ਅਕਾਲੀ ਕਰਨ ਕਾਂਗਰਸ ‘ਤੇ ਹਮਲਾ ਤਾਂ ਦਰਦ ਹੁੰਦੈ ‘ਆਪ’ ਨੂੰ, ਮਿੰਟਾਂ ‘ਚ ਜਾਰੀ ਹੁੰਦੈ ਪ੍ਰੈਸ ਬਿਆਨ

Attack To Akali Congress Pain, AAP, Press Statement Issued Minutes

ਪਿਛਲੇ 3-4 ਮਹੀਨਿਆਂ ‘ਚ ਦਰਜਨ ਭਰ ਤੋਂ ਜ਼ਿਆਦਾ ਵਾਰੀ ਕਾਂਗਰਸ ਦੇ ਹੱਕ ‘ਚ ਡਟੀ ਆਮ ਆਦਮੀ ਪਾਰਟੀ

  • ਕਾਂਗਰਸ ਸਰਕਾਰ ਤੋਂ ਕੁਝ ਵੀ ਮੰਗ ਕਰਨ ਅਕਾਲੀ, ਕਾਂਗਰਸ ਦੀ ਥਾਂ ਜਵਾਬ ਦਿੰਦੀ ਐ ‘ਆਪ’
  • ਕਾਂਗਰਸ ਪਾਰਟੀ ਜਾਂ ਫਿਰ ਸਰਕਾਰ ਵੱਲੋਂ ਨਹੀਂ ਦਿੱਤਾ ਜਾਂਦਾ ਕਦੇ ਵੀ ਜਵਾਬ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਾਂਗਰਸ ਸਰਕਾਰ ਨੂੰ ਹਰ ਮੁੱਦੇ ‘ਤੇ ਘੇਰਨ ਦੀ ਕੋਸ਼ਿਸ਼ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਜਦੋਂ ਵੀ ਕਾਂਗਰਸ ਸਰਕਾਰ ‘ਤੇ ਹਮਲਾ ਕਰਦਾ ਹੈ ਤਾਂ ਉਸ ਦਾ ਦਰਦ ਕਾਂਗਰਸ ਪਾਰਟੀ ਨੂੰ ਹੋਣ ਦੀ ਥਾਂ ‘ਤੇ ਆਮ ਆਦਮੀ ਪਾਰਟੀ ਨੂੰ ਕੁਝ ਜ਼ਿਆਦਾ ਹੀ ਹੋ ਜਾਂਦਾ ਹੈ। ਕਾਂਗਰਸ ਪਾਰਟੀ ਜਾਂ ਫਿਰ ਸਰਕਾਰ ਵੱਲੋਂ ਕੋਈ ਵੀ ਪ੍ਰਤੀਕਿਰਿਆ ਆਉਣ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਆਮ ਆਦਮੀ ਪਾਰਟੀ ਪ੍ਰੈਸ ਬਿਆਨ ਜਾਰੀ ਕਰਕੇ ਆਪਣੀ ਪ੍ਰਤੀਕਿਰਿਆ ਜਾਹਰ ਕਰ ਦਿੰਦੀ ਹੈ। ਬਹੁਤੀ ਵਾਰ ਤਾਂ ਕਾਂਗਰਸ ਸਰਕਾਰ ਜਾਂ ਫਿਰ ਪਾਰਟੀ ਵੱਲੋਂ ਅਕਾਲੀ ਦਲ ਦੇ ਹਮਲੇ ‘ਤੇ ਕੋਈ ਪ੍ਰਤੀਕਿਰਿਆ ਵੀ ਨਹੀਂ ਦਿੱਤੀ ਜਾਂਦੀ ਹੈ।

ਪਰ ਆਮ ਆਦਮੀ ਪਾਰਟੀ ਹਰ ਮੌਕੇ ‘ਤੇ ਕਾਂਗਰਸ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਪ੍ਰਤੀਕਿਰਿਆ ਦੇਣ ਦੀ ਦੌੜ ਵਿੱਚ ਸਭ ਤੋਂ ਅੱਗੇ ਰਹਿੰਦੀ ਨਜ਼ਰ ਆ ਰਹੀ ਹੈ। ਇਸ ਤਰ੍ਹਾਂ ਕਾਂਗਰਸ ਦੇ ਹੱਕ ਵਿੱਚ ਨਿੱਤਰਨ ਨੂੰ ਆਪ ਵਿਧਾਇਕ ਦਲ ਦੇ ਲੀਡਰ ਹਰਪਾਲ ਚੀਮਾ ਕੁਝ ਵੀ ਗਲਤ ਨਹੀਂ ਮੰਨ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਸੀ, ਇਸ ਲਈ ਕਿਸੇ ਵੀ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਖ਼ਿਲਾਫ਼ ਸਵਾਲ ਕਰਨਾ ਹੀ ਗਲਤ ਹੈ।

ਇਹ ਵੀ ਪੜ੍ਹੋ : ਓਜ਼ੋਨ ਪਰਤ ਨੂੰ ਪਤਲੇ ਹੋਣ ਤੋਂ ਰੋਕਣ ਲਈ ਵਿਹਾਰਕ ਕਦਮ ਚੁੱਕਣੇ ਜ਼ਰੂਰੀ

ਜਾਣਕਾਰੀ ਅਨੁਸਾਰ ਸੱਤਾ ਵਿੱਚ ਕਾਂਗਰਸ ਪਾਰਟੀ ਦੇ ਆਉਣ ਤੋਂ ਬਾਅਦ ਭਾਵੇਂ ਸ਼੍ਰੋਮਣੀ ਅਕਾਲੀ ਦਲ ਮੁੱਖ ਵਿਰੋਧੀ ਧਿਰ ਵਜੋਂ ਵਿਧਾਨ ਸਭਾ ਦੇ ਅੰਦਰ ਜਾਂ ਫਿਰ ਬਾਹਰ ਥਾਂ ਨਹੀਂ ਬਣਾ ਸਕਿਆ ਹੈ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਤੇ ਪਾਰਟੀ ਕਾਂਗਰਸ ਸਰਕਾਰ ਨੂੰ ਘੇਰਨ ਦਾ ਇੱਕ ਵੀ ਮੌਕਾ ਨਹੀਂ ਗੁਆਉਂਦੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਰੋਜ਼ਾਨਾ ਸਰਕਾਰ ਨੂੰ ਘੇਰਨ ਦੇ ਨਾਲ ਹੀ ਬਕਾਇਦਾ ਸਰਕਾਰ ਨੂੰ ਜਵਾਬ ਦੇਣ ਲਈ ਮੰਗ ਤੱਕ ਕੀਤੀ ਜਾਂਦੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ‘ਤੇ ਕੀਤੇ ਜਾ ਰਹੇ ਤਿੱਖੇ ਹਮਲੇ ਤੋਂ ਬਾਅਦ ਕਾਂਗਰਸ ਸਰਕਾਰ ਜਾਂ ਫਿਰ ਪਾਰਟੀ ਕੋਈ ਵੀ ਜ਼ਿਆਦਾ ਪ੍ਰਤੀਕਿਰਿਆ ਦੇਣ ਦੀ ਥਾਂ ‘ਤੇ ਚੁੱਪ ਵੱਟ ਕੇ ਹੀ ਬੈਠੀ ਹੈ। ਜਦੋਂ ਕਿ ਵਿਰੋਧੀ ਧਿਰ ਵਿੱਚ ਬੈਠੀ ਆਮ ਆਦਮੀ ਪਾਰਟੀ ਖ਼ੁਦ ਅੱਗੇ ਆ ਕੇ ਨਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੂੰ ਗਲਤ ਠਹਿਰਾਉਂਦੀ ਹੈ, ਸਗੋਂ ਕਾਂਗਰਸ ਦੇ ਹੱਕ ਵਿੱਚ ਵੀ ਡਟ ਜਾਂਦੀ ਹੈ। (Akali Government)

ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮੀ ਫੌਜੀਆਂ ਨੂੰ ਪੈਨਸ਼ਨ ਦੇਣ ਦੀ ਮੰਗ ਕੀਤੀ ਸੀ ਤਾਂ ਇਸ ਮੰਗ ‘ਤੇ ਕਾਂਗਰਸ ਵੱਲੋਂ ਤਾਂ ਕੋਈ ਪ੍ਰਤੀਕਿਰਿਆ ਨਹੀਂ ਆਈ ਪਰ ਆਮ ਆਦਮੀ ਪਾਰਟੀ ਨੇ ਜਰੂਰ ਪ੍ਰਤੀਕਿਰਿਆ ਦਿੰਦੇ ਹੋਏ ਸੁਖਬੀਰ ਬਾਦਲ ਦੀ ਇਸ ਮੰਗ ਨੂੰ ਗਲਤ ਠਹਿਰਾ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਇਸ ਤਰ੍ਹਾਂ ਦੀ ਮੰਗ ਕਰਨ ਦਾ ਹੀ ਅਧਿਕਾਰ ਨਹੀਂ ਹੈ, ਕਿਉਂਕਿ ਉਹ ਖ਼ੁਦ ਸੱਤਾ ਵਿੱਚ 10 ਸਾਲ ਰਹਿ ਕੇ ਆਏ ਹਨ।

ਸੱਤਾ ‘ਚ ਕਿਉਂ ਯਾਦ ਨਹੀਂ ਆਇਆ ਅਕਾਲੀ ਦਲ ਨੂੰ : ਚੀਮਾ

ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਾਂਗਰਸ ਦਾ ਪੱਖ ਪੂਰਨ ਲਈ ਉਹ ਕੋਈ ਬਿਆਨ ਜਾਰੀ ਨਹੀਂ ਕਰਦੇ ਉਨ੍ਹਾਂ ਦੀ ਪਾਰਟੀ ਕਾਂਗਰਸ ਸਰਕਾਰ ਨੂੰ ਘੇਰਨ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਪੁੱਛਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਉਹ ਕੰਮ ਕਿਉਂ ਨਹੀਂ ਕੀਤੇ, ਜਿਨ੍ਹਾਂ ਲਈ ਅੱਜ ਉਨ੍ਹਾਂ ਨੂੰ ਸਰਕਾਰ ਵੱਲ ਦੇਖਣਾ ਪੈ ਰਿਹਾ ਹੈ ਉਨ੍ਹਾਂ ਫਿਰ ਦੁਹਰਾਇਆ ਕਿ ਉਹ ਕਾਂਗਰਸ ਨੂੰ ਬਚਾਉਣ ਲਈ ਨਹੀਂ, ਸਗੋਂ ਦੋਵਾਂ ਪਾਰਟੀ ਨੂੰ ਘੇਰਨ ਲਈ ਬਿਆਨ ਜਾਰੀ ਕਰਦੇ ਹਨ।

ਇਹ ਵੀ ਪੜ੍ਹੋ : ਆਖ਼ਰ ਕਦੋਂ ਤੱਕ ਖੇਡੀ ਜਾਵੇਗੀ ਜਵਾਨਾਂ ਦੇ ਖੂਨ ਨਾਲ ਹੋਲੀ?