ਵਧਾਈ ਤਨਖਾਹ ਨੂੰ ਲਾਗੂ ਨਹੀਂ ਕਰ ਰਹੀ ਪੰਜਾਬ ਸਰਕਾਰ : ਲੋਪੇ
ਨਾਭਾ (ਤਰੁਣ ਕੁਮਾਰ ਸ਼ਰਮਾ) ਡੈਮੋਕ੍ਰੇਟਿਕ ਮਿੱਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਅਗਵਾਈ ਹੇਠ ਮਿੱਡ ਡੇ ਮੀਲ ਕੁੱਕ ਬੀਬੀਆਂ ਨੇ ਅੱਜ ਨਾਭਾ ਵਿਖੇ ਧਰਨਾ ਲਾ ਕੇ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਤਰ ਹੋਈਆਂ ਕੁੱਕ ਬੀਬੀਆਂ ਵੱਲੋਂ ਕੀਤੇ ਐਲਾਨ ਮੁਤਾਬਿਕ ਜਿਉਂ ਹੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਅੱਗੇ ਧਰਨਾ ਦੇਣ ਵੱਲ ਵਧੀਆ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਲਿਆ ਗਿਆ। ਇਸ ‘ਤੇ ਕੁੱਕ ਬੀਬੀਆਂ ਨੇ ਪਟਿਆਲਾ ਰੋਡ ‘ਤੇ ਜਾਮ ਲਾ ਕੇ ਧਰਨਾ ਲਾ ਦਿੱਤਾ
ਤੇ ਜੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਕੌਰ ਅੱਚਲ, ਸਿਮਰਜੀਤ ਕੌਰ ਅਜਨੌਦਾ, ਮਨਜੀਤ ਕੌਰ ਨਾਭਾ, ਸੀਮਾਂ ਨਾਭਾ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਓ. ਪੀ. ਸੋਨੀ ਨੇ ਕੁੱਕ ਬੀਬੀਆਂ ਦੀਆਂ ਤਨਖਾਹਾਂ ‘ਚ ਵਾਧਾ ਕਰਦਿਆਂ 3400 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਸੀ, ਜਿਸ ਸਬੰਧੀ ਸਰਕਾਰ ਨੇ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। ਇਸ ਤੋÂ ਇਲਾਵਾ ਕੁੱਕ ਬੀਬੀਆਂ ਦੀਆਂ ਹੋਰ ਮੰਗਾਂ ਨੂੰ ਸਰਕਾਰ ਵੱਲੋਂ ਅੱਜ ਤੱਕ ਨਹੀਂ ਮੰਨਿਆ ਗਿਆ ਹੈ।
ਇਸ ਦੇ ਵਿਰੋਧ ‘ਚ ਅੱਜ ਕੁੱਕ ਬੀਬੀਆਂ ਨੂੰ ਸੰਘਰਸ਼ ਦਾ ਰਾਹ ਫੜਨਾ ਪਿਆ ਹੈ। ਇਸ ਮੌਕੇ ਰੋਹ ਵਿੱਚ ਆਈਆਂ ਕੁੱਕ ਬੀਬੀਆਂ ਨੇ ਕਿਹਾ ਕਿ ਚੋਣਾਂ ਸਮੇਂ ਉਨ੍ਹਾਂ ਨੂੰ ‘ਭੈਣ ਜੀ ਭੈਣ ਜੀ’ ਕਹਿ ਕੇ ਬੁਲਾਉਣ ਵਾਲੇ ਮੰਤਰੀ ਸਾਹਿਬ ਹੁਣ ਨਜ਼ਰ ਨਹੀਂ ਆ ਰਹੇ ਹਨ। ਇਸ ਮੌਕੇ ਕੁੱਕ ਬੀਬੀਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਅਜੇ ਵੀ ਸਾਡੀਆਂ ਹੱਕੀ ਮੰਗਾਂ ਨੂੰ ਨਾ ਮੰਨਿਆ ਤਾਂ 10 ਅਗਸਤ ਨੂੰ ਸਿੱਖਿਆ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਜੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਹਰ ਜ਼ਿਲ੍ਹੇ ‘ਚ ਧਰਨੇ ਦਿੱਤੇ ਜਾਣਗੇ। ਇਸ ਮੌਕੇ ਪੁੱਜੇ ਤਹਿਸੀਲਦਾਰ ਸੁਖਜਿੰਦਰ ਟਿਵਾਣਾ ਨੇ ਕੁੱਕ ਬੀਬੀਆਂ ਤੋਂ ਉਨ੍ਹਾਂ ਦੀ ਮੰਗਾਂ ਸਬੰਧੀ ਮੰਗ ਪੱਤਰ ਲੈਂਦਿਆਂ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦਾ ਮੰਗ ਪੱਤਰ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ।