ਜ਼ਿਲ੍ਹਾ ਸੰਗਰੂਰ ਸਮੇਤ ਪਟਿਆਲਾ ‘ਚ ਬਿਜਲੀ ਚੋਰਾਂ ਖਿਲਾਫ਼ ਕਾਰਵਾਈ | Electricity Thieves
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਵੱਲੋਂ ਬਿਜਲੀ ਚੋਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਛਾਪੇਮਾਰੀ ਕਰਕੇ ਲੱਖਾਂ ਰੁਪਏ ਦੇ ਜੁਰਮਾਨੇ ਵਸੂਲੇ ਗਏ ਹਨ। ਪਾਵਰਕੌਮ ਵੱਲੋਂ ਜ਼ਿਲ੍ਹਾ ਸੰਗਰੂਰ ਸਮੇਤ ਹੋਰਨਾਂ ਥਾਈਂ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਬਿਜਲੀ ਚੋਰੀ ਦੇ ਕਈ ਮਾਮਲੇ ਫੜੇ ਗਏ। ਪਾਵਰਕੌਮ ਤੋਂ ਹਾਸਲ ਜਾਣਕਾਰੀ ਮੁਤਾਬਿਕ 10 ਤੋਂ 14 ਸਤੰਬਰ ਤੱਕ ਪਾਵਰਕੌਮ ਦੀਆਂ ਵੱਖ-ਵੱਖ ਟੀਮਾਂ ਨੇ ਸੰਗਰੂਰ ਤੇ ਪਾਤੜਾਂ ਡਵੀਜ਼ਨਾਂ ‘ਚ ਛਾਪੇਮਾਰੀ ਕੀਤੀ। (Electricity Thieves)
ਇਸ ਦੌਰਾਨ ਸੀਨੀਅਰ ਐਕਸੀਅਨ ਵੰਡ ਸੰਗਰੂਰ ਦੀ ਨਿਗਰਾਨੀ ਹੇਠ ਤਿੰਨ ਟੀਮਾਂ ਐੱਸਡੀਓ ਭਵਾਨੀਗੜ੍ਹ, ਐੱਸਡੀਓ ਸਬ ਅਰਬਨ ਸੁਨਾਮ ਤੇ ਏਈ ਘਰਾਚੋਂ ਵੱਲੋਂ ਪਿੰਡ ਨਾਗਰਾ ਵਿਖੇ ਛਾਪਾ ਮਾਰਿਆ। ਇੱਕ ਮਾਮਲੇ ‘ਚ ਘਰਾਚੋਂ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਨਾਗਰਾ ਦੇ ਖਪਤਕਾਰਾਂ ਵੱਲੋਂ ਮੀਟਰਾਂ ਦੀ ਛੇੜਛਾੜ ਕਰਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਦੋਵਾਂ ਖਪਤਕਾਰਾਂ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ ਤੇ ਦੋਵਾਂ ਖਪਤਕਾਰਾਂ ਤੋਂ 41050 ਰੁਪਏ ਅਤੇ 36928 ਰੁਪਏ ਜੁਰਮਾਨਾ ਪਾਇਆ ਗਿਆ। ਇਸ ਦੌਰਾਨ ਪਿੰਡ ਨਾਗਰਾ ਵਿਖੇ ਕਿਸਾਨ ਯੂਨੀਅਨ ਨੇ ਟੀਮ ਨੂੰ ਘੇਰ ਲਿਆ ਤੇ ਛੇੜਛਾੜ ਵਾਲੇ ਮੀਟਰ ਵਾਪਸ ਲਗਾਉਣ ਦੀ ਮੰਗ ਕੀਤੀ।
ਉਨ੍ਹਾਂ ਵੱਲੋਂ ਐਲਸੀਆਰ ਨੂੰ ਰੱਦ ਕਰਨ ਲਈ ਕਿਹਾ ਤੇ ਪੁਲਿਸ ਦੀ ਮੱਦਦ ਨਾਲ ਇਸ ਟੀਮ ਨੂੰ ਪੰਜ ਘੰਟਿਆਂ ਬਾਅਦ ਰਿਹਾਅ ਕੀਤਾ। ਇਸ ਤੋਂ ਇਲਾਵਾ ਏਈ ਘਰਾਚੋਂ ਵੱਲੋਂ ਬਿਜਲੀ ਚੋਰੀ ਦੇ ਦੋ ਮਾਮਲੇ ਫੜੇ ਗਏ, ਜਿਸ ਵਿੱਚ ਦੋਵਾਂ ਖਪਤਕਾਰਾਂ ਤੋਂ 71000 ਤੇ 73000 ਰੁਪਏ ਜੁਰਮਾਨਾ ਵਸੂਲਿਆ ਗਿਆ ਤੇ ਦੋਵਾਂ ਖਪਤਕਾਰਾਂ ਤੋਂ ਮਿਸ਼ਰਿਤ ਫੀਸ ਵਜੋਂ 33000 ਤੇ 18000 ਰੁਪਏ ਵਸੂਲ ਕੀਤੇ ਗਏ ਹਨ। ਅੱਜ ਕਈ ਟੀਮਾਂ ਵੱਲੋਂ ਪਾਤੜਾਂ ਡਵੀਜ਼ਨ ਦੇ ਵੱਖ-ਵੱਖ ਹਿੱਸਿਆਂ ‘ਚ ਛਾਪੇ ਮਾਰੇ ਤੇ 350 ਖਪਤਕਾਰਾਂ ਦੇ ਮੀਟਰਾਂ ਨੂੰ ਚੈੱਕ ਕੀਤਾ ਤੇ ਚੋਰੀ ਦੇ 19 ਮਾਮਲੇ ਸਾਹਮਣੇ ਆਏ। ਇਨ੍ਹਾਂ ਨੂੰ 3 ਲੱਖ 25000 ਰੁਪਏ ਜੁਰਮਾਨਾ ਕੀਤਾ। ਪਟਿਆਲਾ ਸਰਕਲ ‘ਚ ਨਾਭਾ ਡਵੀਜ਼ਨ ਅਧੀਨ ਪੈਂਦੇ ਘਮੌੜਾ ਸਬ ਡਵੀਜ਼ਨ ਅਧੀਨ ਪੈਂਦੇ ਪਿੰਡ ਅਬਲੋਵਾਲ ਵਿੱਚ 4 ਖਪਤਕਾਰਾਂ ਨੂੰ ਬਿਜਲੀ ਚੋਰੀ ਕਰਦਿਆਂ ਫੜਿਆ ਗਿਆ।
ਸਾਰੇ ਕੁਨੈਕਸ਼ਨ ਕੀਤੇ ਜਾਣਗੇ ਚੈੱਕ | Electricity Thieves
ਪਾਵਰਕੌਮ ਦੇ ਸੀਐੱਮਡੀ ਬਲਦੇਵ ਸਿੰਘ ਸਰਾਂ ਦਾ ਕਹਿਣਾ ਹੈ ਕਿ ਬਿਜਲੀ ਚੋਰੀ ਸਬੰਧੀ ਸਾਰੇ ਖਪਤਕਾਰਾਂ ਦੇ 100 ਫੀਸਦੀ ਕੁਨੈਕਸ਼ਨਾਂ ਨੂੰ ਨਿਰਧਾਰਿਤ ਪੜਾਅ ‘ਚ ਚੈੱਕ ਕੀਤਾ ਜਾਵੇਗਾ। ਪਾਵਰਕੌਮ ਆਪਣੇ ਕਿਸੇ ਵੀ ਕਰਮਚਾਰੀ ਦੁਆਰਾ ਬਿਜਲੀ ਚੋਰੀ ਦੇ ਕਿਸੇ ਭ੍ਰਿਸ਼ਟ ਕੰਮ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਆਮ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਚੋਰੀ ਸਬੰਧੀ ਸਬੰਧਿਤ ਅਧਿਕਾਰੀਆਂ ਨੂੰ ਜਾਣਕਾਰੀ ਦੇਣ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।