ਡੀਐਨਏ ਟੈਸਟ ਕਰਵਾਉਣ ਲਈ ਪਰਿਵਾਰ ਪੁਲਿਸ ਨੂੰ ਕਰ ਚੁੱਕਿਆ ਇਨਕਾਰ
- ਭਾਖੜਾ ਨਹਿਰ ‘ਚੋਂ ਮਿਲੀ ਬੱਚੇ ਦੀ ਲਾਸ਼ ਨੂੰ ਪਛਾਨਣ ਵਾਲਾ ਕੋਈ ਨਹੀਂ ਬਹੁੜਿਆ
ਪਟਿਆਲਾ (ਖੁਸ਼ਵੀਰ ਸਿੰਘ ਤੂਰ) ਪਟਿਆਲਾ ਦੇ ਖੇੜੀ ਗੰਡਿਆਂ ਤੋਂ ਲਾਪਤਾ ਹੋਏ ਸਕੇ ਭਰਾਵਾਂ ਹਸਨਦੀਪ ਤੇ ਜਸ਼ਨਦੀਪ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦਾ ਡੀਐਨਏ ਟੈਸਟ ਕਰਵਾਉਣ ਲਈ ਅਦਾਲਤ ਦਾ ਦਰਵਾਜਾ ਖੜਕਾਇਆ ਗਿਆ ਹੈ, ਤਾਂ ਜੋ ਜਿਸ ਬੱਚੇ ਦੀ ਭਾਖੜਾ ਨਹਿਰ ਵਿੱਚੋਂ ਲਾਸ਼ ਮਿਲੀ ਸੀ, ਉਸ ਬੱਚੇ ਦੀ ਪੈਦਾ ਹੋਈ ਸ਼ੰਕਾ ਮਿਟਾਈ ਜਾ ਸਕੇ। ਖਾਸ ਜ਼ਿਕਰਯੋਗ ਹੈ ਕਿ ਮਾਪਿਆਂ ਵੱਲੋਂ ਆਪਣਾ ਡੀਐਨਏ ਟੈਸਟ ਕਰਵਾਉਣ ਲਈ ਪੁਲਿਸ ਨੂੰ ਮਨਾ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ ਹੈ।
ਜਾਣਕਾਰੀ ਅਨੁਸਾਰ 22 ਜੁਲਾਈ ਤੋਂ ਗੁੰਮ ਹੋਏ ਦੋਵੇਂ ਸਕੇ ਭਰਾਵਾਂ ਦਾ ਅੱਜ 12ਵੇਂ ਦਿਨ ਵੀ ਕੋਈ ਪਤਾ ਨਾ ਲੱਗ ਸਕਿਆ। ਇਹ ਮਾਮਲਾ ਮੁੱਖ ਮੰਤਰੀ ਦੇ ਜ਼ਿਲ੍ਹੇ ਦੀ ਪੁਲਿਸ ਲਈ ਨੱਕ ਦਾ ਸਵਾਲ ਬਣਿਆ ਹੋਇਆ ਹੈ, ਪਰ ਇਸ ਮਾਮਲੇ ਵਿੱਚ ਸਿੱਟ ਬਣਨ ਤੋਂ ਬਾਅਦ ਵੀ ਪੁਲਿਸ ਨੂੰ ਅਜੇ ਕਿਧਰੋਂ ਵੀ ਕੋਈ ਸੁਰਾਗ ਨਹੀਂ ਮਿਲ ਰਿਹਾ। ਇੱਧਰ ਸਰਾਲਾ ਹੈਂਡ ਭਾਖੜਾ ਨਹਿਰ ‘ਚੋਂ ਲਗਭਗ ਛੇ ਦਿਨ ਪਹਿਲਾਂ ਇੱਕ ਬੱਚੇ ਦੀ ਲਾਸ਼ ਮਿਲੀ ਸੀ, ਜਿਸ ਨੂੰ ਕਿ ਗੁੰਮ ਹੋਏ ਬੱਚਿਆਂ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਸੀ, ਪਰ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਕਤ ਬੱਚੇ ਦੀ ਲਾਸ਼ ਨੂੰ ਆਪਣਾ ਬੱਚਾ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ਇੱਥੇ ਕਈ ਦਿਨਾਂ ਤੋਂ ਮੋਰਚਰੀ ਵਿਖੇ ਬੱਚੇ ਦੀ ਲਾਸ਼ ਪਈ ਹੈ, ਪਰ ਬੱਚੇ ਦੀ ਪਛਾਣ ਵਾਲਾ ਕੋਈ ਨਹੀਂ ਬਹੁੜਿਆ। ਪੁਲਿਸ ਨੂੰ ਸ਼ੱਕ ਹੈ ਕਿ ਇਹ ਗੁੰਮ ਹੋਏ ਦੋਵਾਂ ਬੱਚਿਆਂ ਵਿੱਚੋਂ ਇੱਕ ਬੱਚੇ ਦੀ ਲਾਸ਼ ਹੋ ਸਕਦੀ ਹੈ। ਇਸ ਸ਼ੱਕ ਨੂੰ ਲੈ ਕੇ ਪੁਲਿਸ ਵੱਲੋਂ ਬੱਚਿਆਂ ਦੇ ਮਾਪਿਆਂ ਦੇ ਡੀਐਨਏ ਟੈਸਟ ਲੈਣ ਲਈ ਪਹੁੰਚ ਕੀਤੀ ਗਈ ਸੀ, ਪਰ ਪਰਿਵਾਰ ਵੱਲੋਂ ਸਾਫ਼ ਮਨਾ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਉਸਦੇ ਵਿਸਰਾ ਤੇ ਡੀਐਨਏ ਸੈਂਪਲ ਲੈ ਲਏ ਗਏ ਸਨ।
ਘਨੌਰ ਦੇ ਡੀਐੱਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਅਦਾਲਤ ਵਿੱਚ ਡੀਐਨਏ ਕਰਵਾਉਣ ਲਈ ਇੱਕ ਅਰਜੀ ਦਾਇਰ ਕੀਤੀ ਹੈ, ਜਿਸ ਸਬੰਧੀ ਅਦਾਲਤ ਵੱਲੋਂ ਗੁੰਮ ਹੋਏ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਕੋਰਟ ਵਿੱਚ ਹਾਜ਼ਰ ਹੋਣ ਲਈ ਪੰਜ ਅਗਸਤ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਪਰਿਵਾਰ ਦਾ ਡੀਐਨਏ ਹੋਵੇਗਾ ਜਾਂ ਨਹੀਂ। ਡੀਐੱਸਪੀ ਦਾ ਕਹਿਣਾ ਹੈ ਕਿ ਮਾਮਲਾ ਬੱਚਿਆਂ ਨਾਲ ਜੁੜਿਆ ਹੋਇਆ ਹੈ। ਇਸ ਲਈ ਪਰਿਵਾਰ ਸਦਮੇ ‘ਚ ਹੈ। ਉਨ੍ਹਾਂ ਕਿਹਾ ਕਿ ਅਦਾਲਤ ਜੋ ਕਾਰਵਾਈ ਲਈ ਆਦੇਸ਼ ਦੇਵੇਗੀ, ਉਸ ਤੋਂ ਬਾਅਦ ਅਗਲੀ ਪ੍ਰਕਿਰਿਆ ਆਰੰਭੀ ਜਾਵੇਗੀ।
ਐੱਸਐੱਸਪੀ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ
ਇੱਧਰ ਪੁਲਿਸ ਲਈ ਚੁਣੌਤੀ ਬਣੇ ਇਸ ਮਾਮਲੇ ਨੂੰ ਸੁਲਝਾਉਣ ਲਈ ਅੱਜ ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਸਮੂਹ ਐੱਸਪੀ ਤੇ ਡੀਐੱਸਪੀਜ਼ ਨਾਲ ਇੱਕ ਮੀਟਿੰਗ ਕੀਤੀ ਗਈ। ਇਸ ਦੌਰਾਨ ਐੱਸਐੱਸਪੀ ਵੱਲੋਂ ਇਸ ਮਾਮਲੇ ਦੇ ਹੱਲ ਲਈ ਇਨ੍ਹਾਂ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ। ਪੁਲਿਸ ਵੱਲੋਂ ਦੂਰ ਦੂਰ ਤੱਕ ਸੀਸੀਟੀਵੀ ਫੁਟੇਜ਼ ਨੂੰ ਵੀ ਖੰਗਾਲਿਆ ਗਿਆ ਹੈ। ਇੱਧਰ ਬੱਚਿਆਂ ਦੇ ਪਿਤਾ ਦੀ ਇੱਕ ਰਾਤ ਨੂੰ ਇੱਕ ਢਾਬੇ ‘ਤੇ ਰੋਟੀ ਖਾਣ ਵਾਲੀ ਫੁਟੇਜ਼ ਵੀ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਇੱਕ ਬਾਂਦਰ ਵਾਲੇ ਮਦਾਰੀ ਦੀ ਫੁਟੇਜ਼ ਵੀ ਸਾਹਮਣੇ ਆਈ ਹੈ, ਜਿਸ ਦੇ ਪਿੱਛੇ ਕਈ ਬੱਚੇ ਭੱਜਦੇ ਦਿਖਾਈ ਦੇ ਰਹੇ ਹਨ। ਪੁਲਿਸ ਇਨ੍ਹਾਂ ਫੁਟੇਜ਼ਾਂ ਸਬੰਧੀ ਵੀ ਛਾਣਬੀਣ ਕਰ ਰਹੀ ਹੈ।
ਬੱਚਿਆਂ ਦੇ ਪਿਤਾ ਦੀ ਢਾਬੇ ‘ਤੇ ਰੋਟੀ ਖਾਂਦੇ ਦੀ ਫੁਟੇਜ਼ ਨੇ ਕੀਤੇ ਕਈ ਸਵਾਲ ਖੜ੍ਹੇ
ਅਜਯ ਕਮਲ (ਰਾਜਪੁਰਾ)। ਪਿੰਡ ਖੇੜੀ ਗੰਢਿਆਂ ਤੋਂ 22 ਜੁਲਾਈ ਨੂੰ ਲਾਪਤਾ ਹੋਏ ਦੋ ਸਕੇ ਭਰਾਵਾਂ ਦੇ ਮਾਮਲੇ ‘ਚ ਇੱਕ ਨਵਾਂ ਮੋੜ ਆ ਗਿਆ ਹੈ। ਜਿੱਥੇ ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ਼ ਹੱਥ ਲੱਗੀ ਹੈ, ਜਿਸ ਵਿੱਚ ਘਟਨਾ ਵਾਲੀ ਰਾਤ ਨੂੰ ਇੱਕ ਢਾਬੇ ‘ਤੇ ਬੈਠਾ ਲਾਪਤਾ ਬੱਚਿਆਂ ਦਾ ਪਿਤਾ ਦੀਦਾਰ ਸਿੰਘ ਸਾਫ਼ ਦਿਖਾਈ ਦੇ ਰਿਹਾ ਹੈ। ਜਦੋਂਕਿ ਲਾਪਤਾ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਰਾਤ 8:30 ਵਜੇ ਉਨ੍ਹਾਂ ਵੱਲੋਂ ਲਾਪਤਾ ਬੱਚਿਆਂ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਸੀਸੀਟੀਵੀ ਕੈਮਰੇ ‘ਚ ਦੀਦਾਰ ਸਿੰਘ ਉਸੇ ਰਾਤ ਨੂੰ ਕਰੀਬ 9:30 ਵਜੇ ਇੱਕ ਢਾਬੇ ‘ਤੇ ਰੋਟੀ ਖਾਂਦਾ ਹੋਇਆ ਨਜ਼ਰ ਆ ਰਿਹਾ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਖੜਾ ਦੀ ਨਰਵਾਣਾ ਬ੍ਰਾਚ ‘ਚੋਂ ਇੱਕ ਬੱਚੇ ਦੀ ਲਾਸ਼ ਬਰਾਮਦ ਹੋਈ ਸੀ, ਜਿਸ ‘ਤੇ ਪੁਲਿਸ ਨੇ ਬੱਚੇ ਦੀ ਪਛਾਣ ਲਈ ਦੀਦਾਰ ਸਿੰਘ ਨੂੰ ਆਪਣਾ ਡੀਐਨਏ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ ਪਰ ਬੱਚਿਆਂ ਦੇ ਪਿਤਾ ਤੇ ਪਰਿਵਾਰ ਵਾਲਿਆਂ ਵੱਲੋਂ ਪੁਲਿਸ ਨੂੰ ਡੀਐਨਏ ਟੈਸਟ ਕਰਵਾਉਣ ਤੋਂ ਵੀ ਸਾਫ਼ ਮਨਾ ਕਰ ਦਿੱਤਾ ਗਿਆ ਸੀ। ਸੀਸੀਟੀਵੀ ਫੁਟੇਜ਼ ਮਿਲਣ ਨਾਲ ਹੋਰ ਕਈ ਸਵਾਲ ਖੜ੍ਹੇ ਹੋ ਗਏ ਹਨ। ਡੀਐੱਸਪੀ ਘਨੌਰ ਮਨਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਉਸ ਦਿਨ ਉਨ੍ਹਾਂ ਨੂੰ 11 ਵਜੇ ਦੇ ਕਰੀਬ ਸੂਚਨਾ ਦਿੱਤੀ ਸੀ ਕਿਉਂਕਿ ਉਸੇ ਰਾਤ ਇਨ੍ਹਾਂ ਵੱਲੋਂ 10:30 ਵਜੇ ਦੇ ਕਰੀਬ ਗੁਰਦੁਆਰੇ ‘ਚ ਅਨਾਊਂਸਮੈਂਟ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਇਹ ਬੱਚਿਆਂ ਦੀ ਭਾਲ ਕਰਦੇ ਰਹੇ ਤੇ 11 ਵਜੇ ਪੁਲਿਸ ਸਟੇਸ਼ਨ ਆਏ ਸੀ ਉਸ ਤੋਂ ਬਾਅਦ ਪੁਲਿਸ ਨੇ ਆਪਣੀ ਚੈਕਿੰਗ ਸ਼ੁਰੂ ਕਰ ਦਿੱਤੀ ਸੀ।