ਨਹਿਰ ‘ਚ ਡੁੱਬਣ ਨਾਲ ਦੋ ਵਿਦਿਆਰਥੀਆਂ ਦੀ ਮੌਤ

Two Students, Die After Drowning, Canal

ਬਰੇਟਾ (ਕ੍ਰਿਸ਼ਨ ਭੋਲਾ) ਅੱਜ ਸਵੇਰ ਵੇਲੇ ਘਰੋਂ ਪੜ੍ਹਨ ਗਏ ਤੇ ਫਿਰ ਕੁਲਰੀਆਂ ਨਹਿਰ ‘ਚ ਨਹਾਉਣ ਜਾਣ ਕਾਰਨ ਡੁੱਬਕੇ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬੁਢਲਾਡਾ ਪਹੁੰਚਾ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਜਾਣਕਾਰੀ ਅਨੁਸਾਰ ਰਵਿੰਦਰ ਕੁਮਾਰ (16) ਵਾਸੀ ਬਰੇਟਾ ਤੇ ਦਿਲਪ੍ਰੀਤ ਸਿੰਘ (17) ਵਾਸੀ ਬਹਾਦਰਪੁਰ ਦੋਵੇਂ ਦੋਸਤ ਸਨ ਜੋ ਇਕੱਠੇ ਹੀ ਇੱਕੋ ਕਲਾਸ ‘ਚ ਪੜ੍ਹਦੇ ਸਨ ਅੱਜ ਸਵੇਰੇ ਆਪਣੇ ਘਰਾਂ ‘ਚੋਂ ਸਕੂਲ ਲਈ ਗਏ ਸਨ ਪਰ ਸਵੇਰੇ 9 ਵਜੇ ਹੀ ਬਰੇਟਾ ਦੇ ਕੁੱਲਰੀਆਂ ਪੁਲ ‘ਤੇ ਨਹਾਉਣ ਚਲੇ ਗਏ

ਜਿੱਥੇ ਪਾਣੀ ਦੇ ਤੇਜ਼ ਵਹਾਅ ‘ਚ ਡੁੱਬਣ ਨਾਲ ਉਨ੍ਹਾਂ ਦੀ ਮੌਤ ਹੋ ਗਈ ਸਥਾਨਕ ਲੋਕਾਂ ਤੇ ਪੁਲਿਸ ਵੱਲੋਂ ਦੋਵਾਂ ਦੀ ਭਾਲ ਕੀਤੀ ਗਈ ਤਾਂ ਇੱਕ ਦੀ ਲਾਸ਼ ਸੰਘਰੇੜੀ ਕੋਠੀ ਕੋਲੋਂ ਬਰਾਮਦ ਕੀਤੀ ਗਈ ਜਦੋਂਕਿ ਇੱਕ ਲਾਸ਼ ਬੋਹਾ ਕੋਲੋਂ ਦੁਪਹਿਰ ਦੋ ਵਜੇ ਬਰਾਮਦ ਹੋਈ ਦੋਵਾਂ ਵਿਦਿਆਰਥੀਆਂ ਦੀ ਪਹਿਚਾਣ ਉਨ੍ਹਾਂ ਦੇ ਨਹਿਰ ਕਿਨਾਰੇ ਪਏ ਕੱਪੜਿਆਂ ਤੋਂ ਕੀਤੀ ਗਈ ਥਾਣਾ ਬਰੇਟਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਵਿੰਦਰ ਕੁਮਾਰ ਦੇ ਪਿਤਾ ਭਗਵਾਨ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆਂ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਬੁਢਲਾਡਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ, ਜਿੱਥੇ ਐਤਵਾਰ ਨੂੰ ਪੋਸਟਮਾਰਟਮ ਕਰਨ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ