ਪਾਵਰਕੌਮ ਨੇ ਬਿਜਲੀ ਚੋਰਾਂ ਨੂੰ ਇੱਕ ਮਹੀਨੇ ‘ਚ ਕੀਤੇ 22 ਕਰੋੜ ਤੋਂ ਵੱਧ ਦੇ ਜ਼ੁਰਮਾਨੇ

PSPCL

ਵੱਖ-ਵੱਖ ਜੋਨਾਂ ‘ਚ 168214 ਕੁਨੈਕਸ਼ਨ ਕੀਤੇ ਚੈਕ, 5816 ਕੇਸ ਚੋਰੀ ਜਾਂ ਮੀਟਰਾਂ ਦੀ ਗੜਬੜੀ ਦੇ ਪਾਏ ਗਏ

  • ਬਿਜਲੀ ਚੋਰੀ ਦੀ ਜਾਣਕਾਰੀ ਦੇਣ ਲਈ ਸਾਰੇ ਦਫ਼ਤਰਾਂ ਦੇ ਨੋਟਿਸ ਬੋਰਡਾਂ ‘ਤੇ ਲੱਗਣਗੇ ਸੰਪਰਕ ਨੰਬਰ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਬਿਜਲੀ ਚੋਰਾਂ ਤੇ ਭ੍ਰਿਸ਼ਟਾਚਾਰ ਵਿਰੁੱਧ ਪੂਰੀ ਤਰ੍ਹਾਂ ਸਖਤ ਹੋ ਗਿਆ ਹੈ। ਪਾਵਰਕੌਮ ਵੱਲੋਂ ਇੱਕ ਮਹੀਨੇ ਦੇ ਸਮੇਂ ਵਿੱਚ ਹੀ ਬਿਜਲੀ ਚੋਰਾਂ ਨੂੰ 22 ਕਰੋੜ ਤੋਂ ਵੱਧ ਦੇ ਜੁਰਮਾਨੇ ਕੀਤੇ ਗਏ ਹਨ। ਹੁਣ ਬਿਜਲੀ ਚੋਰਾਂ ਦੀ ਪੈੜ ਨੱਪਣ ਲਈ ਵਿਸ਼ੇਸ਼ ਨੰਬਰ ਵੀ ਜਾਰੀ ਕੀਤੇ ਗਏ ਹਨ, ਤਾਂ ਜੋ ਆਮ ਲੋਕ ਬਿਜਲੀ ਚੋਰੀ ਦੀ ਸੂਚਨਾ ਦੇ ਸਕਣ ਤੇ ਦੱਸਣ ਵਾਲੇ ਦੇ ਨਾਂਅ ਪੂਰੀ ਤਰ੍ਹਾਂ ਗੁਪਤ ਰੱਖੇ ਜਾਣਗੇ। ਜਾਣਕਾਰੀ ਅਨੁਸਾਰ ਬਿਜਲੀ ਮਹਿਕਮੇ ਨੂੰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਖੁਦ ਦੇਖ ਰਹੇ ਹਨ ਕਿਉਂਕਿ ਨਵਜੋਤ ਸਿੰਘ ਸਿੱਧੂ ਵੱਲੋਂ ਬਿਜਲੀ ਮਹਿਕਮੇ ਨੂੰ ਸਾਂਭਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਮੰਤਰੀਸ਼ਿਪ ਤੋਂ ਅਸਤੀਫਾ ਵੀ ਦੇ ਗਿਆ। ਇਸ ਮਸਲੇ ਤੋਂ ਬਾਅਦ ਅਮਰਿੰਦਰ ਸਿੰਘ ਵੱਲੋਂ ਖੁਦ ਪਾਵਰਕੌਮ ਦੇ ਸੀਐੱਮਡੀ ਤੋਂ ਲੈ ਕੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਤੋਂ ਬਾਅਦ ਪਾਵਰਕੌਮ ਵੱਲੋਂ ਬਿਜਲੀ ਚੋਰਾਂ ਖਿਲਾਫ਼ ਵੱਖ-ਵੱਖ ਟੀਮਾਂ ਬਣਾ ਕੇ ਆਪਣੀ ਕਾਰਵਾਈ ਆਰੰਭ ਦਿੱਤੀ ਗਈ। ਪਾਵਰਕੌਮ ਵੱਲੋਂ 1 ਜੁਲਾਈ 2019 ਤੋਂ ਲੈ ਕੇ ਹੁਣ ਤੱਕ ਲਗਭਗ ਵੱਖ-ਵੱਖ ਜੋਨਾਂ ‘ਚ 168214 ਕੁਨੈਕਸ਼ਨ ਚੈਕ ਕੀਤੇ ਗਏ ਹਨ। ਇਸ ਦੌਰਾਨ ਇਨ੍ਹਾਂ ਟੀਮਾਂ ਵੱਲੋਂ 5, 816 ਕੇਸ ਬਿਜਲੀ ਚੋਰੀ ਜਾਂ ਮੀਟਰਾਂ ਵਿੱਚ ਗੜਬੜ ਕੀਤੀ ਹੋਣ ਦੇ ਪਾਏ ਗਏ। ਇਸ ਤੋਂ ਇਲਾਵਾ ਅਣਅਧਿਕਾਰਤ ਲੋਡ ਆਦਿ ਦੇ 6740 ਕੇਸ ਪਾਏ ਗਏ। ਬਿਜਲੀ ਚੋਰੀ ਫੜਨ ਵਾਲੀਆਂ ਕਈ ਟੀਮਾਂ ਨੂੰ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਤੇ ਲੋਕਾਂ ਵੱਲੋਂ ਇਨ੍ਹਾਂ ਟੀਮਾਂ ਨੂੰ ਘੇਰ ਵੀ ਲਿਆ।

ਇਸ ਦੇ ਬਾਵਜ਼ੂਦ ਵੀ ਪਾਵਰਕੌਮ ਨੇ ਬਿਜਲੀ ਚੋਰੀ ਖਿਲਾਫ਼ ਆਰੰਭੀ ਕਾਰਵਾਈ ਜਾਰੀ ਰੱਖੀ ਹੋਈ ਹੈ। ਇਨ੍ਹਾਂ ਟੀਮਾਂ ਵੱਲੋਂ ਕੀਤੀ ਇੱਕ ਮਹੀਨੇ ਦੀ ਚੈਕਿੰਗ ਦੌਰਾਨ ਹੀ ਬਿਜਲੀ ਚੋਰੀ ਕਰਨ ਵਾਲੇ ਲੋਕਾਂ ਨੂੰ 22 ਕਰੋੜ 12 ਲੱਖ ਰੁਪਏ ਦੇ ਜੁਰਮਾਨੇ ਠੋਕੇ ਗਏ ਹਨ। ਹੁਣ ਪਾਵਰਕੌਮ ਦੇ ਸੀਐੱਮਡੀ ਸ੍ਰੀ ਬਲਦੇਵ ਸਿੰਘ ਸਰਾਂ ਵੱਲੋਂ ਇਸ ਚੋਰੀ ‘ਤੇ ਹੋਰ ਸਖ਼ਤੀ ਕਰਦਿਆਂ ਵੱਖ-ਵੱਖ ਦਫ਼ਤਰਾਂ ਨੂੰ ਪੱਤਰ ਜਾਰੀ ਕਰਕੇ ਆਦੇਸ਼ ਦਿੱਤੇ ਗਏ ਹਨ ਉਹ ਆਪਣੇ ਦਫ਼ਤਰਾਂ ਅੰਦਰ ਬਿਜਲੀ ਚੋਰੀ ਤੇ ਭ੍ਰਿਸਟਾਚਾਰ ਸਬੰਧੀ ਸੂਚਨਾ ਦੇਣ ਲਈ ਜਾਰੀ ਕੀਤੇ ਟੈਲੀਫੋਨ ਨੰਬਰ ਨੋਟਿਸ ਬੋਰਡਾਂ ‘ਤੇ ਲਗਾਉਣ। ਉਨ੍ਹਾਂ ਕਿਹਾ ਗਿਆ ਹੈ ਕਿ ਆਮ ਵਿਅਕਤੀ ਇਨ੍ਹਾਂ ਨੰਬਰਾਂ ‘ਤੇ ਮੈਸੇਜ਼, ਵੀਡੀਓ ਜਾਂ ਵਟਸਅੱਪ ਰਾਹੀਂ ਜਾਣਕਾਰੀ ਦਿੱਤੀ ਜਾ ਸਕਦੀ ਹੈ ਤੇ ਜਾਣਕਾਰੀ ਦੇਣ ਵਾਲੇ ਦਾ ਪਤਾ ਗੁਪਤ ਰੱਖਿਆ ਜਾਵੇਗਾ।

ਬਿਜਲੀ ਚੋਰੀ ਖਿਲਾਫ਼ ਮੁਹਿੰਮ ਜਾਰੀ ਰਹੇਗੀ : ਬਲਦੇਵ ਸਿੰਘ ਸਰਾਂ

ਪਾਵਰਕੌਮ ਦੇ ਸੀਐੱਮਡੀ ਸ੍ਰੀ ਬਲਦੇਵ ਸਿੰਘ ਸਰਾਂ ਦਾ ਕਹਿਣਾ ਹੈ ਕਿ ਬਿਜਲੀ ਚੋਰਾਂ ਤੇ ਭ੍ਰਿਸ਼ਟਾਚਾਰ ਖਿਲਾਫ਼ ਵਿੱਢੀ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ 9 ਅਗਸਤ ਨੂੰ ਕਿਸਾਨ ਜਥੇਬੰਦੀਆਂ ਤੇ ਪਾਰਵਕੌਮ ਦੇ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਵਿੱਚ ਬਿਜਲੀ ਚੋਰੀ ਦੀ ਜਾਣਕਾਰੀ ਦੇਣ ਸਬੰਧੀ ਨੋਟਿਸ ਬੋਰਡਾਂ ‘ਤੇ ਨੰਬਰ ਲਗਾਉਣ ਸਬੰਧੀ ਫੈਸਲਾ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਤੁਰੰਤ ਸਾਰੇ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਚੋਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।