ਪਾਬੰਦੀਆਂ ਨੇ ਕੀਤੇ ਕਸ਼ਮੀਰੀ ਵਿਦਿਆਰਥੀਆਂ ਦੇ ਖੀਸੇ ਖਾਲੀ

Kashmir, Students

ਵਿਦਿਆਰਥੀ ਆਰਥਿਕ ਤੰਗੀਆਂ ਤੁਰਸ਼ੀਆਂ ਹੰਢਾਉਣ ਲਈ ਮਜ਼ਬੂਰ

ਬਠਿੰਡਾ (ਅਸ਼ੋਕ ਵਰਮਾ)। ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ’ਚ ਧਾਰਾ 370 ਅਤੇ 35 ਏ ਖਤਮ ਕਰਨ ਮੌਕੇ ਲਾਈਆਂ ਪਾਬੰਦੀਆਂ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਆਰਥਿਕ ਤੰਗੀਆਂ ਤੁਰਸ਼ੀਆਂ ਵੱਲ ਧੱਕ ਦਿੱਤਾ ਹੈ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਅਦਾਰਿਆਂ ’ਚ ਇਸ ਵੇਲੇ ਕਸ਼ਮੀਰ ਵਾਦੀ ਨਾਲ ਸਬੰਧਿਤ ਕਰੀਬ 1500 ਲੜਕੇ-ਲੜਕੀਆਂ ਪੜ੍ਹਾਈ ਕਰ ਰਹੇ ਹਨ ਇਨ੍ਹਾਂ ’ਚੋਂ 400 ਤੋਂ ਜ਼ਿਆਦਾ ਤਾਂ ਇਕੱਲੇ ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ ਵਿੱਚ ਹਨ ਜਦੋਂਕਿ 800 ਤੋਂ ਵੱਧ ਆਦੇਸ਼ ਯੂਨੀਵਰਸਿਟੀ ’ਚ ਹਨ  ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਹੋਰਨਾਂ ਵਿੱਦਿਅਕ ਅਦਾਰਿਆਂ ਵਿੱਚ ਵੀ ਕਾਫ਼ੀ ਕਸ਼ਮੀਰੀ ਵਿਦਿਆਰਥੀ ਹਨ।

ਸੂਤਰ ਦੱਸਦੇ ਹਨ ਕਿ ਪੰਜਾਬ ਭਰ ਵਿੱਚ ਕਰੀਬ ਅੱਠ ਹਜ਼ਾਰ ਕਸ਼ਮੀਰੀ ਵਿਦਿਆਰਥੀ ਪੜ੍ਹ ਰਹੇ ਹਨ। ਬਠਿੰਡਾ ਸ਼ਹਿਰ ਦੇ ਕਈ ਪੀਜੀ ਹਾਊਸਿਜ਼ ’ਚ ਕਾਫੀ ਵਿਦਿਆਰਥੀ ਰਹਿ ਰਹੇ ਹਨ ਬਠਿੰਡਾ ਜ਼ਿਲ੍ਹੇ ’ਚ ਤਾਂ ਇਹ ਹਾਲ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਕਿਰਾਇਆ ਤੇ ਖਾਣ ਪੀਣ ਦੀ ਅਦਾਇਗੀ ਮੁਸ਼ਕਲ ਹੋਣ ਲੱਗੀ ਹੈ ਉੱਪਰੋਂ ਕਸ਼ਮੀਰ ’ਚ ਮੋਬਾਇਲ ਫੋਨ ਸੇਵਾਵਾਂ ’ਤੇ ਲੱਗੀ ਰੋਕ ਕਾਰਨ ਨਾ ਉਹ ਆਪਣੇ ਮਾਪਿਆਂ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਨਾ ਹੀ ਮਾਪਿਆਂ ਦਾ ਆਪਣੇ ਧੀਆਂ ਪੁੱਤਰਾਂ ਨਾਲ ਕੋਈ ਸੰਪਰਕ ਬਣ ਰਿਹਾ ਹੈ।

ਭਾਵੇਂ ਅੱਜ ਕਸ਼ਮੀਰ ਦੀਆਂ ਕੁਝ ਹੋਰ ਥਾਵਾਂ ’ਤੇ ਮੋਬਾਇਲ ਸੇਵਾ ਸ਼ੁਰੂ ਕਰਨ ਦੀ ਗੱਲ ਸਾਹਮਣੇ ਆਈ ਹੈ ਪ੍ਰੰਤੂ ਇਨ੍ਹਾਂ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਅਜੇ ਵੀ ਬਰਕਰਾਰ ਹਨ ਵੱਡੀ ਸਮੱਸਿਆ ਹੈ ਕਿ ਕਈ ਨੌਜਵਾਨਾਂ ਕੋਲ ਤਾਂ ਇਸ ਵੇਲੇ ਪੈਸੇ ਵੀ ਪੂਰੀ ਤਰ੍ਹਾਂ ਖਤਮ ਹੋ ਗਏ ਹਨ ਜਦੋਂ ਤੱਕ ਇੰਟਰਨੈੱਟ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਨਹੀਂ ਹੁੰਦੀਆਂ ਉਦੋਂ ਤੱਕ ਇਨ੍ਹਾਂ ਕਸ਼ਮੀਰੀ ਨੌਜਵਾਨਾਂ ਦੇ ਖਾਤਿਆਂ ’ਚ ਪੈਸਾ ਟਰਾਂਸਫਰ ਹੋਣਾ ਵੀ ਮੁਸ਼ਕਲ ਹੈ। ਭਾਵੇਂ ਸਿੱਧੇ ਤੌਰ ’ਤੇ ਕਿਸੇ ਵਿਦਿਆਰਥੀ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪ੍ਰੰਤੂ ਕੁਝ ਪੀਜੀ ਮਾਲਕਾਂ ਵੱਲੋਂ ਇਨ੍ਹਾਂ ਨੌਜਵਾਨਾਂ ਤੋਂ ਪੈਸਿਆਂ ਲਈ ਲਗਾਤਾਰ ਤਕਾਜ਼ਾ ਕਰਨ ਦੇ ਚਰਚੇ ਹਨ।

ਇਹ ਵੀ ਪੜ੍ਹੋ : ਬਠਿੰਡਾ ‘ਚ ਵਰ੍ਹਿਆ ਮੀਂਹ, ਜਾਣੋ ਆਉਣ ਵਾਲੇ ਦਿਨਾਂ ਦਾ ਮੌਸਮ

ਏਦਾਂ ਦੇ ਨਾਜ਼ੁਕ ਮਾਹੌਲ ਵਿੱਚ ਬਹੁਤੇ ਨੌਜਵਾਨਾਂ ਨੂੰ ਤਾਂ ਇਹ ਸਮਝ ਨਹੀਂ ਆ ਰਿਹਾ ਹੈ ਕਿ ਉਹ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਕਿਸ ਤਰ੍ਹਾਂ ਰੋੜ੍ਹਨ ਵਿਦਿਆਰਥੀ ਆਖਦੇ ਹਨ ਕਿ ਉਨ੍ਹਾਂ ਕੋਲ ਤਾਂ ਕੋਈ ਅਜਿਹੀ ਵਸਤੂ ਵੀ ਨਹੀਂ, ਜਿਸ ਨੂੰ ਵੇਚ ਕੇ ਉਹ ਆਪਣਾ ਗੁਜ਼ਾਰਾ ਕਰ ਸਕਣ ਇਸ ਮਹੌਲ ਦਾ ਸਿੱਧਾ ਅਸਰ ਇਨ੍ਹਾਂ ਨੌਜਵਾਨਾਂ ਦੀ ਪੜ੍ਹਾਈ ’ਤੇ ਪੈ ਰਿਹਾ ਹੈ ਸੂਤਰ ਆਖਦੇ ਹਨ ਕਿ ਕਈ ਵਿਦਿਆਰਥੀ ਕਸ਼ਮੀਰ ’ਚ ਫਸੇ ਹੋਣ ਕਰਕੇ ਵਾਪਸ ਨਹੀਂ ਆਏ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਸ਼ਮੀਰੀ ਵਿਦਿਆਰਥੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਸਮੱਸਿਆ ਦੇ ਹੱਲ ਲਈ ਸਹਾਇਤਾ ਦੀ ਮੰਗ ਕੀਤੀ ਹੈ।

ਕਸ਼ਮੀਰੀ ਵਿਦਿਆਰਥੀਆਂ ਪ੍ਰਤੀ ਪ੍ਰਸ਼ਾਸਨ ਗੰਭੀਰ | Kashmiri Students

ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਬੀ ਸ੍ਰੀਨਿਵਾਸਨ ਦਾ ਕਹਿਣਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਕਸ਼ਮੀਰੀ ਵਿਦਿਆਰਥੀਆਂ ਪ੍ਰਤੀ ਗੰਭੀਰ ਹੈ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕੋਲ ਅਜੇ ਤੱਕ ਅਜਿਹਾ ਕੋਈ ਮਾਮਲਾ ਨਹੀਂ ਆਇਆ ਹੈ ਉਨ੍ਹਾਂ ਆਖਿਆ ਕਿ ਜੇਕਰ ਕਸ਼ਮੀਰੀ ਵਿਦਿਆਰਥੀ ਉਨ੍ਹਾਂ ਨੂੰ ਆਪਣੀਆਂ ਮੁਸ਼ਕਲ ਸਬੰਧੀ ਜਾਣਕਾਰੀ ਦੇਣਗੇ ਤਾਂ ਉਨ੍ਹਾਂ ਦੇ ਜ਼ਿਲ੍ਹੇ ਨਾਲ ਸਬੰਧਿਤ ਜ਼ਿਲ੍ਹਾ ਕੁਲੈਕਟਰ ਨਾਲ ਗੱਲ ਕਰਕੇ ਮਸਲੇ ਦਾ ਹੱਲ ਕੱਢ ਲਿਆ ਜਾਏਗਾ। (Kashmiri Students)

ਪੈਸੇ ਦੀ ਤੰਗੀ ਆਈ | Kashmiri Students

ਆਦੇਸ਼ ’ਵਰਸਿਟੀ ਦੇ ਵਿਦਿਆਰਥੀ ਸ਼ਾਹਿਦ ਰਾਸ਼ੀਦ ਵਾਸੀ ਬੜਗਾਮ ਦਾ ਕਹਿਣਾ ਸੀ ਕਿ ਧਾਰਾ 370 ਖਤਮ ਕਰਨ ਨਾਲ ਉਨ੍ਹਾਂ ਦੀਆਂ ਮੁਸੀਬਤਾਂ ਵਧ ਗਈਆਂ ਹਨ ਉਨ੍ਹਾਂ ਨੂੰ ਤਾਂ ਆਪਣੀਆਂ ਫੀਸਾਂ ਤਾਰਨੀਆਂ ਮੁਸ਼ਕਲ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਘਾਟੀ ’ਚ ਬੈਂਕ ਬੰਦ ਰਹਿਣ ਕਾਰਨ ਉਨ੍ਹਾਂ ਨੂੰ ਪੈਸਿਆਂ ਦੀ ਤੰਗੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਪੇ ਵੀ ਆਪਣੇ ਬੱਚਿਆਂ ਪ੍ਰਤੀ ਫਿਕਰਮੰਦ ਹੋਣਗੇ ਤੇ ਉਨ੍ਹਾਂ ਨੂੰ ਵੀ ਘਰ ਪਰਿਵਾਰ ਦੀ ਚਿੰਤਾ ਸਤਾ ਰਹੀ ਹੈ। (Kashmiri Students)

ਇੰਟਰਨੈੱਟ ਸੇਵਾ ਚਾਲੂ ਕਰੇ ਸਰਕਾਰ | Kashmiri Students

ਬੜਗਾਮ ਖਿੱਤੇ ਦੇ ਵਿਦਿਆਰਥੀ ਮੁਹੰਮਦ ਸ਼ਕੀਲ ਤਾਂਤਰੇ ਦਾ ਕਹਿਣਾ ਸੀ ਕਿ ਪਿਛਲੇ ਕੁਝ ਦਿਨਾਂ ਦੌਰਾਨ ਖਾਣ ਪੀਣ ਵਾਲੀਆਂ ਜ਼ਰੂਰੀ ਵਸਤਾਂ ਮਹਿੰਗੀਆਂ ਹੋ ਗਈਆਂ ਹਨ, ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀ ਜੇਬ ’ਤੇ ਪਿਆ ਹੈ ਜੋਕਿ ਪਹਿਲਾਂ ਹੀ ਖਾਲੀ ਹੋ ਚੁੱਕੀ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਉਨ੍ਹਾਂ ਦੇ ਮਾਤਾ ਪਿਤਾ ਕਿਸ ਹਾਲਤ ’ਚ ਹਨ ਇਸ ਲਈ ਇੰਟਰਨੈੱਟ ਤੇ ਮੋਬਾਇਲ ਫੋਨ ਸੇਵਾਵਾਂ ਤਾਂ ਚਾਲੂ ਕਰ ਦੇਣੀਆਂ ਚਾਹੀਦੀਆਂ ਸਨ। (Kashmiri Students)