ਨੌਜਵਾਨ ਨੇ ਆਪਣੇ ਮਾਂ-ਪਿਉ ਸਮੇਤ ਪਰਿਵਾਰ ਦੇ 5 ਜੀਆਂ ਦਾ ਕਤਲ ਕਰਕੇ ਕੀਤੀ ਖੁਦਕੁਸ਼ੀ
ਬਾਘਾਪੁਰਾਣਾ (ਬਲਜਿੰਦਰ) ਪਿੰਡ ਨੱਥੂਵਾਲਾ ਦੇ ਇੱਕ ਘਰ ‘ਚ ਘੂਕ ਸੁੱਤੇ ਪਏ ਪਰਿਵਾਰ ਨੂੰ ਉਹਨਾਂ ਦੇ ਹੀ ਨੌਜਵਾਨ ਪੁੱਤਰ ਨੇ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦਿਲ ਕੰਬਾਊ ਘਟਨਾ ਨੂੰ ਅੰਜਾਮ ਦੇਣ ਮਗਰੋਂ ਨੌਜਵਾਨ ਨੇ ਖੁਦ ਵੀ ਖੁਦਕੁਸ਼ੀ ਕਰ ਲਈ। ਨੌਜਵਾਨ ਨੇ ਇਹ ਕਾਰਾ ਕਿਉਂ ਕੀਤਾ ਇਸ ਬਾਬਤ ਪੂਰੇ ਵੇਰਵੇ ਹਾਲੇ ਨਹੀਂ ਮਿਲ ਸਕੇ ਪਰ ਮੁੱਢਲੀ ਜਾਣਕਾਰੀ ਮੁਤਾਬਿਕ ਨੌਜਵਾਨ ਦੀ ਮੰਗਣੀ ਹੋਈ ਸੀ ਜਿਸ ਤੋਂ ਉਹ ਨਾਖੁਸ਼ ਸੀ। ਉਂਝ ਹਾਲੇ ਤੱਕ ਕਿਸੇ ਪੁਲਿਸ ਅਧਿਕਾਰੀ ਨੇ ਇਸ ਕਾਰਨ ਦੀ ਕੋਈ ਪੁਸ਼ਟੀ ਨਹੀਂ ਕੀਤੀ।
ਮੌਕੇ ‘ਤੇ ਪੁੱਜ ਕੇ ਹਾਸਿਲ ਕੀਤੇ ਵੇਰਵਿਆਂ ਮੁਤਾਬਿਕ ਨੌਜਵਾਨ ਸੰਦੀਪ ਸਿੰਘ ਉਰਫ ਸੰਨੀ (25) ਸਾਲ ਨੇ ਅੱਧੀ ਰਾਤ ਨੂੰ ਇਸ ਹੌਲਨਾਕ ਘਟਨਾ ਨੂੰ ਅੰਜ਼ਾਮ ਦਿੱਤਾ। ਨੌਜਵਾਨ ਨੇ ਆਪਣੇ ਪਿਤਾ ਮਨਜੀਤ ਸਿੰਘ (60), ਮਾਤਾ ਬਿੰਦਰ ਕੌਰ (58), ਭੈਣ ਅਮਨਜੋਤ ਕੌਰ (30) ਸਾਲ, ਭਾਣਜੀ ਅਮਨੀਤ ਕੌਰ (4),ਦਾਦੀ ਗੁਰਦੀਪ ਕੌਰ (80) ਨੂੰ ਕਥਿਤ ਤੌਰ ‘ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਨੌਜਵਾਨ ਨੇ ਪਰਿਵਾਰ ਦੇ ਸੱਤਵੇ ਜੀਅ ਆਪਣੇ ਦਾਦੇ ਨੂੰ ਕਤਲ ਕਰਨ ਦੇ ਇਰਾਦੇ ਨਾਲ ਉਸ ਦੇ ਕਮਰੇ ਵਿੱਚ ਜਾ ਕੇ ਉਸਨੂੰ ਵੀ ਗੋਲੀ ਮਾਰ ਦਿੱਤੀ ਜੋ ਕਿ ਜ਼ਖਮੀ ਹੋ ਗਿਆ, ਜੋ ਫਰੀਦਕੋਟ ਵਿਖੇ ਜ਼ੇਰੇ ਇਲਾਜ਼ ਹੈ। ਪਰਿਵਾਰ ਦੇ ਪੰਜਾਂ ਜੀਆਂ ਦੇ ਕਥਿਤ ਕਤਲ ਮਗਰੋਂ ਨੌਜਵਾਨ ਸੰਦੀਪ ਸਿੰਘ ਨੇ ਖੁਦ ਨੂੰ ਵੀ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ। ਪਤਾ ਲੱਗਿਆ ਹੈ ਕਿ ਸੰਦੀਪ ਸਿੰਘ ਨੇ ਬੀਤੇ ਕੱਲ ਆਪਣੇ ਪਿਤਾ ਦੇ ਨਾਨਕਿਆਂ ਦੇ ਪਿੰਡ ਅਰਾਈਆਂ (ਫਰੀਦਕੋਟ) ਤੋਂ ਆਪਣੇ ਰਿਸਤੇਦਾਰ ਦਾ ਰਿਵਾਲਵਰ ਚੋਰੀ ਕੀਤਾ।ਸੀ। ਇਸ ਮੌਕੇ ਤੇ ਉਸ ਦਾ ਦਾਦਾ ਗੁਰਚਰਨ ਸਿੰਘ ਵੀ ਨਾਲ ਸੀ ਪਰ ਉਸ ਨੂੰ ਇਸ ਦਾ ਕੁਝ ਵੀ ਪਤਾ ਨਹੀ ਸੀ।
ਉਸ ਤੋਂ ਬਾਅਦ ਦੋਵੇਂ ਦਾਦਾ –ਪੋਤਾ ਮ੍ਰਿਤਕ ਨੌਜਵਾਨ ਦੀ ਭੈਣ ਜੋ ਕਿ ਸ਼ਹਿਜਾਦੀ (ਫਿਰੋਜਪੁਰ) ਵਿਆਹੀ ਹੋਈ ਸੀ ਉਸ ਕੋਲ ਚਲੇ ਗਏ।। ਉੱਥੋਂ ਨੌਜਵਾਨ ਆਪਣੀ ਭੈਣ ਅਮਨਜੋਤ ਕੌਰ ਪਤਨੀ ਦਿਲਬਾਗ ਸਿੰਘ ਅਤੇ ਭਾਣਜੀ ਅਮਨੀਤ ਕੌਰ ਨੂੰ ਨਾਲ ਲੈ ਕੇ ਆਪਣੇ ਜੱਦੀ ਪਿੰਡ ਨੱਥੂਵਾਲਾ ਗਰਬੀ ਪਹੁੰਚ ਗਿਆ।। ਨੌਜਵਾਨ ਨੇ ਪਰਿਵਾਰ ਨਾਲ ਹੀ ਬੈਠ ਕੇ ਹੱਸਦੇ ਹੋਏ ਰਾਤ ਦਾ ਖਾਣਾ ਖਾਧਾ ਅਤੇ ਕਿਸੇ ਨੂੰ ਵੀ ਕੋਈ ਸ਼ੱਕ ਨਾ ਹੋਣ ਦਿੱਤਾ।।ਬੀਤੀ ਅੱਧੀ ਰਾਤ ਮ੍ਰਿਤਿਕ ਨੌਜਵਾਨ ਨੇ ਚੁੱਪ ਚੁਪੀਤੇ ਰਿਵਾਲਵਰ ਨਾਲ ਪਹਿਲਾ ਆਪਣੇ ਪਿਤਾ ਮਨਜੀਤ ਸਿੰਘ ਅਤੇ ਬਾਕੀ ਮੈਂਬਰਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ।ਫਿਰ ਬਾਹਰਲੀ ਬੈਠਕ ਦੇ ਵਿੱਚ ਪਏ ਆਪਣੇ ਦਾਦੇ ਗੁਰਚਰਨ ਸਿੰਘ ਨੂੰ ਗੋਲੀ ਮਾਰ ਦਿੱਤੀ ਪਰ ਉਹ ਬਚ ਗਿਆ। ਉਸ ਨੂੰ ਮਰਿਆ ਸਮਝ ਕੇ ਚੁਬਾਰੇ ਵਿੱਚ ਜਾ ਕੇ ਨੌਜਵਾਨ ਨੇ ਕਥਿਤ ਤੌਰ ‘ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੇ ਦਾਦੇ ਨੇ ਆਪਣੇ ਗੁਆਢੀਆਂ ਨੂੰ ਦੱਸਿਆਂ ਤਾਂ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਸਾਰੀ ਵਾਰਦਾਤ ਤੋਂ ਪਹਿਲਾਂ ਨੌਜਵਾਨ ਨੇ ਖੁਦਕਸ਼ੀ ਨੋਟ ਵੀ ਲਿਖਿਆ ਜੋ ਕਿ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ।। ਖਬਰ ਲਿਖੇ ਜਾਣ ਤੱਕ ਪੁਲਿਸ ਦੇ ਉੱਚ ਅਧਿਕਾਰੀਆਂ ਐਸਪੀਐਚ ਪੀਐਸ ਪਰਮਾਰ ,ਡੀਐਸਪੀ ਜਸਪਾਲ ਧਾਮੀ, ਚੌਕੀ ਇੰਚਾਰਜ਼ ਏਐਸਆਈ ਪਹਾੜਾ ਸਿੰਘ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਘਟਨਾ ਦੇ ਅਸਲ ਕਾਰਨ ਲੱਭਣ ‘ਚ ਜੁਟ ਗਏ। ਇਸ ਪਰਿਵਾਰ ਕੋਲ 22 ਏਕੜ ਦੇ ਕਰੀਬ ਜਮੀਨ ਹੈ। ਇਸ ਦਿਲ ਕੰਬਾਊ ਘਟਨਾ ਨਾਲ ਪਿੰਡ ਨੱਥੂਵਾਲਾ ਸਮੇਤ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਛਾਈ ਹੋਈ ਹੈ। ਜ਼ਿਲ•ਾ ਪੁਲਿਸ ਇਸ ਮਾਮਲੇ ਦੀ ਤਹਿ ਤੈਅ ਜਾਣ ਲਈ ਜੁਟ ਗਈ ਹੈ। ਐਸਐਸਪੀ ਮੋਗਾ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਹੈ ਕਿ ਹਾਲੇ ਤੱਕ ਉਹਨਾਂ ਕੋਲ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਪੂਰੇ ਵੇਰਵੇ ਹਾਸਿਲ ਹੋਣ ਤੋਂ ਬਾਅਦ ਹੀ ਮੁਕੰਮਲ ਜਾਣਕਾਰੀ ਦਿੱਤੀ ਜਾ ਸਕੇਗੀ।