ਰਵਿਦਾਸ ਭਾਈਚਾਰੇ ਨੇ ਸਾੜਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ
ਲੁਧਿਆਣਾ (ਰਘਬੀਰ ਸਿੰਘ) ਦਿੱਲੀ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਾਚੀਨ ਗੁਰਦੁਆਰਾ/ਮੰਦਰ ਤੋੜਨ ਦੇ ਫੈਸਲੇ ਦੇ ਵਿਰੋਧ ਵਿੱਚ ਅੱਜ ਲੁਧਿਆਣਾ ਦੇ ਰਵਿਦਾਸ ਭਾਈਚਾਰੇ ਨੇ ਜਲੰਧਰ-ਲੁਧਿਆਣਾ ਹਾਈਵੇ ਤੇ ਚੰਡੀਗੜ੍ਹ ਰੋਡ ਜਾਮ ਕਰ ਦਿੱਤਾ ਇਸ ਨਾਲ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਲਗਭਗ 3 ਘੰਟੇ ਜਲੰਧਰ-ਲੁਧਿਆਣਾ ਹਾਈਵੇ ਪੂਰੀ ਤਰ੍ਹਾਂ ਜਾਮ ਰਿਹਾ। ਵੱਡੀ ਗਿਣਤੀ ਵਿੱਚ ਰਵਿਦਾਸ ਭਾਈਚਾਰੇ ਦੇ ਮਰਦ ਔਰਤਾਂ ਸੜਕਾਂ ‘ਤੇ ਨਿੱਕਲ ਆਏ ਤੇ ਕੇਂਦਰ ਸਰਕਾਰ ਤੇ ਕੇਜਰੀਵਾਲ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ। ਸੜਕ ਜਾਮ ਕਰਕੇ ਪ੍ਰਦਰਸ਼ਨ ਕਰ ਰਹੇ ਲੋਕ ਕਿਸੇ ਵੀ ਵਾਹਨ ਨੂੰ ਸੜਕ ਤੋਂ ਗੁਜ਼ਰਨ ਨਹੀਂ ਸਨ ਦੇ ਰਹੇ। ਮੌਕੇ ਤੇ ਪਹੁੰਚੇ ਐੱਸਡੀਐੱਮ ਮਨਦੀਪ ਸਿੰਘ ਨੂੰ ਲੋਕਾਂ ਨੇ ਮੰਗ ਪੱਤਰ ਸੌਂਪ ਕੇ ਫੈਸਲੇ ‘ਤੇ ਰੋਕ ਲਾਉਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ 21 ਅਗਸਤ ਤੱਕ ਇਸ ਫੈਸਲੇ ‘ਤੇ ਰੋਕ ਨਾ ਲਾਈ ਤਾਂ ਦਿੱਲੀ ਦੇ ਜੰਤਰ ਮੰਤਰ ‘ਤੇ ਧਰਨਾ ਦਿੱਤਾ ਜਾਵੇਗਾ।
ਜਾਮ ਕਾਰਨ ਜਲੰਧਰ ਰੋਡ ‘ਤੇ ਤਕਰੀਬਨ 5 ਕਿੱਲੋਮੀਟਰ ਲੰਮਾ ਜਾਮ ਲੱਗ ਗਿਆ। ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਮ ਕਾਰਨ ਸਕੂਲੀ ਬੱਚਿਆਂ ਨੂੰ ਪੈਦਲ ਹੀ ਆਪਣੇ ਘਰਾਂ ਵੱਲ ਜਾਣਾ ਪਿਆ। ਸਕੂਲੀ ਬੱਚਿਆਂ ਨੂੰ ਲੈਣ ਗਏ ਮਾਪੇ ਵੀ ਜਾਮ ਵਿੱਚ ਫਸ ਕੇ ਰਹਿ ਗਏ। ਸਭ ਤੋਂ ਵੱਧ ਪ੍ਰੇਸ਼ਾਨ ਬੱਸ ਵਿੱਚ ਬੈਠੇ ਲੋਕ ਵੇਖੇ ਗਏ ਜੋ ਕਿਸੇ ਜਰੂਰੀ ਕੰਮ ‘ਤੇ ਜਾਣ ਲਈ ਘਰੋਂ ਨਿੱਕਲੇ ਸਨ ਪ੍ਰੰਤੂ ਜਾਮ ਵਿੱਚ ਫਸ ਕੇ ਰਹਿ ਗਏ। ਬੱਸਾਂ ਦੇ ਮੁਸਾਫਰ ਬਾਰ ਬਾਰ ਜਾਮ ਖੁੱਲਣ ਬਾਰੇ ਪੁੱਛਦੇ ਵੇਖੇ ਗਏ।
ਹਾਲਾਂਕਿ ਸਰਵਿਸ ਲੇਨ ਵਿੱਚੋਂ ਛੋਟੇ ਵਾਹਨ ਗੁਜਰਦੇ ਰਹੇ ਪ੍ਰੰਤੂ ਵੱਡੇ ਵਾਹਨ ਮੇਨ ਲੇਨ ਵਿੱਚ ਫਸ ਕੇ ਘੰਟਿਆਂਬੱਧੀ ਜਾਮ ਵਿੱਚ ਫਸੇ ਰਹੇ। ਲੋਕਾਂ ਅੰਦਰ ਇਹ ਭਾਵਨਾ ਜਰੂਰ ਵੇਖਣ ਨੂੰ ਮਿਲੀ ਕਿ ਜਾਮ ਵਿੱਚ ਫਸੀ ਇੱਕ ਐਂਬੂਲੈਂਸ ਨੂੰ ਲੋਕਾਂ ਨੇ ਰਸਤਾ ਦੇ ਕੇ ਗੁਜ਼ਰਨ ਦੇ ਦਿੱਤਾ। ਰਵਿਦਾਸ ਭਾਈਚਾਰੇ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਪ੍ਰਾਚੀਨ ਮੰਦਰ ਨੂੰ ਤੋੜਨਾ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਤਰ੍ਹਾਂ ਚੰਡੀਗੜ੍ਹ ਰੋਡ ਵੀ ਰਵਿਦਾਸ ਭਾਈਚਾਰੇ ਨੇ ਜਾਮ ਕਰਕੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ। ਇਹ ਜਾਮ ਚੰਡੀਗੜ੍ਹ ਰੋਡ ‘ਤੇ ਸਥਿੱਤ ਜਮਾਲਪੁਰ ਵਿਖੇ ਲਾਇਆ ਗਿਆ।