ਸਟੀਲ ਫੈਕਟਰੀ ਦੀ ਭੱਠੀ ‘ਚ ਧਮਾਕਾ, ਦੋ ਦੀ ਮੌਤ,ਦਰਜਨ ਦੇ ਕਰੀਬ ਜ਼ਖਮੀ
ਰਘਬੀਰ ਸਿੰਘ, ਲੁਧਿਆਣਾ
ਇੱਥੋਂ ਨੇੜਲੇ ਕਸਬੇ ਮੂੰਡੀਆਂ ਅਤੇ ਕੋਹਾੜੇ ਲਾਗੇ ਸਥਿੱਤ ਇੱਕ ਸਟੀਲ ਫੈਕਟਰੀ ਦੀ ਭੱਠੀ ਵਿੱਚ ਧਮਾਕਾ ਹੋਣ ਨਾਲ ਦੋ ਮਜ਼ਦੂਰਾਂ ਦੀ ਮੌਤ ਹੋ ਜਾਣ ਅਤੇ ਦਰਜਨ ਦੇ ਕਰੀਬ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ। ਮ੍ਰਿਤਕ ਮਜ਼ਦੂਰ ਦੀ ਪਛਾਣ ਸ਼ੰਭੂ ਦੇ ਤੌਰ ਦੇ ਹੋਈ ਹੈ ਜਦੋਂਕਿ ਗੰਭੀਰ ਜ਼ਖਮੀਆਂ ਵਿੱਚ ਸ਼੍ਰੀ ਰਾਮ ਅਤੇ ਪਿੰਟੂ ਸ਼ਾਮਲ ਹਨ। ਸ਼੍ਰ੍ਰੀ ਰਾਮ ਨੂੰ ਪੀਜ਼ੀਆਈ ਚੰੜੀਗੜ੍ਹ ਅਤੇ ਪਿੰਟੂ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਬਾਕੀ ਜ਼ਖਮੀਆਂ ਦਾ ਇਲਾਜ ਸਿਵਲ ਹਸਪਤਾਲ ਲੁਧਿਆਣਾ ਵਿੱਚ ਚੱਲ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਧਮਾਕਾ ਏਨਾ ਜ਼ਬਰਦਸਤ ਸੀ ਕਿ ਆਲੇ ਦੁਆਲੇ ਦੇ ਲੋਕ ਘਰਾਂ ਵਿੱਚੋਂ ਬਾਹਰ ਆ ਗਏ । ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਕੋਹੜਾ ਸਥਿੱਤ ਡੀਸੀ ਸਟੀਲ ਨਾਂਅ ਦੀ ਫੈਕਟਰੀ ਵਿੱਚ ਹੋਇਆ।
ਧਮਾਕਾ ਉਸ ਮੌਕੇ ਹੋਇਆ ਜਦੋਂ ਬੀਤੀ ਅੱਧੀ ਰਾਤ ਮਜ਼ਦੂਰ ਲੋਹਾ ਢਾਲਣ ਵਾਲੀ ਭੱਠੀ ਤੇ ਕੰਮ ਕਰ ਰਹੇ ਸਨ । ਅਚਾਨਕ ਭੱਠੀ ਵਿੱਚ ਧਮਾਕਾ ਹੋਣ ਨਾਲ ਇੱਕ ਮਜ਼ਦੂਰ ਦੀ ਮੌਕੇ ਤੇ ਹੀ ਮੌਤ ਹੋ ਗਈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਇਲਾਜ ਲਈ ਲੈ ਜਾਇਆ ਗਿਆ ਜਿੱਥੋਂ ਗੰਭੀਰ ਜ਼ਖਮੀਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਅਤੇ ਪੀਜ਼ੀਆਈ ਚੰਡੀਗੜ ਰੈਫਰ ਕਰ ਦਿੱਤਾ ਗਿਆ । ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ। ਮਰਨ ਵਾਲੇ ਅਤੇ ਜ਼ਖਮੀ ਮਜ਼ਦੂਰ ਦੂਸਰੇ ਸੂਬਿਆਂ ਤੋਂ ਆ ਕੇ ਏਥੇ ਕੰਮ ਕਰ ਰਹੇ ਸਨ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਾ ਕਿ ਉਨਾਂ ਕੋਲ 11 ਲੋਕ ਭਰਤੀ ਹੋਣ ਲਈ ਆਏ ਸਨ ਜਿਹਨਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਸੀ ਅਤੇ ਦੋ ਗੰਭੀਰ ਜ਼ਖਮੀਆਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।