ਗੁਰੂ ਗੋਰਖ ਨਾਥ ਦਾ ਨਾਂਅ ਪੰਜਾਬ ਦੀਆਂ ਲੋਕ ਕਥਾਵਾਂ ਵਿੱਚ ਵਾਰ-ਵਾਰ ਆਉਂਦਾ ਹੈ। ਉਸ ਨੂੰ ਅਲੌਕਿਕ ਸ਼ਕਤੀਆਂ ਵਾਲਾ ਤੇ ਰਿਧੀਆਂ-ਸਿਧੀਆਂ ਦਾ ਮਾਲਕ ਦਰਸਾਇਆ ਗਿਆ ਹੈ। ਉਸ ਦਾ ਵੇਰਵਾ ਪੂਰਨ ਭਗਤ ਦੇ ਕਿੱਸਿਆਂ ਵਿੱਚ ਵੀ ਆਉਂਦਾ ਹੈ। ਪਰ ਇਹ ਸੰਭਵ ਨਹੀਂ, ਕਿਉਂਕਿ ਪੂਰਨ ਭਗਤ ਦੀ ਘਟਨਾ ਦੂਸਰੀ ਸਦੀ ਵਿੱਚ ਹੋਈ। ਲੱਗਦਾ ਹੈ ਕਿ ਪੂਰਨ ਭਗਤ ਨੂੰ ਕੋਈ ਹੋਰ ਨਾਥ ਜੋਗੀ ਮਿਲੇ ਹੋਣਗੇ।
ਗੋਰਖ ਨਾਥ ਦੀ ਜਨਮ ਤਰੀਕ ਬਾਰੇ ਕੁਝ ਪੱਕਾ ਨਹੀਂ ਹੈ ਪਰ ਇੱਕ ਅਨੁਮਾਨ ਮੁਤਾਬਕ ਉਸ ਦਾ ਜਨਮ 9ਵੀਂ ਸਦੀ ਵਿੱਚ ਪੇਸ਼ਾਵਰ ਵਿਖੇ ਹੋਇਆ ਸੀ ਤੇ ਉਸਦੇ ਗੁਰੂ ਦਾ ਨਾਂਅ ਮਛਿੰਦਰ ਨਾਥ ਸੀ। ਉਹ ਹੱਠ ਯੋਗੀ ਸੀ ਤੇ ਨਾਥ ਯੋਗੀਆਂ ਦੇ ਡੇਰੇ ਅਤੇ ਮੰਦਰ ਉਸੇ ਦੇ ਸਮੇਂ ਹੀ ਬਣਨੇ ਸ਼ੁਰੂ ਹੋਏ ਸਨ। ਉਸ ਦੇ ਪੈਰੋਕਾਰ ਪੰਜਾਬ ਤੋਂ ਲੈ ਕੇ ਸਾਰੇ ਭਾਰਤ ਅਤੇ ਨੇਪਾਲ ਵਿੱਚ ਫੈਲੇ ਹੋਏ ਹਨ। ਉਹਨਾਂ ਨੂੰ ਗੋਰਖਨਾਥੀ, ਦਰਸ਼ਨੀ ਜਾਂ ਕੈਨਪਾਟੇ ਕਿਹਾ ਜਾਂਦਾ ਹੈ। ਯੂ. ਪੀ. ਦਾ ਮੁੱਖ ਮੰਤਰੀ ਅਦਿੱਤਿਆਨਾਥ ਵੀ ਗੋਰਖਨਾਥੀ ਹੈ ਅਤੇ ਗੋਰਖਪੁਰ ਦੇ ਗੋਰਖ ਨਾਥ ਡੇਰੇ ਦਾ ਮੁਖੀ ਹੈ। ਇਹ ਡੇਰਾ ਭਾਰਤ ਵਿੱਚ ਸਭ ਤੋਂ ਵੱਡਾ ਗੋਰਖਨਾਥੀ ਮੰਦਰ ਅਤੇ ਡੇਰਾ ਹੈ। ਗੋਰਖ ਨਾਥ ਨੂੰ ਮਹਾਂਯੋਗੀ ਕਿਹਾ ਜਾਂਦਾ ਹੈ। ਉਸ ਨੇ ਆਪਣੀਆਂ ਸਿੱਖਿਆਵਾਂ ਦੁਆਰਾ ਸੁੱਚਾ ਜੀਵਨ ਬਿਤਾਉਣ, ਬ੍ਰਹਮਚਾਰੀ ਰਹਿਣ, ਯੋਗ ਕਰਨ, ਸਮਾਧੀ ਲਾਉਣ ਅਤੇ ਦੂਸਰਿਆਂ ਦੀ ਸੇਵਾ ਕਰਨ ਦਾ ਪ੍ਰਚਾਰ ਕੀਤਾ। ਉਸ ਦਾ ਜ਼ਿਆਦਾਤਰ ਪ੍ਰਭਾਵ ਪੇਂਡੂ ਇਲਾਕਿਆਂ ਵਿੱਚ ਹੈ।
ਭਗਤ ਕਬੀਰ ਦੇ ਦੋਹਿਆਂ ਵਿੱਚ ਵੀ ਗੋਰਖ ਨਾਥ ਦਾ ਵਰਨਣ
ਭਗਤ ਕਬੀਰ ਦੇ ਦੋਹਿਆਂ ਵਿੱਚ ਵੀ ਗੋਰਖ ਨਾਥ ਦਾ ਵਰਨਣ ਆਉਂਦਾ ਹੈ। ਇਸ ਤੋਂ ਲੱਗਦਾ ਹੈ ਕਿ ਉਹ ਭਗਤ ਕਬੀਰ ਤੋਂ ਪਹਿਲਾਂ ਹੋਇਆ ਹੋਵੇਗਾ। ਗੋਰਖ ਨਾਥ ਸਮੇਂ ਸ਼ੈਵਾਂ (ਸ਼ਿਵ ਭਗਵਾਨ ਨੂੰ ਮੰਨਣ ਵਾਲੇ) ਅਤੇ ਵੈਸ਼ਣਵਾਂ (ਵਿਸ਼ਣੂ ਭਗਵਾਨ ਨੂੰ ਮੰਨਣ ਵਾਲੇ) ਵਿੱਚ ਬਹੁਤ ਝਗੜੇ ਚੱਲਦੇ ਸਨ। ਗੋਰਖ ਨਾਥ ਨੇ ਅਦਵੈਤ ਵੇਦਾਂਤ ਦਾ ਪ੍ਰਚਾਰ ਕੀਤਾ ਕਿ ਇਹ ਝਗੜਾ ਫਜ਼ੂਲ ਹੈ। ਨਾਥ ਪਰੰਪਰਾ ਬਹੁਤ ਪੁਰਾਣੀ ਹੈ ਅਤੇ ਗੋਰਖ ਨਾਥ ਤੋਂ ਸੈਂਕੜੇ ਸਾਲ ਪਹਿਲਾਂ ਤੋਂ ਚੱਲੀ ਆ ਰਹੀ ਹੈ। ਪਰ ਇਸ ਦਾ ਜੋ ਪ੍ਰਚਾਰ-ਪ੍ਰਸਾਰ ਗੋਰਖ ਨਾਥ ਵੇਲੇ ਹੋਇਆ, ਉਹ ਨਾ ਪਹਿਲਾਂ ਕਦੇ ਹੋਇਆ ਸੀ ਤੇ ਨਾ ਕਦੇ ਬਾਅਦ ਵਿੱਚ ਹੋ ਸਕਿਆ। ਲੋਕਾਂ ਨੂੰ ਗਿਆਨ ਦੇਣ ਲਈ ਗੋਰਖ ਨਾਥ ਨੇ ਦੂਰ-ਦੂਰ ਤੱਕ ਯਾਤਰਾ ਕੀਤੀ। ਉਸ ਨੇ ਪੰਜਾਬ, ਨੇਪਾਲ, ਸਿੰਧ, ਯੂ.ਪੀ., ਉੱਤਰਾਖੰਡ, ਅਸਾਮ, ਤ੍ਰਿਪੁਰਾ, ਬੰਗਾਲ, ਉੜੀਸਾ, ਗੁਜਰਾਤ, ਮਹਾਂਰਾਸ਼ਟਰ, ਕਰਨਾਟਕ ਅਤੇ ਸ੍ਰੀਲੰਕਾ ਤੱਕ ਜਾ ਕੇ ਲੋਕਾਂ ਨੂੰ ਗਿਆਨ ਵੰਡਿਆ। ਉਸ ਦੀਆਂ ਯਾਤਰਾਵਾਂ ਵਾਲੀਆਂ ਥਾਵਾਂ ‘ਤੇ ਅਨੇਕਾਂ ਮੰਦਰ ਅਤੇ ਡੇਰੇ ਬਣੇ ਹੋਏ ਹਨ। ਹੱਠ ਯੋਗ ਦੀ ਪਰੰਪਰਾ ਵੀ ਗੋਰਖ ਨਾਥ ਅਤੇ ਉਸ ਦੇ ਗੁਰੂ ਮਛਿੰਦਰ ਨਾਥ ਤੋਂ ਚੱਲੀ ਹੈ।
ਨੇਪਾਲ ਵਿੱਚ ਗੋਰਖ ਨਾਥ ਦੀ ਬਹੁਤ ਮਾਨਤਾ ਹੈ। ਕਿਹਾ ਜਾਂਦਾ ਹੈ ਕਿ ਗੋਰਖਾ ਨਾਂਅ, ਗੋਰਖ ਨਾਥ ਤੋਂ ਹੀ ਸ਼ੁਰੂ ਹੋਇਆ ਸੀ। ਉਸ ਦੇ ਨਾਂਅ ‘ਤੇ ਨੇਪਾਲ ਦੇ ਇੱਕ ਜਿਲ੍ਹੇ ਦਾ ਨਾਂਅ ਗੋਰਖਾ ਰੱਖਿਆ ਹੋਇਆ ਹੈ ਜਿੱਥੇ ਇੱਕ ਗੁਫਾ ਵਿੱਚ ਗੋਰਖ ਨਾਥ ਦੇ ਪੈਰਾਂ ਦੇ ਚਿੰਨ੍ਹ ਬਣੇ ਹੋਏ ਹਨ। ਇੱਕ ਮੰਦਰ ਵੀ ਹੈ ਜਿਸ ਵਿੱਚ ਉਸ ਦੀ ਮੂਰਤੀ ਹੈ। Àੁੱਥੇ ਉਸ ਦੀ ਯਾਦ ਵਿੱਚ ਵਿਸਾਖੀ ਵਾਲੇ ਦਿਨ ਬਹੁਤ ਵੱਡਾ ਮੇਲਾ ਲੱਗਦਾ ਹੈ। ਉਸ ਨੂੰ ਨੇਪਾਲ ਦਾ ਰਾਸ਼ਟਰੀ ਦੇਵਤਾ ਮੰਨਿਆ ਜਾਂਦਾ ਹੈ। ਉਸ ਦੀ ਤਸਵੀਰ ਕਈ ਨੇਪਾਲੀ ਕਰੰਸੀ ਨੋਟਾਂ ਅਤੇ ਸਿੱਕਿਆਂ ‘ਤੇ ਛਪੀ ਹੋਈ ਮਿਲਦੀ ਹੈ।
ਗੋਰਖ ਨਾਥ ਦੀ ਭਗਤੀ ਸਾਹਿਤ ਨੂੰ ਵੱਡੀ ਦੇਣ ਹੈ। ਉਸ ਨੇ ਕਈ ਗ੍ਰੰਥ ਲਿਖੇ ਹਨ। ਇਹਨਾਂ ਵਿੱਚ ਗੋਰਕਸ਼ਾ ਸੰਹਿਤਾ, ਗੋਰਕਸ਼ਾ ਗੀਤਾ, ਸਿੱਧ ਸਿਧਾਂਤ ਪੱਦਤੀ, ਯੋਗ ਮਾਰਤੰਡ, ਯੋਗ ਸਿਧਾਂਤ ਬੀਜ ਅਤੇ ਯੋਗ ਚਿੰਤਾਮਣੀ ਸ਼ਾਮਲ ਹਨ। ਉਸ ਦੇ ਪ੍ਰਲੋਕ ਗਮਨ ਬਾਰੇ ਇਤਿਹਾਸ ਚੁੱਪ ਹੈ ਕਿ ਕਿਵੇਂ ਤੇ ਕਿੱਥੇ ਹੋਇਆ।
ਟਿੱਲਾ ਜੋਗੀਆਂ- ਪੰਜਾਬੀ ਗਾਣਿਆਂ ਵਿੱਚ ਵਾਰ-ਵਾਰ ਗੂੰਜਣ ਵਾਲਾ ਪ੍ਰਸਿੱਧ ਮੰਦਰ ਟਿੱਲਾ ਜੋਗੀਆਂ ਪਾਕਿਸਤਾਨ ਦੇ ਪੋਠੋਹਾਰ ਇਲਾਕੇ ਵਿਖੇ (ਜਿਲ੍ਹਾ ਜੇਹਲਮ, ਪੰਜਾਬ) ਲੂਣ ਦੀਆਂ ਪਹਾੜੀਆਂ ਵਿੱਚ 3200 ਫੁੱਟ ਦੀ ਉੱਚਾਈ ‘ਤੇ ਸਥਿੱਤ ਹੈ। ਇਹ ਜੇਹਲਮ ਦਰਿਆ ਦੇ ਕਿਨਾਰੇ, ਜੇਹਲਮ ਸ਼ਹਿਰ ਤੋਂ 25 ਕਿ.ਮੀ. ਪੱਛਮ ਵੱਲ ਹੈ। ਇਸ ਮੰਦਰ ਦੀ ਸਥਾਪਨਾ 9ਵੀਂ ਸਦੀ ਵਿੱਚ ਹਿੰਦੂਸ਼ਾਹੀ ਰਾਜ ਦੌਰਾਨ ਗੁਰੂ ਗੋਰਖ ਨਾਥ ਦੁਆਰਾ ਕੀਤੀ ਗਈ ਸੀ। ਇਹ 1947 ਤੱਕ ਪੰਜਾਬ ਵਿੱਚ ਨਾਥ ਜੋਗੀਆਂ ਦਾ ਸਭ ਤੋਂ ਵੱਡਾ ਕੇਂਦਰ ਰਿਹਾ ਹੈ। ਮੁਗਲ ਬਾਦਸ਼ਾਹ ਅਕਬਰ ਅਤੇ ਜਹਾਂਗੀਰ ਨੇ ਵੀ ਇਸ ਦੀ ਯਾਤਰਾ ਕੀਤੀ ਸੀ। ਅਕਬਰ ਦੇ ਵੇਲੇ ਇੱਥੇ ਜੋਗੀ ਬਾਲ ਨਾਥ ਮਹੰਤ ਸੀ। ਇਸ ਯਾਤਰਾ ਬਾਰੇ ਅਕਬਰ ਦੇ ਜੀਵਨੀਕਾਰ ਅਬੁਲ ਫਜ਼ਲ ਨੇ ਵੀ ‘ਆਈਨੇ ਅਕਬਰੀ’ ਵਿੱਚ ਲਿਖਿਆ ਹੈ।
ਮੁਗਲ ਰਾਜ ਦੇ ਖਤਮ ਹੋਣ ‘ਤੇ ਭਾਰਤ ‘ਤੇ ਦੁਬਾਰਾ ਵਿਦੇਸ਼ੀ ਹਮਲੇ ਹੋਣੇ ਸ਼ੁਰੂ ਹੋ ਗਏ। ਅਹਿਮਦ ਸ਼ਾਹ ਅਬਦਾਲੀ ਨੇ ਆਪਣਿਆਂ ਹਮਲਿਆਂ ਦੌਰਾਨ ਇਸ ਮੰਦਰ ਨੂੰ ਲੁੱਟ-ਪੁੱਟ ਕੇ ਤਬਾਹ ਕਰ ਦਿੱਤਾ। ਪਰ ਅਬਦਾਲੀ ਦੀ ਮੌਤ ਤੋਂ ਬਾਅਦ ਇਹ ਜ਼ਲਦੀ ਹੀ ਇਹ ਦੁਬਾਰਾ ਅਬਾਦ ਹੋ ਗਿਆ। ਇਸ ਵਿੱਚ ਕਈ ਮੰਦਰ ਅਤੇ ਤਿੰਨ ਸਰੋਵਰ ਬਣੇ ਹੋਏ ਹਨ। ਕਿਹਾ ਜਾਂਦਾ ਹੈ ਕਿ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ ਕੁਝ ਦਿਨ ਲਈ ਰੁਕੇ ਸਨ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਯਾਦ ਵਿੱਚ ਇੱਥੇ ਇੱਕ ਯਾਦਗਾਰ ਅਤੇ ਸਰੋਵਰ ਦਾ ਨਿਰਮਾਣ ਕਰਵਾਇਆ ਸੀ। 1947 ਵੇਲੇ ਇਸ ਦਾ ਮਹੰਤ ਸਮੰਦ ਨਾਥ ਸੀ। ਉਹ ਵੀ ਹੋ ਰਹੇ ਫਸਾਦਾਂ ਕਾਰਨ ਹਿੰਦੂ ਸਿੱਖ ਅਬਾਦੀ ਨਾਲ ਭਾਰਤ ਆ ਗਿਆ। ਉਸ ਤੋਂ ਬਾਅਦ ਇਹ ਮੰਦਰ ਉੱਜੜਿਆ ਪਿਆ ਹੈ। ਇਸ ਤੱਕ ਪਹੁੰਚਣ ਲਈ ਰੋਹਤਾਸ ਕਿਲੇ ਅਤੇ ਸੰਗੋਈ ਕਸਬੇ ਤੋਂ ਪਗਡੰਡੀਆਂ ਜਾਂਦੀਆਂ ਹਨ ਤੇ ਇੱਥੇ ਪੈਦਲ ਹੀ ਪਹੁੰਚਿਆ ਜਾ ਸਕਦਾ ਹੈ। ਹੁਣ ਇਸ ਦੀ ਕੋਈ ਸਾਂਭ-ਸੰਭਾਲ ਨਹੀਂ ਹੋ ਰਹੀ ਹੈ। ਲੱਗਦਾ ਹੈ ਕਿ ਹੌਲੀ-ਹੌਲੀ ਜੰਗਲ ਇਸ ਨੂੰ ਖਾ ਜਾਵੇਗਾ।
ਬਲਰਾਜ ਸਿੰਘ ਸਿੱਧੂ ਐਸ.ਪੀ.
ਪੰਡੋਰੀ ਸਿੱਧਵਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।