ਪਰਨੀਤ ਕੌਰ ਨਾਲ 23 ਲੱਖ ਦੀ ਠੱਗੀ, ਪੁਲਿਸ ਵੱਲੋਂ ਹੱਥੋ-ਹੱਥ ਕਾਰਵਾਈ, ਠੱਗ ਫੜਿਆ ਗਿਆ

Purneet Kaur, Cheats 23 Lakh, Hand to Hand Action by Police, Cheats

ਠੱਗ ਦਬੋਚਿਆ, ਠੱਗੇ ਹੋਏ ਪੈਸੇ ਵੀ ਕਰ ਲਏ ਬਰਾਮਦ, ਠੱਗ ਨੂੰ ਟ੍ਰੇਨ ਰਾਹੀਂ ਲੈ ਕੇ ਅੱਜ ਪਟਿਆਲਾ ਪੁੱਜੇਗੀ ਪੁਲਿਸ

  • ਕਿਹੜੇ-ਕਿਹੜੇ ਰਾਜਨੀਤਿਕਾਂ ਨੂੰ ਲਾਇਆ ਚੂਨਾ, ਪੁਲਿਸ ਖੁੱਲ੍ਹਵਾਏਗੀ ਉਕਤ ਠੱਗ ਤੋਂ ਰਾਜ਼
  • ਕਈ ਹੋਰ ਵਿਅਕਤੀ ਵੀ ਹੋ ਸਕਦੇ ਇਸ ਮਾਮਲੇ ‘ਚ ਸ਼ਾਮਲ

ਪਟਿਆਲਾ (ਖੁਸ਼ਵੀਰ ਸਿੰਘ ਤੂਰ) ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਧਰਮਪਤਨੀ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨਾਲ 23 ਲੱਖ ਰੁਪਏ ਦੀ ਠੱਗੀ ਵੱਜੀ ਤਾਂ ਪਟਿਆਲਾ ਪੁਲਿਸ ਨੇ ਹੱਥੋਂ-ਹੱਥ ਕਾਰਵਾਈ ਕਰ ਦਿੱਤੀ। ਖਾਸ ਗੱਲ ਇਹ ਹੈ ਕਿ ਪੁਲਿਸ ਨੇ ਐੱਮਪੀ ਪਰਨੀਤ ਕੌਰ ਨਾਲ ਉਸ ਦੇ ਖਾਤੇ ‘ਚੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਨੂੰ ਝਾਰਖੰਡ ‘ਚੋਂ ਕਾਬੂ ਵੀ ਕਰ ਲਿਆ ਤੇ ਠੱਗੀ ਹੋਈ ਰਕਮ ਵੀ ਰਿਕਵਰ ਕਰ ਲਈ। ਪੁਲਿਸ ਉਕਤ ਠੱਗ ਨੂੰ ਕੱਲ੍ਹ ਪਟਿਆਲਾ ਲੈ ਕੇ ਆ ਜਾਵੇਗੀ, ਜੋ ਕਿ ਰਸਤੇ ‘ਚ ਹਨ। ਉਂਜ ਆਮ ਲੋਕਾਂ ਦੇ ਖਾਤਿਆਂ ‘ਚੋਂ ਅਜਿਹੇ ਠੱਗ ਰੋਜ਼ਾਨਾ ਹੀ ਹਜ਼ਾਰਾਂ ਲੱਖਾਂ ਰੁਪਏ ਉਡਾ ਰਹੇ ਹਨ।

ਪਰ ਪੁਲਿਸ ਐਨੀ ਮੁਸਤੈਦੀ ਨਾਲ ਆਪਣਾ ਦਮ ਖਮ ਨਹੀਂ ਦਿਖਾਉਂਦੀ। ਪਤਾ ਲੱਗਾ ਹੈ ਕਿ ਪਟਿਆਲਾ ਪੁਲਿਸ ਉਕਤ ਠੱਗ ਤੋਂ ਇਹ ਭੇਤ ਖੁੱਲ੍ਹਵਾਏਗੀ ਕਿ ਉਸ ਵੱਲੋਂ ਕਿੰਨੇ ਰਾਜਨੀਤਿਕਾਂ ਲੋਕਾਂ ਨੂੰ ਅਜਿਹੀ ਠੱਗੀ ਦਾ ਸ਼ਿਕਾਰ ਬਣਾਇਆ ਹੈ। ਇਕੱਤਰ ਜਾਣਕਾਰੀ ਅਨੁਸਾਰ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨਾਲ ਇਹ ਠੱਗੀ 26 ਜੁਲਾਈ ਤੋਂ 29 ਜੁਲਾਈ ਦੇ ਸਮੇਂ ਵਿੱਚ ਵੱਖ-ਵੱਖ ਟਰਾਸਜੈਕਸ਼ਨਾਂ ਰਾਹੀਂ ਹੋਈ ਹੈ। ਪਰਨੀਤ ਕੌਰ ਨੂੰ ਫੋਨ ਕਰਨ ਵਾਲੇ ਠੱਗ ਨੇ ਕਿਹਾ ਕਿ ਤੁਹਾਡਾ ਏਰੀਅਰ ਤੇ ਸੈਲਰੀ ਆਦਿ ਪਾਉਣੀ ਹੈ। ਇਸ ਲਈ ਅਕਾਊਂਟ ਨੰਬਰ, ਏਟੀਐੱਮ ਨੰਬਰ ਦੱਸੋ ਤਾਂ ਜੋ ਤੁਹਾਨੂੰ ਹੁਣੇ ਹੀ ਸੈਲਰੀ ਪਾ ਦਿੱਤੀ ਜਾਵੇ।

ਪਰਨੀਤ ਕੌਰ ਵੱਲੋਂ ਆਪਣੇ ਅਕਾਊਂਟ ਦਾ ਵਹੀਖਾਤਾ ਤੇ ਓਟੀਪੀ ਦੱਸਣ ਤੋਂ ਬਾਅਦ ਸੈਲਰੀ ਤਾਂ ਨਹੀਂ ਆਈ, ਪਰ ਉਕਤ ਠੱਗ ਨੇ ਵੱਖ-ਵੱਖ ਸਮੇਂ ‘ਚ ਲਗਭਗ 23 ਲੱਖ ਰੁਪਏ ਅਕਾਊਂਟ ‘ਚੋਂ ਉਡਾ ਲਏ। ਪਰਨੀਤ ਕੌਰ ਦਾ ਖਾਤਾ ਐੱਸਬੀਆਈ ਬੈਂਕ ਪਟਿਆਲਾ ਵਿਖੇ ਹੈ। ਇਸ ਠੱਗੀ ਦੀ ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ 29 ਜੁਲਾਈ ਨੂੰ ਹੀ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਧਾਰਾ 420, 66 ਡੀ, ਆਈਡੀ ਐਕਟ ਤਹਿਤ ਮਾਮਲਾ ਦਰਜ ਕਰਕੇ ਕਰਵਾਈ ਆਰੰਭ ਕਰ ਦਿੱਤੀ। ਪੁਲਿਸ ਨੂੰ ਝਾਰਖੰਡ ਰਾਂਚੀ ਵਿਖੇ ਉਕਤ ਵਿਅਕਤੀ ਸਬੰਧੀ ਇਨਪੁੱਟ ਮਿਲੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਝਾਰਖੰਡ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਗਿਆ। ਉਕਤ ਵਿਅਕਤੀ 3 ਅਗਸਤ ਨੂੰ ਉੱਥੇ ਗ੍ਰਿਫਤਾਰ ਹੋ ਗਿਆ ਅਤੇ ਪਟਿਆਲਾ ਪੁਲਿਸ ਦੀ ਛੇ ਮੈਂਬਰੀ ਟੀਮ ਨੇ ਝਾਰਖੰਡ ਪੁੱਜ ਕੇ ਉਸ ਨੂੰ ਪ੍ਰੋਡੰਕਸ਼ਨ ਵਾਰੰਟ ਆਪਣੇ ਹਵਾਲੇ ਕਰ ਲਿਆ।

ਸੂਤਰਾਂ ਅਨੁਸਾਰ ਇਹ ਛੇ ਮੈਂਬਰੀ ਟੀਮ ਰੇਲਗੱਡੀ ਰਾਹੀਂ ਉਸ ਨੂੰ ਪਟਿਆਲਾ ਲਿਆ ਰਹੀ ਹੈ, ਜੋ ਕਿ ਰਸਤੇ ਵਿੱਚ ਹੈ ਤੇ ਕੱਲ੍ਹ ਪਟਿਆਲਾ ਪੁੱਜ ਜਾਵੇਗੀ। ਪੁਲਿਸ ਵੱਲੋਂ ਪਰਨੀਤ ਕੌਰ ਨਾਲ ਲਗਭਗ 23 ਲੱਖ ਰੁਪਏ ਦੀ ਠੱਗੀ ਵਾਲੀ ਰਕਮ ਵੀ ਉਕਤ ਠੱਗ ਤੋਂ ਬਰਾਮਦ ਕਰ ਲਈ ਗਈ ਹੈ। ਪੁਲਿਸ ਸੂਤਰਾਂ ਅਨੁਸਾਰ ਇਸ ਵਿੱਚ ਕਈ ਹੋਰ ਵਿਅਕਤੀ ਵੀ ਜੁੜੇ ਹੋ ਸਕਦੇ ਹਨ, ਜੋ ਕਿ ਰਾਜਨੀਤਿਕ ਤੇ ਵੱਡੇ ਲੋਕਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦੇ ਹਨ। ਪੁਲਿਸ ਉਕਤ ਠੱਗ ਤੋਂ ਰਿਮਾਂਡ ਦੌਰਾਨ ਇਹ ਜਾਣੇਗੀ ਕਿ ਉਸ ਵੱਲੋਂ ਹੁਣ ਤੱਕ ਕਿੰਨੇ ਲੋਕਾਂ ਨਾਲ ਇਹ ਫਰਾਡ ਕੀਤਾ ਗਿਆ ਹੈ। ਇੱਧਰ ਪਟਿਆਲਾ ਜੋਨ ਦੇ ਆਈਜੀ ਏ ਐੱਸ ਰਾਏ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਕਿ ਪਟਿਆਲਾ ਪੁਲਿਸ ਦੀ ਟੀਮ ਉਕਤ ਠੱਗ ਨੂੰ ਇੱਥੇ ਲੈ ਆਵੇਗੀ। ਉਨ੍ਹਾਂ ਕਿਹਾ ਕਿ ਲਗਭਗ 23 ਲੱਖ ਰੁਪਏ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਅਗਲੇ ਖੁਲਾਸੇ ਉਸ ਤੋਂ ਕੀਤੀ ਜਾਣ ਵਾਲੀ ਪੁੱਛਗਿੱਛ ਤੋਂ ਹੀ ਸਾਹਮਣੇ ਆਉਣਗੇ। ਇੱਧਰ ਆਮ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖਾਤਿਆਂ ‘ਚੋਂ ਰੋਜ਼ਾਨਾ ਹੀ ਅਜਿਹੇ ਲੋਕਾਂ ਵੱਲੋਂ ਠੱਗੀ ਮਾਰੀ ਜਾ ਰਹੀ ਹੈ, ਪਰ ਉਨ੍ਹਾਂ ਦੀ ਕਾਰਵਾਈ ਤਾਂ ਅਜੇ ਵੀ ਪੁਲਿਸ ਦੀਆਂ ਫਾਈਲਾਂ ਵਿੱਚ ਦੱਬੀ ਪਈ ਹੈ, ਜਦੋਂ ਇਹ ਠੱਗੀ ਕਿਸੇ ਧੜੱਲੇਦਾਰ ਨਾਲ ਵੱਜਦੀ ਹੈ, ਤਾਂ ਪੁਲਿਸ ਆਪਣੀਆਂ ਬਾਹਾਂ ਚਾੜ੍ਹ ਲੈਂਦੀ ਹੈ। ਲੋਕਾਂ ਨੇ ਮੰਗ ਕੀਤੀ ਕਿ ਪੁਲਿਸ ਇਹ ਮੁਸਤੈਦੀ ਉਨ੍ਹਾਂ ਦੇ ਮਾਮਲਿਆਂ ਵਿੱਚ ਵੀ ਦਿਖਾਵੇ।