ਕਾਬੂ ਕੀਤੇ ਮੁਲਜ਼ਮਾਂ ‘ਚ ਇੱਕ ਰੇਲਵੇ ਵਿਭਾਗ ‘ਚ ਤਾਇਨਾਤ ਸਹਾਇਕ ਮੈਨੇਜਰ ਲੜਕੀ ਵੀ ਸ਼ਾਮਿਲ
ਬਠਿੰਡਾ (ਸੁਖਜੀਤ ਮਾਨ) ਬਠਿੰਡਾ ਪੁਲਿਸ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ 5 ਜਣਿਆਂ ਨੂੰ 350 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ ਇਨ੍ਹਾਂ ਕਾਬੂ ਕੀਤੇ ਗਏ 5 ਮੁਲਜ਼ਮਾਂ ‘ਚ ਇੱਕ ਰੇਲਵੇ ਵਿਭਾਗ ‘ਚ ਸਹਾਇਕ ਮੈਨੇਜਰ ਦੇ ਤੌਰ ‘ਤੇ ਤੈਨਾਤ ਇੱਕ ਲੜਕੀ ਵੀ ਸ਼ਾਮਿਲ ਹੈ
ਐਸਐਸਪੀ ਬਠਿੰਡਾ ਡਾ. ਨਾਨਕ ਸਿੰਘ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਾ ਰੋਡ ‘ਤੇ ਸਥਿਤ ਅੰਡਰ ਬ੍ਰਿਜ ਕੋਲੋਂ ਪੌਣੇ ਦੋ ਕਰੋੜ ਮੁੱਲ ਦੀ ਹੈਰੋਇਨ ਸਮੇਤ ਪੰਜ ਜਣਿਆਂ ਨੂੰ ਕਾਬੂ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਜੈਨ ਕਾਰ ‘ਚ ਸਵਾਰ ਮੁਲਜ਼ਮਾਂ ਕੋਲੋਂ 350 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸਦੀ ਕੌਮਾਂਤਰੀ ਬਜ਼ਾਰ ਮੁਤਾਬਿਕ ਕੀਮਤ ਪੌਣੇ ਦੋ ਕਰੋੜ ਰੁਪਏ ਬਣਦੀ ਹੈ
ਗ੍ਰਿਫ਼ਤਾਰ ਮੁਲਜ਼ਮਾਂ ‘ਚੋਂ ਤਿੰਨ ਜਣਿਆਂ ਵਿਰੁੱਧ ਪਹਿਲਾਂ ਵੀ ਮੁਕੱਦਮੇ ਦਰਜ਼ ਹਨ ਕਥਿਤ ਦੋਸ਼ੀਆਂ ਦੀ ਪਹਿਚਾਣ ਗੁਰਵਿੰਦਰ ਸਿੰਘ ਉਰਫ਼ ਗਿੰਦੀ ਅਤੇ ਜਸਵੀਰ ਸਿੰਘ ਉਰਫ਼ ਚਿੱਟੀ ਵਾਸੀ ਤੁੰਗਵਾਲੀ, ਅਮਨਦੀਪ ਕੌਰ ਵਾਸੀ ਜੱਸੀ ਬਾਗ ਵਾਲੀ, ਮਨਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਪਿੰਡ ਮਹਿਰਾਜ, ਹਰਗੋਬਿੰਦ ਸਿੰਘ ਉਰਫ਼ ਗੋਰਾ ਵਾਸੀ ਪਿੰਡ ਜੱਸੀ ਪੌ ਵਾਲੀ ਵਜੋਂ ਹੋਈ ਹੈ
ਸੀਆਈਏ-2 ਦੇ ਇੰਚਾਰਜ਼ ਤਰਜਿੰਦਰ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਉਰਫ਼ ਗਿੰਦੀ ਵਿਰੁਧ ਪਹਿਲਾਂ ਵੀ ਨਸ਼ਿਆਂ ਦਾ ਪਰਚਾ ਦਰਜ਼ ਹੈ ਜਦੋਂਕਿ ਜਸਵੀਰ ਸਿੰਘ ਚਿੱਟੀ ਵਿਰੁੱਧ ਲੜਾਈ ਝਗੜੇ ਤੇ ਮਨਪ੍ਰੀਤ ਸਿੰਘ ਉਰਫ਼ ਪ੍ਰੀਤ ਵਿਰੁੱਧ ਕਤਲ ਦਾ ਮੁਕੱਦਮਾ ਚੱਲ ਰਿਹਾ ਹੈ ਮੁੱਢਲੀ ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਥਿਤ ਦੋਸ਼ੀ ਦਿੱਲੀ ਤੋਂ ਇੱਕ ਨੀਗਰੋ ਕੋਲੋਂ ਹੈਰੋਇਨ ਲੈ ਕੇ ਆਉਂਦੇ ਸਨ ਤੇ ਅੱਗੇ ਸਪਲਾਈ ਕਰਦੇ ਸਨ ਇੰਨ੍ਹਾਂ ਮੁਲਜ਼ਮਾਂ ਵਿਰੁੱਧ ਥਾਣਾ ਸਿਵਲ ਲਾਈਨ ਵਿਖੇ ਪਰਚਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।