ਰਾਜਸਥਾਨ ਨਹੀਂ ਬਣਾਉਣਾ ਪੰਜਾਬ, ਨਹੀਂ ਹੋਏਗਾ ਝੋਨੇ ਦੀ ਲਵਾਈ ਦੀ ਤਰੀਕ ‘ਚ ਕੋਈ ਬਦਲਾਓ

No Punjab Made Rajasthan, No Change, Paddy Sowing Date

ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਇਸ ਮੰਗ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦੱਸਿਆ ਬੇਤੁਕਾ

  • ਪਾਣੀ ਬਚਾਉਣ ਤੇ ਫਸਲ ਚੱਕਰ ‘ਚ ਤਬਦੀਲੀ ਲਿਆਉਣ ਲਈ ਸਰਬ-ਪਾਰਟੀ ਮੀਟਿੰਗ ਛੇਤੀ ਸੱਦੀ ਜਾਵੇਗੀ : ਅਮਰਿੰਦਰ ਸਿੰਘ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਨੂੰ ਰਾਜਸਥਾਨ ਨਹੀਂ ਬਣਾਉਣਾ ਹੈ, ਸਾਡੇ ਕੋਲ ਅੱਜ ਪਾਣੀ ਹੈ ਪਰ ਆਉਣ ਵਾਲੀ ਪੀੜ੍ਹੀ ਲਈ ਪਾਣੀ ਨਹੀਂ ਛੱਡ ਕੇ ਗਏ ਤਾਂ ਉਹ ਸਾਡੇ ਬਾਰੇ ਕੀ ਕਹਿਣਗੇ। ਇਸ ਲਈ ਕਿਸੇ ਵੀ ਤਰੀਕੇ ਨਾਲ ਸੂਬੇ ਵਿੱਚ ਝੋਨੇ ਦੀ ਲਵਾਈ ਦੀ ਤਰੀਕ ਨੂੰ 20 ਜੂਨ ਤੋਂ ਬਦਲ ਕੇ ਇੱਕ ਜੂਨ ਨਹੀਂ ਕੀਤਾ ਜਾਏਗਾ। ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਇਹ ਮੰਗ ਬੇਤੁਕੀ ਹੈ। ਇਸ ਦਾ ਨੁਕਸਾਨ ਭਵਿੱਖ ਵਿੱਚ ਹੋਏਗਾ, ਜਿਸ ਦਾ ਅੰਦਾਜ਼ਾ ਹਰ ਕਿਸੇ ਨੂੰ ਹੈ। ਇਸ ਲਈ ਇਸ ਤਰ੍ਹਾਂ ਦੀ ਮੰਗ ਕਰਨ ਦੀ ਥਾਂ ‘ਤੇ ਸਾਰੇ ਮਿਲ ਕੇ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ। ਇਹ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਵਿਖੇ ਇੱਕ ਸੁਆਲ ਦਾ ਜੁਆਬ ਦਿੰਦੇ ਹੋਏ ਕਿਹਾ। ਕੈਪਟਨ ਅਮਰਿੰਦਰ ਸਿੰਘ ਨੇ ਸਦਨ ਨੂੰ ਦੱਸਿਆ।

ਕਿ ਇਸ ਸਾਲ ਝੋਨੇ ਦੀ ਲਵਾਈ ਦੀ ਤਰੀਕ 13 ਜੂਨ ਤਜਰਬੇ ਦੇ ਤੌਰ ‘ਤੇ ਕੀਤੀ ਗਈ ਸੀ ਅਤੇ ਲਵਾਈ ਦੇ ਨਿਰਧਾਰਿਤ ਸਮੇਂ ‘ਚ ਕੀਤੀ ਤਬਦੀਲੀ ਨੂੰ ਪੱਕੇ ਤੌਰ ‘ਤੇ ਮਿਥਣ ਦਾ ਕੋਈ ਪ੍ਰਸਤਾਵ ਸਰਕਾਰ ਦੇ ਵਿਚਾਰ-ਅਧੀਨ ਨਹੀਂ ਹੈ। ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ‘ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਸਾਲ 2019 ਵਿੱਚ ਪ੍ਰਕਾਸ਼ਿਤ ‘ਗਤੀਸ਼ੀਲ ਜ਼ਮੀਨਦੋਜ਼ ਪਾਣੀ ਅਨੁਮਾਨਿਤ ਰਿਪੋਰਟ-2017’ ਦਾ ਜ਼ਿਕਰ ਕੀਤਾ ਜਿਸ ਅਨੁਸਾਰ ਸੂਬੇ ਦੇ ਸਾਰੇ ਬਲਾਕਾਂ ਨੂੰ ਦਰਸਾਉਂਦੇ 138 ਬਲਾਕਾਂ ‘ਚੋਂ 109 ਬਲਾਕ ਓਵਰ ਐਕਸ ਪਲਾਇਟਿਡ ਸ਼੍ਰੇਣੀ (ਜਿੱਥੇ ਜ਼ਮੀਨ ਹੇਠਲਾ ਪਾਣੀ ਰਿਚਾਰਜ ਤੋਂ ਵੱਧ ਕੱਢਿਆ ਗਿਆ) ‘ਚ ਸ਼ਾਮਲ ਹਨ। ਸੂਬੇ ਦੇ ਲਗਭਗ 85 ਫੀਸਦੀ ਰਕਬੇ ‘ਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿੱਗ ਰਿਹਾ ਹੈ ਤੇ ਜ਼ਮੀਨ ਹੇਠਲੇ ਪਾਣੀ ਦੀ ਔਸਤਨ ਗਿਰਾਵਟ ਦੀ ਸਾਲਾਨਾ ਦਰ 50 ਸੈਂਟੀਮੀਟਰ ਹੈ।