ਪੌਦਿਆਂ ਦਾ ਲੰਗਰ ਲਾ ਕੇ ਨੌਜਵਾਨ ਪੁੱਤ ਨੂੰ ਦਿੱਤੀ ਸ਼ਰਧਾਂਜਲੀ
ਮ੍ਰਿਤਕ ਜਗਦੀਪ ਸਿੰਘ ਜੱਗਾ ਉਰਫ ਸੋਨੀ ਦੇ ਮਾਪਿਆਂ ਨੂੰ ਸਲਾਮ
ਸੁਖਜੀਤ ਮਾਨ, ਮਾਨਸਾ
ਮਾਪਿਆਂ ਦੇ ਮੋਢਿਆਂ ਬਰਾਬਰ ਪੁੱਜਿਆ ਪੁੱਤ ਜਦੋਂ ਅਤਨਚੇਤ ਵਿਛੋੜਾ ਦੇ ਜਾਵੇ ਤਾਂ ਦਰਦ ਝੱਲਣਾ ਔਖਾ ਹੋ ਜਾਂਦਾ ਹੈ ਪੁੱਤ ਦੀ ਅੰਤਿਮ ਅਰਦਾਸ ਮੌਕੇ ਦੇ ਪ੍ਰਬੰਧਾਂ ਆਦਿ ਦੀ ਸੁਰਤ ਵੀ ਮਾਪਿਆਂ ਨੂੰ ਨਹੀਂ ਰਹਿੰਦੀ ਪਰ ਇਸਦੇ ਬਾਵਜੂਦ ਜੇ ਕੋਈ ਵਾਤਾਵਰਨ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਅਜਿਹੇ ਦੁਖਦਾਈ ਮੌਕੇ ‘ਤੇ ਪੌਦੇ ਵੰਡੇ ਤਾਂ ਅਜਿਹੇ ਮਾਪਿਆਂ ਨੂੰ ਸਲਾਮ ਕਰਨਾ ਜ਼ਰੂਰ ਬਣਦਾ ਹੈ ਅਜਿਹਾ ਕਰ ਵਿਖਾਇਆ ਹੈ ਪਿੰਡ ਬਾਜੇਵਾਲਾ ਦੇ ਮ੍ਰਿਤਕ ਜਗਦੀਪ ਸਿੰਘ ਜੱਗਾ ਉਰਫ ਸੋਨੀ ਦੇ ਮਾਪਿਆਂ ਨੇ ਵੇਰਵਿਆਂ ਮੁਤਾਬਿਕ ਜਗਦੀਪ ਸਿੰਘ (25) ਪੁੱਤਰ ਗੁਰਜੰਟ ਸਿੰਘ ਸੀਂਹ ਬੀਤੇ ਦਿਨੀਂ ਜਦੋਂ ਆਪਣੇ ਖੇਤਾਂ ‘ਚ ਗੇੜਾ ਮਾਰਨ ਗਿਆ ਸੀ ਤਾਂ ਉੱਥੇ ਕਰੰਟ ਲੱਗਣ ਨਾਲ ਉਸਦੀ ਮੌਤ ਹੋ ਗਈ ਸੀ ਜਗਦੀਪ ਸਿੰਘ ਨਮਿੱਤ ਅੱਜ ਪਾਠ ਦਾ ਭੋਗ ਉਸਦੇ ਪਿੰਡ ਬਾਜੇਵਾਲਾ ਵਿਖੇ ਗੁਰੂਦੁਆਰਾ ਸ੍ਰੀ ਪ੍ਰੇਮ ਸਾਗਰ ਸਾਹਿਬ ਵਿਖੇ ਪਾਇਆ ਗਿਆ
ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਰਿਸ਼ਤੇਦਾਰਾਂ ਅਤੇ ਹੋਰ ਸਾਕ ਸਨੇਹੀਆਂ ਨੇ ਹੌਂਸਲਾ ਦਿੱਤਾ ਪਰ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਜਾਣ ਵੇਲੇ ਪੌਦੇ ਦਿੱਤੇ ਕਿਸੇ ਵੀ ਸ਼ਰਧਾਂਜਲੀ ਸਮਾਗਮ ਆਦਿ ਮੌਕੇ ਅਜਿਹਾ ਬਹੁਤ ਹੀ ਘੱਟ ਵਿਖਾਈ ਦਿੰਦਾ ਹੈ ਕਿ ਪੌਦਿਆਂ ਦਾ ਲੰਗਰ ਲਾਇਆ ਗਿਆ ਹੋਵੇ ਦੂਰੋਂ-ਨੇੜਿਓਂ ਆਏ ਰਿਸ਼ਤੇਦਾਰ ਜਿੱਥੇ ਨੌਜਵਾਨ ਦੀ ਮੌਤ ਕਾਰਨ ਸਦਮੇ ‘ਚ ਸੀ ਉੱਥੇ ਹੀ ਉਨ੍ਹਾਂ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਜਗਦੀਪ ਸਿੰਘ ਦੇ ਚਾਚਾ ਗੁਰਜੀਤ ਸ਼ੀਂਹ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਆਪਸੀ ਸਲਾਹ ਮਸ਼ਵਰਾ ਕਰਕੇ ਪੌਦਿਆਂ ਦਾ ਲੰਗਰ ਲਾਇਆ ਇਸ ਮੌਕੇ 1013 ਪੌਦੇ ਵੰਡੇ ਗਏ ਜਗਦੀਪ ਸਿੰਘ ਦੀ ਯਾਦ ‘ਚ ਵੰਡੇ ਇਹ ਪੌਦੇ ਪੰਜਾਬ ਵਿਚਲੇ ਰਿਸ਼ਤੇਦਾਰਾਂ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ‘ਚੋਂ ਆਏ ਰਿਸ਼ਤੇਦਾਰ ਵੀ ਗੱਡੀਆਂ ‘ਚ ਰੱਖਕੇ ਲੈ ਗਏ ਮ੍ਰਿਤਕ ਜਗਦੀਪ ਸਿੰਘ ਦੇ ਦੋਸਤਾਂ-ਮਿੱਤਰਾਂ ਨੇ ਉਸਦੀ ਯਾਦ ‘ਚ ਪਿੰਡ ਦੀਆਂ ਸਾਂਝੀਆਂ ਥਾਵਾਂ ‘ਤੇ ਵੀ ਛਾਂਦਾਰ ਪੌਦੇ ਲਾਏ
ਚੰਗੀ ਤੇ ਨਿਵੇਕਲੀ ਪਹਿਲ : ਸੋਢੀ
ਮਾਲਵਾ ਗਰੁੱਪ ਆਫ ਕਾਲਜਿਜ਼ ਸਰਦੂਲੇਵਾਲਾ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਪੌਦਿਆਂ ਦੇ ਲਾਏ ਲੰਗਰ ਦੀ ਪ੍ਰਸੰਸਾ ਕੀਤੀ ਉਨ੍ਹਾਂ ਆਖਿਆ ਕਿ ਇਸ ਚੰਗੀ ਤੇ ਨਿਵੇਕਲੀ ਪਹਿਲ ਨੂੰ ਜਾਰੀ ਰੱਖਣਾ ਚਾਹੀਦਾ ਹੈ ਅਤੇ ਹਰ ਖੁਸ਼ੀ ਅਤੇ ਗ਼ਮੀ ਦੇ ਮੌਕਿਆਂ ‘ਤੇ ਪੌਦੇ ਵੰਡਣੇ ਚਾਹੀਦੇ ਹਨ ਸੋਢੀ ਨੇ ਆਖਿਆ ਕਿ ਜਿੰਨੇ ਵੀ ਰਿਸ਼ਤੇਦਾਰ ਤੇ ਹੋਰ ਸਾਕ-ਸਨੇਹੀ ਪੌਦੇ ਲੈ ਕੇ ਗਏ ਹਨ ਤਾਂ ਉਹ ਉਨ੍ਹਾਂ ਪੌਦਿਆਂ ਨੂੰ ਲਾਉਣ ਤੋਂ ਇਲਾਵਾ ਵੱਡੇ ਹੋਣ ‘ਤੇ ਉਨ੍ਹਾਂ ਦੀ ਛਾਂ ਮਾਨਣ ਮੌਕੇ ਵੀ ਮ੍ਰਿਤਕ ਜਗਦੀਪ ਸਿੰਘ ਨੂੰ ਯਾਦ ਕਰਨਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।