5 ਵਾਰ ਮੁੱਖ ਮੰਤਰੀ ਰਹਿ ਚੁੱਕ ਬਾਦਲ ਸਾਹਿਬ ਨੂੰ ਦੇਣਾ ਚਾਹੀਦਾ ਐ ਸਨਮਾਨ, ਦੇਸ਼ ਭਰ ਵਿੱਚ ਸਭ ਤੋਂ ਵੱਡੀ ਉਮਰ ਦੇ ਲੀਡਰ : ਪਰਮਿੰਦਰ ਢੀਂਡਸਾ
ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਭੇਜਿਆ ਗਿਆ ਪੱਤਰ
ਚੰਡੀਗੜ(ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਵਿਖੇ ਹੋਣ ਜਾ ਰਹੇ 550ਵੇਂ ਗੁਰੂਪੁਰਬ ਨੂੰ ਸਮਰਪਿਤ 6 ਨਵੰਬਰ ਵਿਸ਼ੇਸ਼ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਮੁੱਖ ਸਟੇਜ ‘ਤੇ ਬਿਠਾਉਣ ਦੇ ਨਾਲ ਹੀ ਭਾਸ਼ਣ ਲਈ ਸਮਾਂ ਦੇਣ ਦੀ ਮੰਗ ਕਰ ਰਿਹਾ ਹੈ ਪਰ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇਸ ਮੰਗ ਨੂੰ ਸਿਰੇ ਤੋਂ ਖ਼ਾਰਜ ਕਰਦੇ ਹੋਏ ਸਾਫ਼ ਇਨਕਾਰ ਕਰ ਦਿੱਤਾ ਹੈ। ਜਿਸ ਤੋਂ ਕੁਝ ਹੱਦ ਤੱਕ ਸ਼੍ਰੋਮਣੀ ਅਕਾਲੀ ਦਲ ਖਫ਼ਾ ਵੀ ਹੋ ਗਿਆ ਹੈ ਅਤੇ ਉਹ ਇਸ ਨੂੰ ਸਿਆਸੀ ਵਿਤਕਰਾ ਕਰਾਰ ਦੇ ਰਹੇ ਹਨ।
ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇਸ ਮੰਗ ਨੂੰ ਰੱਦ ਕਰਦਿਆਂ ਦਿੱਤਾ ਹੈ ਕਿ ਵਿਧਾਨ ਸਭਾ ਦੇ ਅੰਦਰ ਹੋਣ ਜਾ ਰਹੇ ਇਸ ਸਮਾਗਮ ਵਿੱਚ ਕਿਸੇ ਵੀ ਤਰਾਂ ਦਾ ਸਿਆਸੀ ਵਿਤਕਰਾ ਨਹੀਂ ਕੀਤਾ ਜਾਏਗਾ ਅਤੇ ਨਾ ਹੀ ਇਸ ਤਰਾਂ ਦੀ ਕੋਈ ਕੋਸ਼ਸ਼ ਕੀਤੀ ਜਾ ਰਹੀਂ ਹੈ। ਇਸ ਸਬੰਧੀ ਤਾਂ ਉਪ ਰਾਸ਼ਟਰਪਤੀ ਦੇ ਦਫ਼ਤਰ ਤੋਂ ਹੀ 7 ਕੁਰਸੀ ਲਾਉਣ ਬਾਰੇ ਆਦੇਸ਼ ਹਨ, ਜਿਥੇ ਕਿ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਵਿਚਕਾਰ ਵਿੱਚ ਬੈਠਣਗੇ। ਇਸ ਲਈ ਉਹ ਹੁਣ ਪ੍ਰੋਗਰਾਮ ਵਿੱਚ ਕੋਈ ਵੀ ਦਖ਼ਲ ਨਹੀਂ ਦੇ ਸਕਦੇ ਹਨ।
ਇਸ ਸਬੰਧੀ ਪਰਮਿੰਦਰ ਢੀਂਡਸਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਵਿਧਾਨ ਸਭਾ ਨੂੰ ਕਿਸੇ ਵੀ ਤਰਾਂ ਦਾ ਪ੍ਰੋਗਰਾਮ ਬਣਾਉਣ ਤੋਂ ਪਹਿਲਾਂ ਸਿਆਸੀ ਲੀਡਰ ਦੇ ਕੱਦ ਬਾਰੇ ਜਰੂਰ ਸੋਚਣਾ ਚਾਹੀਦਾ ਹੈ। ਪਰਕਾਸ਼ ਸਿੰਘ ਬਾਦਲ ਇਸ ਸਮੇਂ ਸਭ ਤੋਂ ਜਿਆਦਾ ਉਮਰ ਦਰਾਜ਼ ਸਿਆਸੀ ਲੀਡਰ ਦੇ ਨਾਲ ਹੀ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ। ਢੀਂਡਸਾ ਨੇ ਕਿਹਾ ਕਿ ਉਨਾਂ ਦਾ ਕੱਦ ਹੀ ਇਨਾਂ ਜਿਆਦਾ ਵੱਡਾ ਹੈ ਕਿ ਖ਼ੁਦ ਵਿਧਾਨ ਸਭਾ ਨੂੰ ਬਿਨਾਂ ਮੰਗ ਤੋਂ ਹੀ ਪਰਕਾਸ਼ ਸਿੰਘ ਬਾਦਲ ਨੂੰ ਸਟੇਜ ‘ਤੇ ਥਾਂ ਦੇਣੀ ਚਾਹੀਦੀ ਹੈ। ਜਿਥੇ ਸਟੇਜ ‘ਤੇ 7 ਕੁਰਸੀਆਂ ਲੱਗ ਰਹੀਆਂ ਹਨ ਤਾਂ ਉਥੇ ਹੀ 8ਵੀ ਕੁਰਸੀ ਲੱਗਣ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਹੈ।
ਪਰਮਿੰਦਰ ਢੀਂਡਸਾ ਨੇ ਇਥੇ ਇਹ ਕਿਹਾ ਕਿ ਜੇਕਰ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਵੇਰੇ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਤਾਂ ਬਾਅਦ ਦੁਪਹਿਰ ਵਾਲੇ ਸੈਸ਼ਨ ਵਿੱਚ ਪਰਕਾਸ਼ ਸਿੰਘ ਬਾਦਲ ਅਕਾਲੀ ਦਲ ਵਲੋਂ ਜਰੂਰ ਭਾਸ਼ਣ ਦੇਣਗੇ। ਇਸ ਸਬੰਧੀ ਉਨਾਂ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਸੂਚਿਤ ਵੀ ਕਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।