ਵਿਆਹ ਦਾ ਝਾਂਸਾ ਦੇ ਢਾਈ ਲੱਖ ‘ਚ ਵੇਚੀ ਲੜਕੀ

Girl, Sold, Marriage, Lakhs

ਮੋਗਾ। ਮੋਗਾ ਨਿਵਾਸੀ ਇਕ ਔਰਤ ਨੇ ਬਾਘਾਪੁਰਾਣਾ ਨਿਵਾਸੀ ਆਪਣੀ ਸਹੇਲੀ ਪੂਜਾ ‘ਤੇ ਉਸ ਦੀ ਛੋਟੀ ਭੈਣ ਨੂੰ ਚੰਗੇ ਘਰ ‘ਚ ਵਿਆਹ ਕਰਵਾ ਕੇ ਭੇਜਣ ਦਾ ਝਾਂਸਾ ਦੇ ਕੇ ਹਰਿਆਣਾ ਦੇ ਇੱਕ ਵਿਅਕਤੀ ਨੂੰ ਢਾਈ ਲੱਖ ਰੁਪਏ ‘ਚ ਵੇਚਣ ਦਾ ਦੋਸ਼ ਲਾਇਆ ਹੈ। ਇਸ ਸਬੰਧ ‘ਚ ਪੁਲਸ ਵੱਲੋਂ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ‘ਚ ਪੀੜਤਾ ਦੀ ਭੈਣ ਨੇ ਦੱਸਿਆ ਕਿ ਸਾਡੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਇੱਕ ਭੈਣ ਹੈ।

ਮੈਂ ਉਸਦਾ ਵਿਆਹ ਕਿਸੇ ਚੰਗੇ ਘਰ ‘ਚ ਕਰਨਾ ਚਾਹੁੰਦੀ ਸੀ, ਜਿਸ ‘ਤੇ ਮੈਂ ਆਪਣੀ ਸਹੇਲੀ ਪੂਜਾ ਪਤਨੀ ਟਿੱਡਾ ਨਿਵਾਸੀ ਮਹੰਤਾਂ ਵਾਲੀ ਗਲੀ ਮੋਗਾ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਉਹ ਉਸ ਦੀ ਭੈਣ ਦਾ ਵਿਆਹ ਕਿਸੇ ਚੰਗੇ ਘਰ ‘ਚ ਕਰਵਾ ਦੇਵੇਗੀ। ਉਸ ਨੇ ਕਿਹਾ ਕਿ ਮੈਂ ਇਕ ਲੜਕੇ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਤੇ ਮੇਰੀ ਪੂਰੀ ਗਾਰੰਟੀ ਹੈ, ਜਿਸ ਕਾਰਨ ਮੈਂ ਆਪਣੀ ਸਹੇਲੀ ‘ਤੇ ਯਕੀਨ ਕਰ ਲਿਆ ਤੇ ਉਸ ਨੇ ਮੇਰੀ ਭੈਣ ਨੂੰ ਆਪਣੇ ਘਰ ‘ਚ ਰੀਤੀ ਰਿਵਾਜਾਂ ਦੇ ਬਾਅਦ ਮਾਰਚ 2019 ਨੂੰ ਸੁਲੀਨ ਨਿਵਾਸੀ ਪਿੰਡ ਬੰਗਾਲੀ ਹਿਸਾਰ (ਹਰਿਆਣਾ) ਦੇ ਨਾਲ ਭੇਜ ਦਿੱਤਾ।

ਵਿਆਹ ਤੋਂ ਬਾਅਦ ਜਦ ਇੱਕ ਮਹੀਨਾ ਮੇਰੀ ਭੈਣ ਨੇ ਮੇਰੇ ਨਾਲ ਕੋਈ ਸੰਪਰਕ ਨਾ ਕੀਤਾ ਤਾਂ ਮੈਂ ਆਪਣੇ ਨਾਲ ਸਾਬਕਾ ਸਰਪੰਚ ਜਗਸੀਰ ਸਿੰਘ ਪਿੰਡ ਬਲਖੰਡੀ ਤੇ ਕੁਲਵੰਤ ਕੌਰ ਪ੍ਰਧਾਨ ਮਹਿਲਾ ਮੰਡਲ ਨੂੰ ਲੈ ਕੇ ਆਪਣੀ ਭੈਣ ਦੇ ਸਹੁਰੇ ਘਰ ਬੰਗਾਲੀ ਪੁੱਜੇ। ਜਿਥੇ ਉਸ ਦੀ ਭੈਣ ਦੇ ਪਤੀ ਸੁਲੀਨ ਨੇ ਮੇਰੀ ਭੈਣ ਨੂੰ ਸਾਡੇ ਨਾਲ ਭੇਜਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਉਸ ਨੇ ਕਿਹਾ ਕਿ ਮੈਂ ਤੁਹਾਡੀ ਭੈਣ ਨੂੰ ਢਾਈ ਲੱਖ ਰੁਪਏ ‘ਚ ਪੂਜਾ ਤੋਂ ਖਰੀਦਿਆ ਹੈ। ਇਸ ਲਈ ਮੈਂ ਉਸ ਨੂੰ ਤੁਹਾਡੇ ਘਰ ਨਹੀਂ ਭੇਜ ਸਕਦਾ, ਤੁਸੀਂ ਜਦ ਚਾਹੋਂ ਉਸ ਨਾਲ ਮਿਲ ਸਕਦੇ ਹੋ।

ਇਸ ਤਰ੍ਹਾਂ ਮੇਰੀ ਸਹੇਲੀ ਨੇ ਹੀ ਮੇਰੀ ਭੈਣ ਨੂੰ ਢਾਈ ਲੱਖ ਰੁਪਏ ‘ਚ ਵੇਚ ਕੇ ਧੋਖਾ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਮੋਗਾ ਦੇ ਹੁਕਮ ‘ਤੇ ਇਸ ਦੀ ਜਾਂਚ ਡੀ. ਐੱਸ. ਪੀ. ਸਿਟੀ ਮੋਗਾ ਵੱਲੋਂ ਕੀਤੀ ਗਈ। ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਪਰ ਕਥਿਤ ਦੋਸ਼ੀ ਮਹਿਲਾ ਪੂਜਾ ਤੇ ਸੁਲੀਨ ਨੂੰ ਵਾਰ-ਵਾਰ ਬਲਾਉਣ ‘ਤੇ ਜਾਂਚ ‘ਚ ਸ਼ਾਮਲ ਨਹੀਂ ਹੋਏ ਤੇ ਇਨਕਾਰ ਕਰ ਦਿੱਤਾ।

ਇਸ ਤੋਂ ਬਾਅਦ ਬਾਘਾਪੁਰਾਣਾ ਪੁਲਿਸ ਵੱਲੋਂ ਪੂਜਾ ਤੇ ਸੁਲੀਨ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਇਸ ਮਾਮਲੇ ਦੀ ਅਗਲੀ ਜਾਂਚ ਸਹਾਇਕ ਥਾਣੇਦਾਰ ਬਲਵੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ,ਜਿਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।