ਬੁਲੰਦਸ਼ਹਿਰ। ਉੱਤਰ ਪ੍ਰਦੇਸ਼ ‘ਚ ਬੁਲੰਦਸ਼ਹਿਰ ਦੇ ਨਰੋਰਾ ਖੇਤਰ ‘ਚ ਇਕ ਬੱਸ ਨੇ ਸੜਕ ਕਿਨਾਰੇ ਸੌਂ ਰਹੇ 7 ਤੀਰਥ ਯਾਤਰੀਆਂ ਨੂੰ ਕੁਚਲ ਦਿੱਤਾ, ਜਿਸ ਨਾਲ ਤਿੰਨ ਕੁੜੀਆਂ ਅਤੇ ਚਾਰ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੀਨੀਅਰ ਪੁਲਸ ਸੁਪਰਡੈਂਟ ਸੰਤੋਸ਼ ਕੁਮਾਰ ਨੇ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਤੀਰਥ ਯਾਤਰੀਆਂ ਦੀ ਬੱਸ ਰਾਤ ਕਰੀਬ ਡੇਢ ਵਜੇ ਨਰੋਰਾ ਲਿੰਕ ਮਾਰਗ ‘ਤੇ ਪੁੱਜੀ।
ਚਾਲਕ ਨੇ ਬੱਸ ਨੂੰ ਉੱਥੇ ਰੋਕ ਦਿੱਤਾ। ਇਸ ਦੌਰਾਨ ਤਿੰਨ ਔਰਤਾਂ ਆਪਣੀਆਂ ਬੇਟੀਆਂ ਨਾਲ ਜਦੋਂ ਕਿ ਇਕ ਬਜ਼ੁਰਗ ਔਰਤ ਵੀ ਉਨ੍ਹਾਂ ਨਾਲ ਸੜਕ ਕਿਨਾਰੇ ਸੌਂ ਗਈ। ਕੁਝ ਦੇਰ ਬਾਅਦ ਇਕ ਦੂਜੀ ਤੀਰਥ ਯਾਤਰੀਆਂ ਦੀ ਬੱਸ ਦੇ ਚਾਲਕ ਨੇ ਗੰਗਾ ਘਾਟ ਜਾਣ ਲਈ ਬੱਸ ਮੋੜੀ ਅਤੇ ਅੱਗੇ ਵਧਿਆ, ਉਸ ਨੇ ਸੜਕ ਕਿਨਾਰੇ ਸੌਂ ਰਹੇ ਤੀਰਥ ਯਾਤਰੀਆਂ ਨੂੰ ਨਹੀਂ ਦੇਖਿਆ ਅਤੇ ਉਨ੍ਹਾਂ ਨੂੰ ਕੁਚਲ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ‘ਚ ਹਾਥਰਸ ਵਾਸੀ ਮਹੇਂਦਰ ਦੀ 65 ਸਾਲਾ ਪਤਨੀ ਫੂਲਮਤੀ, ਉਦੇਵੀਰ ਦੀ ਪਤਨੀ 32 ਸਾਲਾ ਮਾਲਾ ਦੇਵੀ ਅਤੇ ਉਸ ਦੀ ਤਿੰਨ ਸਾਲਾ ਬੇਟੀ ਕਲਪਣਾ ਤੋਂ ਇਲਾਵਾ ਫਿਰੋਜ਼ਾਬਾਦ ਦੱਖਣ ਵਾਸੀ ਸਰਨਾਥ ਸਿੰਘ ਦੀ 35 ਸਾਲਾ ਪਤਨੀ ਸਾਵਿਤਰੀ ਅਤੇ 5 ਸਾਲ ਦੀ ਬੇਟੀ ਯੋਗਿਤਾ ਤੋਂ ਇਲਾਵਾ ਅਲੀਗੜ੍ਹ ਵਾਸੀ ਜਿਤੇਂਦਰ ਕੁਮਾਰ ਦੀ ਪਤਨੀ 22 ਸਾਲਾ ਰੇਨੂੰ ਅਤੇ ਚਾਰ ਦੀ ਬੇਟੀ ਕੁਮਾਰੀ ਸੰਜਣਾ ਦੀ ਮੌਤ ਹੋ ਗਈ। ਇਸ ਸਿਲਸਿਲੇ ‘ਚ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ 7 ਸ਼ਰਧਾਲੂਆਂ ਦੀ ਮੌਤ ‘ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ।
ਯੋਗੀ ਨੇ ਜ਼ਿਲਾ ਅਧਿਕਾਰੀ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਰਾਹਤ ਰਾਸ਼ੀ ਦੇਣ ਦਾ ਨਿਰਦੇਸ਼ ਦਿੱਤਾ ਹੈ। ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹੋਏ ਮਰਹੂਮ ਆਤਮਾਵਾਂ ਦੀ ਸ਼ਾਂਤੀ ਦੀ ਕਾਮਨਾ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।