ਭਰੀਆਂ ਅੱਖਾਂ ਨਾਲ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀ ਅੰਤਿਮ ਵਿਦਾਈ
- ਧੀ ਬਾਂਸੁਰੀ ਸਵਰਾਜ ਨੇ ਮਾਂ ਦੀ ਚਿਖਾ ਨੂੰ ਦਿੱਤੀ ਅਗਨੀ
- ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ
ਨਵੀਂ ਦਿੱਲੀ (ਏਜੰਸੀ)। ਕਰੀਬ ਪੰਜ ਦਹਾਕਿਆਂ ਤੱਕ ਭਾਰਤੀ ਸਿਆਸਤ ‘ਚ ਛਾਈ ਰਹੀ ਉੱਘੀ ਸਿਆਸੀ ਮਾਹਿਰ, ਮੁੱਖ ਬੁਲਾਰਨ ਤੇ ਉੱਘੀ ਸ਼ਖਸ਼ੀਅਤ ਦੀ ਧਨੀ ਭਾਜਪਾ ਦੀ ਸੀਨੀਅਰ ਆਗੂ ਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਉਨ੍ਹਾਂ ਦਾ ਮੰਗਲਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ ਉਹ 67 ਸਾਲਾਂ ਦੇ ਸਨ ਰਾਜਧਾਨੀ ‘ਚ ਲੋਧੀ ਰੋਡ ਸਥਿੱਤ ਬਿਜਲਈ ਸਮਸ਼ਾਨਘਾਟ ‘ਚ ਸ੍ਰੀਮਤੀ ਸਵਰਾਜ ਨੂੰ ਉਨ੍ਹਾਂ ਦੇ ਹਜ਼ਾਰਾਂ ਪ੍ਰਸੰਸਕਾਂ, ਹਿਮਾਇਤੀਆਂ ਤੇ ਪਰਿਵਾਰਕ ਮੈਂਬਰਾਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਸ੍ਰੀਮਤੀ ਸਵਰਾਜ ਦੀ ਪੁੱਤਰੀ ਬਾਂਸੁਰੀ ਸਵਰਾਜ ਨੇ ਰਵਾਇਤ ਅਨੁਸਾਰ ਅੰਤਿਮ ਸਸਕਾਰ ਦੀਆਂ ਕਿਰਿਆਵਾਂ ਪੂਰੀਆਂ ਕੀਤੀਆਂ ਇਸ ਤੋਂ ਬਾਅਦ ਸ੍ਰੀਮਤੀ ਸਵਰਾਜ ਨੂੰ ਸ਼ਰਧਾਂਜਲੀ ਦੇਣ ਲਈ ਮਾਤਮੀ ਧੁਨ ਵਜਾਈ ਗਈ ਤੇ ਉਨ੍ਹਾਂ ਦੇ ਸਨਮਾਨ ‘ਚ ਹਥਿਆਰ ਉਲਟੇ ਕੀਤੇ ਗਏ।
ਇਸ ਮੌਕੇ ਉਪ ਰਾਸ਼ਟਰਪਤੀ ਐਮ ਵੈਂਕੱਇਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ, ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਅਜ਼ਾਦ, ਭਾਜਪਾ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ, ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਸਮੇਤ ਕਹੀ ਕੇਂਦਰੀ ਮੰਤਰੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ।
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਕਈ ਸੂਬਿਆਂ ਦੇ ਮੁੱਖ ਮੰਤਰੀ ਮੌਜ਼ੂਦ ਸਨ ਇਸ ਤੋਂ ਇਲਾਵਾ ਕੌਮੀ ਜ਼ਮਹੂਰੀ ਗਠਜੋੜ ਦੀਆਂ ਘਟਕ ਪਾਰਟੀਆਂ ਦੇ ਮੁਖੀ ਆਗੂ ਸੰਜੈ ਰਾਉਤ ਤੇ ਰਾਮਦਾਸ ਆਠਵਲੇ ਵੀ ਮੌਜ਼ੂਦ ਸਨ ਮੁੱਖ ਵਿਰੋਧੀ ਪਾਰਟੀਆਂ ਦੇ ਆਗੂ ਵੀ ਇਸ ਮੌਕੇ ਮੌਜ਼ੂਦ ਸਨ ਭੂਟਾਨ ਦੇ ਸਾਬਕਾ ਪ੍ਰਧਾਨ ਮੰਤਰੀ ਸੇਰਿੰਗ ਟੋਬਗੇ ਸਮੇਤ ਕਈ ਦੇਸ਼ਾਂ ਦੇ ਨੁਮਾਇੰਦੇ ਇਸ ਮੌਕੇ ਮੌਜ਼ੂਦ ਰਹੇ। ਇਸ ਤੋਂ ਪਹਿਲਾਂ ਤਿਰੰਗੇ ‘ਚ ਲਪੇਟ ਕੇ ਸਾਬਕਾ ਵਿਦੇਸ਼ ਮੰਤਰੀ ਦੀ ਮ੍ਰਿਤਕ ਦੇਹ ਪਹਿਲਾਂ ਉਨ੍ਹਾਂ ਦੀ ਰਿਹਾਇਸ਼ ਜੰਤਰ-ਮੰਤਰ ਰੋਡ ਤੇ ਬਾਅਦ ‘ਚ ਭਾਜਪਾ ਦਫ਼ਤਰ ਦੀਨ ਦਿਆਲ ਉਪਾਧਿਆਏ ਮਾਰਗ ‘ਤੇ ਰੱਖੀ ਗਈ ਸੀ।
ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਹਜ਼ਾਰਾਂ ਲੋਕਾਂ ਦੀ ਭੀੜ ਉਮੜ ਪਈ ਸ੍ਰੀਮਤੀ ਸਵਰਾਜ ਦੀ ਮ੍ਰਿਤਕ ਦੇਹ ਨੂੰ ਫੁੱਲ ਮਾਲਾਵਾਂ ਨਾਲ ਸਜਾ ਕੇ ਇੱਕ ਵੱਡੇ ਵਾਹਨ ‘ਚ ਰੱਖਿਆ ਗਿਆ ਵਾਹਨ ਨੂੰ ਫੁੱਲ ਮਾਲਾਵਾਂ ਨਾਲ ਸਜਾਇਆ ਗਿਆ ਸੀ ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਭਾਰੀ ਇਕੱਠ ਸੀ ਦਿੱਲੀ ਸਰਕਾਰ ਨੇ ਉਨ੍ਹਾਂ ਦੇ ਦੇਹਾਂਤ ‘ਤੇ 2 ਦਿਨਾਂ ਦਾ ਸਰਕਾਰੀ ਸੋਗ ਐਲਾਨਿਆ ਹੈ ਦੇਹਾਂਤ ਦੇ ਕੁਝ ਘੰਟੇ ਪਹਿਲਾਂ ਹੀ ਉਨ੍ਹਾਂ ਟਵੀਟ ਕਰਕੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਸਮਾਪਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਸੀ ਤੇ ਕਿਹਾ ਸੀ ਕਿ ਉਹ ਆਪਣੇ ਜੀਵਨ ‘ਚ ਇਸ ਦਿਨ ਨੂੰ ਦੇਖਣ ਦੀ ਉਡੀਕ ਕਰ ਰਹੀ ਸੀ।
ਭਰ ਆਈਆਂ ਪੀਐਮ ਨਰਿੰਦਰ ਮੋਦੀ ਦੀਆਂ ਅੱਖਾਂ
ਆਪਣੀ ਸਾਬਕਾ ਸਹਿਯੋਗੀ ਦੀ ਮ੍ਰਿਤਕ ਦੇਹ ਦੇਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਹੱਦ ਭਾਵੁਕ ਹੋ ਗਏ ਤੇ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ ਪ੍ਰਧਾਨ ਮੰਤਰੀ ਨੇ ਬੇਹੱਦ ਗਮਗੀਨ ਮਾਹੌਲ ‘ਚ ਸੁਸ਼ਮਾ ਦੀ ਬੇਟੀ ਬਾਂਸੁਰੀ ਸਵਰਾਜ ਦੇ ਸਿਰ ‘ਤੇ ਹੱਥ ਫੇਰ ਕੇ ਉਨ੍ਹਾਂ ਨੂੰ ਹੌਂਸਲਾ ਦਿੱਤਾ ਕੁਝ ਦੇਰ ਬਾਅਦ ਪਹੁੰਚੇ ਭਾ੍ਰਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਸੁਸ਼ਮਾ ਦੀ ਮ੍ਰਿਤਕ ਦੇਹ ਨੂੰ ਸ਼ਾਂਤ ਖੜ੍ਹੇ ਨਿਹਾਰਦੇ ਰਹੇ ਸਮਾਜਵਾਦੀ ਪਾਰਟੀ ਆਗੂ ਰਾਮਗੋਪਾਲ ਯਾਦਵ ਤਾਂ ਸੁਸ਼ਮਾ ਨੂੰ ਸ਼ਰਧਾਂਜਲੀ ਦਿੰਦਿਆਂ ਬੇਹੱਦ ਭਾਵੁਕ ਹੋ ਗਏ ਤੇ ਰੋਣ ਲੱਗੇ।