਸ ਮਾਮਲੇ ਬਾਰੇ ਪਤਾ ਲੱਗਿਆ ਤਾਂ ਉਸਨੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਸੰਪਰਕ ਕੀਤਾ, ਜਿਸਨੇ ਵਿਦੇਸ਼ ਮੰਤਰਾਲੇ ਨਾਲ ਇਸ ਬਾਬਤ ਮੀਟਿੰਗ ਕੀਤੀ ਅਤੇ ਵਿਦੇਸ਼ ਮੰਤਰਾਲੇ ਦੇ ਦਖ਼ਲ ਕਾਰਨ ਇਹ ਮਾਮਲਾ ਹੱਲ ਹੋ ਸਕਦਾ ਹੈ। ਉਸ ਨੇ ਹੋਰ ਦੱਸਿਆ ਕਿ ਸਾਰੀ ਸਰਕਾਰੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ, ਉਸ ਨੂੰ 5 ਅਗਸਤ 2019 ਨੂੰ ਪਾਕਿਸਤਾਨ ਸਰਕਾਰ ਨੇ ਜੀਰੋ ਲਾਈਨ ਨੂੰ ਭਾਰਤ ਸਰਕਾਰ ਦੇ ਹਵਾਲੇ ਕਰਨ ਲਈ ਲਿਆਂਦਾ ਸੀ, ਪਰ ਬਦਕਿਸਮਤੀ ਨਾਲ ਉਸ ਦਿਨ ਧਾਰਾ 370 ਨੂੰ ਕਸ਼ਮੀਰ ਤੋਂ ਹਟਾਏ ਜਾਣ ਕਾਰਨ ਮੁੜ ਗੁਲਾਮ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ ਸੀ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।