ਮੁੱਖ ਮੰਤਰੀ ਤੇ ਜੇਲ੍ਹ ਮੰਤਰੀ ਨੇ ਦਿੱਤੀ ਮਨਜੂਰੀ
- ਜਨਹਿੱਤ ਸੰਮਤੀ ਅਨਪੜ੍ਹ ਕੈਦੀਆਂ ਨੂੰ ਪੜ੍ਹਾਉਣ ਲਈ ਸਟੇਸ਼ਨਰੀ ਦਾ ਸਾਰਾ ਖਰਚਾ ਉਠਾਏਗੀ: ਵਿਨੋਦ ਸ਼ਰਮਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੇਖਕ ਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਦੇ ਸਾਖਰਤਾ ਪ੍ਰਸਾਰ ਪ੍ਰੋਗਰਾਮ ਨੂੰ ਉਸ ਸਮੇਂ ਹੋਰ ਵੀ ਮਜਬੂਤੀ ਮਿਲੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਰਤੀ ਦੇ ‘ਭਾਸ਼ਾ ਗਿਆਨ ਦੁਆਰਾ ਆਤਮ ਸਨਮਾਨ ਪਾਇਲਟ ਪ੍ਰੋਜੈਕਟ’ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ। ਇਸ ਮੌਕੇ ਕੇਂਦਰੀ ਜੇਲ੍ਹ ਪਟਿਆਲਾ ਦੇ ਜੇਲ੍ਹ ਸੁਪਰਡੈਂਟ ਭੁਪਿੰਦਰਜੀਤ ਸਿੰਘ ਵਿਰਕ ਨੇ ਇਸ ਪ੍ਰੋਜੈਕਟ ਨੂੰ ਪਟਿਆਲਾ ਜੇਲ੍ਹ ਵਿੱਚ ਸ਼ੁਰੂ ਕੀਤੇ ਜਾਣ ‘ਤੇ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਸਿੱਖਿਆ ਦੇ ਪ੍ਰਸਾਰ ਦੀ ਦਿਸ਼ਾ ਵਿੱਚ ਇਹ ਬਹੁਤ ਸ਼ਲਾਘਾਯੋਗ ਕੰਮ ਹੈ
ਤੇ ਜੇਲ੍ਹ ਪ੍ਰਸ਼ਾਸਨ ਇਸ ਸ਼ੁਭ ਕੰਮ ਵਿੱਚ ਆਪਣਾ ਪੂਰਾ ਸਹਿਯੋਗ ਪ੍ਰਦਾਨ ਕਰੇਗਾ। ਕੇਂਦਰੀ ਜੇਲ੍ਹ ਪਟਿਆਲਾ ਵਿੱਚ ਪ੍ਰੋਗਰਾਮ ਦੇ ਸ਼ੁਭ ਆਰੰਭ ਦੇ ਮੌਕੇ ਸਮਾਜਸੇਵਕ ਪਵਨ ਗੋਇਲ ਪ੍ਰੋਜੈਕਟ ਇੰਚਾਰਜ ਪਟਿਆਲਾ ਜੇਲ੍ਹ ਲਿਟ੍ਰੇਸੀ ਪ੍ਰੋਜੈਕਟ ਨੇ ਮੌਕੇ ‘ਤੇ ਮੌਜੂਦ 250 ਤੋਂ ਵੱਧ ਕੈਦੀਆਂ ਨੂੰ ਸਿੱਖਿਆ ਦੇ ਮਹਤੱਵ ਬਾਰੇ ਦੱਸਿਆ। ਇਸ ਮੌਕੇ ਜਨਹਿਤ ਸੰਮਤੀ (ਰਜਿ.) ਪਟਿਆਲਾ ਦੇ ਜਨਰਲ ਸਕੱਤਰ ਵਿਨੋਦ ਸ਼ਰਮਾ ਤੇ ਸੁਰਵਿੰਦਰ ਸਿੰਘ ਛਾਬੜਾ ਨੇ ਸ਼ੁਰੂਆਤੀ ਤੌਰ ‘ਤੇ ਪੰਜਾਹ ਲੋਕਾਂ ਨੂੰ ‘ਬੇਸਿਕ ਐਜੂਕੇਸ਼ਨ ਕਿੱਟ’ ਵੰਡੇ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਬਹੁਤ ਪਵਿੱਤਰ ਕੰਮ ਹੈ ਤੇ ਜਨਹਿੱਤ ਸੰਮਤੀ ਇਸ ਪ੍ਰੋਜੈਕਟ ਲਈ ਕਿਤਾਬਾਂ ਤੇ ਹੋਰ ਸਟੇਸ਼ਨਰੀ ਦਾ ਸਾਰਾ ਖਰਚਾ ਚੁੱਕੇਗੀ।