ਖੇਤੀ ਦਾ ਸ਼ੌਕ ਰੱਖਦੇ ਮੁੰਡੇ ਨੇ ਲਾਇਆ ਤੀਰ ਨਿਸ਼ਾਨੇ ’ਤੇ

Fond of Farming, Arrow Shot

ਵਿਸ਼ਵ ਤੀਰਅੰਦਾਜ਼ੀ ਚੈਪੀਂਅਨਸ਼ਿਪ ’ਚੋਂ ਸੁਖਬੀਰ ਨੇ ਜਿੱਤਿਆ ਸੋਨ ਤਗ਼ਮਾ | Ferozepur News

ਫਿਰੋਜ਼ਪੁਰ (ਸੱਤਪਾਲ ਥਿੰਦ)। ਮਾਲਵੇ ਦੇ ਖਿਡਾਰੀ ਹੁਣ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ’ਚ ਚਮਕਣ ਲੱਗੇ ਨੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਬਾਰੇਕੇ ਦੇ ਜੰਮਪਲ ਨੌਜਵਾਨ ਨੂੰ ਖੇਤੀ ਦਾ ਸ਼ੌਂਕ ਸੀ ਪਰ ਉਹ ਖੇਡ ਖੇਤਰ ’ਚ ਵੀ ਸਫ਼ਲ ਹੋ ਰਿਹਾ ਹੈ ਇਸ ਖਿਡਾਰੀ ਨੇ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ’ਚੋਂ ਸੋਨੇ ਦਾ ਤਗ਼ਮਾ ਹਾਸਲ ਕੀਤਾ ਹੈ ਜੇਤੂ ਖਿਡਾਰੀ ਦਾ ਪਿੰਡ ਪੁੱਜਣ ’ਤੇ ਓਲੰਪੀਅਨਾਂ ਵਾਂਗ ਸਵਾਗਤ ਕੀਤਾ ਗਿਆ ਵੇਰਵਿਆਂ ਮੁਤਾਬਿਕ ਸੁਖਬੀਰ ਸਿੰਘ (19) ਪੁੱਤਰ ਕਾਬਲ ਸਿੰਘ ਖੇਤੀਬਾੜੀ ਦਾ ਤਾਂ ਸ਼ੌਕੀਨ ਸੀ ਪਰ ਪੜ੍ਹਾਈ ’ਚ ਕਮਜ਼ੋਰ ਸੀ ਇਸ ਦੌਰਾਨ ਉਸਨੇ ਆਪਣੀ ਭੂਆ ਦੇ ਲੜਕੇ ਦੀ ਪ੍ਰੇਰਨਾ ਸਦਕਾ ਅਬੋਹਰ ਦੇ ਇੱਕ ਸਕੂਲ ’ਚ ਅੱਠਵੀਂ ਜਮਾਤ ’ਚ ਦਾਖਲਾ ਲਿਆ। (Ferozepur News)

ਜਿੱਥੇ ਪੜ੍ਹਾਈ ਦੇ ਨਾਲ-ਨਾਲ ਤੀਰਅੰਦਾਜ਼ੀ ਦੀ ਸ਼ੁਰੂਆਤ ਕੀਤੀ ਚੰਗੇ ਨਿਸ਼ਾਨਿਆਂ ਦੇ ਮਾਹਿਰ ਸੁਖਬੀਰ ਦੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਲਈ ਚੋਣ ਹੋਈ ਤਾਂ ਉਸਦੀ ਕਾਮਯਾਬੀ ਦੇ ਰਸਤੇ ਖੁੱਲ੍ਹਣੇ ਸ਼ੁਰੂ ਹੋ ਗਏ। ਸੁਖਬੀਰ ਸਿੰਘ ਦੇ ਪਿਤਾ ਕਾਬਲ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਉਸ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਪਹਿਲਾਂ ਢਾਈ ਲੱਖ ਖਰਚ ਕੇ ਤੀਰਅੰਦਾਜ਼ੀ ਦਾ ਸਾਜੋ ਸਮਾਨ ਖਰੀਦ ਕੇ ਦਿੱਤਾ ਸੀ ਉਸਨੇ ਆਪਣੇ ਕੋਚ ਸੁਰਿੰਦਰ ਸਿੰਘ ਰੰਧਾਵਾ ਦੀ ਪ੍ਰੇਰਣਾ ਸਦਕਾ ਅਗਲਾ ਸਫਰ ਤੈਅ ਕਰਦਿਆਂ 18 ਅਗਸਤ ਨੂੰ ਸਪੇਨ ’ਚ ਹੋਈ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ’ਚ ਉਸਨੇ ਭਾਰਤ ਵੱਲੋਂ ਖੇਡਦਿਆਂ ਫ਼ਾਈਨਲ ਮੁਕਾਬਲੇ ’ਚ ਸਵਿੱਟਜ਼ਰਲੈਂਡ ਦੇ ਖਿਡਾਰੀ ਨੂੰ ਮਾਤ ਦਿੰਦਿਆਂ ਸੋਨ ਤਗ਼ਮਾ ਜਿੱਤਿਆ। (Ferozepur News)

ਅਸੀਂ ਖੁਸ਼ ਨਸੀਬ ਹਾਂ ਸਾਡਾ ਪੁੱਤ ਨਸ਼ਿਆਂ ਤੋਂ ਦੂਰ ਹੈ : ਕਾਬਲ ਸਿੰਘ

ਸੁਖਬੀਰ ਸਿੰਘ ਦੇ ਪਿਤਾ ਕਾਬਲ ਸਿੰਘ ਨੇ ਦੱਸਿਆ ਕਿ ਉਹ ਖੁਸ਼ ਨਸੀਬ ਹੈ ਕਿ ਉਨ੍ਹਾਂ ਦਾ ਪੁੱਤਰ ਨਸ਼ਿਆਂ ਤੋਂ ਦੂਰ ਰਹਿ ਕੇ ਇਸ ਮੰਜ਼ਿਲ ਤੱਕ ਪਹੁੰਚਿਆ ਹੈ, ਜਿਸਦਾ ਉਨ੍ਹਾਂ ਨੂੰ ਸਦਾ ਮਾਣ ਰਹੇਗਾ ਕਿ ਬਿਹਤਰ ਭਵਿੱਖ ਲਈ ਅੱਗੇ ਵਧ ਰਿਹਾ ਹੈ ਕਾਬਲ ਸਿੰਘ ਨੇ ਆਖਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। (Ferozepur News)

ਵਿਹਲੇ ਬੈਠਣ ਨਾਲੋਂ ਕੋਈ ਖੇਡ ਸ਼ੁਰੂ ਕਰਲੋ : ਸੁਖਬੀਰ

ਤੀਰਅੰਦਾਜ਼ ਸੁਖਬੀਰ ਸਿੰਘ ਨੇ ਦੱਸਿਆ ਕਿ ਨੌਜਵਾਨ ਬੇਰੁਜ਼ਗਾਰ ਹੋਣ ਕਾਰਨ ਵਿਹਲੇ ਬੈਠੇ ਜੋ ਨਸ਼ਿਆਂ ’ਚ ਪੈ ਰਹੇ ਹਨ,ਉਨ੍ਹਾਂ ਨੂੰ ਵੇਹਲੇ ਬੈਠਣ ਦੀ ਥਾਂ ਕੋਈ ਖੇਡ ਸ਼ੁਰੂ ਕਰ ਲੈਣੀ ਚਾਹੀਦੀ ਹੈ ਤਾਂ ਜੋ ਉਹ ਵੀ ਕਿਸੇ ਮੁਕਾਮ ’ਤੇ ਪਹੁੰਚ ਸਕਣ। ਸੁਖਬੀਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਸ ਨੇ 2016 ਵਿੱਚ ਸਕੂਲ ਸਟੇਟ ਪੱਧਰ ਮੁਕਾਬਲੇ ’ਚ ਸਿਲਵਰ ਮੈਡਲ ਹਾਸਲ ਕੀਤਾ, ਜਿਸ ਤੋਂ ਬਾਅਦ ਉਸਦੀ ਚੋਣ ਪੰਜਾਬੀ ਯੂਨੀਵਰਸਿਟੀ, ਪਟਿਆਲਾ ’ਚ ਹੋਈ, ਜਿਸ ਮਗਰੋਂ ਉਸਨੇ ਜੂਨੀਅਰ ਨੈਸ਼ਨਲ ’ਚ ਗੋਲਡ ਮੈਡਲ, ਸੀਨੀਅਰ ਨੈਸ਼ਨਲ ’ਚ ਗੋਲਡ ਮੈਡਲ ਤੇ ਸਕੂਲ ਨੈਸ਼ਨਲ ਮੁਕਾਬਲਿਆਂ ’ਚ ਵੀ 4-5 ਗੋਲਡ ਮੈਡਲ ਹਾਸਲ ਕੀਤੇ ਹਨ। ਸੁਖਬੀਰ ਨੇ ਦੱਸਿਆ ਕਿ ਹੁਣ ਨਵੰਬਰ ਮਹੀਨੇ ’ਚ ਹੋਣ ਵਾਲੀ ਏਸ਼ੀਅਨ ਚੈਂਪੀਅਨਸ਼ਿਪ ਲਈ ਉਸਦੀ ਚੋਣ ਹੋਈ ਹੈ, ਜਿਸ ’ਚੋਂ ਵੀ ਸੋਨ ਤਗ਼ਮਾ ਜਿੱਤਕੇ ਉਹ ਦੇਸ਼ ਦਾ ਨਾਂਅ ਰੌਸ਼ਨ ਕਰਨ ਦੀ ਕੋਸ਼ਿਸ਼ ਕਰੇਗਾ। (Ferozepur News)