ਨਸ਼ੇ ਦੇ ਦੈਂਤ ਨੇ ਨਿਗਲੇ ਪਿੰਡ ਬੀਹਲਾ ਦੇ ਦੋ ਨੌਜਵਾਨ ਦੋਸਤ

Two Young Friends, Village Behla, Swallowed, Drug Giant

ਬੋਹੜ ਨਾਲ ਲਟਕਦੀਆਂ ਮਿਲੀਆਂ ਲਾਸ਼ਾਂ

ਤੀਸਰੇ ਸਾਥੀ ਦੀ ਭੂਮਿਕਾ ਜਾਂਚ ਦੇ ਘੇਰੇ ‘ਚ: ਐੱਸਐੱਸਪੀ

ਜਸਵੀਰ ਸਿੰਘ, ਬਰਨਾਲਾ

ਸੂਬੇ ‘ਚ ਨੌਜਵਾਨੀ ਅੰਦਰ ਫੈਲੇ ਨਸ਼ੇ ਦੇ ਦੈਂਤ ਨੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਬੀਹਲਾ ਵਿਖੇ ਬੀਤੀ ਰਾਤ ਦੋ ਘਰਾਂ ‘ਚ ਉਦੋਂ ਸੱਥਰ ਵਿਛਾ ਦਿੱਤਾ ਜਦੋਂ ਨਸ਼ੇ ਦੀ ਮਾਰ ਹੇਠ ਆਏ ਦੋ ਸਾਥੀ ਨੌਜਵਾਨਾਂ ਨੇ ਇਕੱਠਿਆਂ ਫਾਹਾ ਲੈ ਕੇ ਮੌਤ ਨੂੰ ਗਲੇ ਲਗਾ ਲਿਆ। ਹਾਲਾਂਕਿ ਮੌਤ ਫਾਹੇ ਨਾਲ ਜਾਂ ਬਾਅਦ ‘ਚ ਲਟਕਾਏ ਜਾਣ ਸਬੰਧੀ ਦਵੰਧ ਚਰਚਾ ਦਾ ਕੇਂਦਰ ਹੈ। ਇਸ ਘਟਨਾ ਨੇ ਜਿੱਥੇ ਪੀੜਤ ਪਰਿਵਾਰ ਤੇ ਸਮੁੱਚੇ ਪਿੰਡ ‘ਚ ਸੋਗਮਈ ਮਾਹੌਲ ਪੈਦਾ ਕਰ ਦਿੱਤਾ ਹੈ, ਉੱਥੇ ਪੰਜਾਬ ਪੁਲਿਸ ਤੇ ਸਰਕਾਰ ਦੇ ਨਸ਼ਿਆਂ ਨੂੰ ਨਕੇਲ ਪਾਉਣ ਦੇ ਦਾਅਵਿਆਂ, ਉਪਰਾਲਿਆਂ ‘ਤੇ ਵੀ ਵੱਡਾ ਸਵਾਲ ਖੜ੍ਹਾ ਕੀਤਾ ਹੈ।

ਘਟਨਾ ਸਥਾਨ ਤੋਂ ਪ੍ਰਾਪਤ ਵੇਰਵੇ ਅਨੁਸਾਰ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਜਸਵਿੰਦਰ ਸਿੰਘ (20) ਪੁੱਤਰ ਭੋਲਾ ਸਿੰਘ ਤੇ ਗੁਰਕੀਰਤ ਸਿੰਘ (24) ਪੁੱਤਰ ਬਲਦੇਵ ਸਿੰਘ ਵਾਸੀਆਨ ਬੀਹਲਾ ਵਜੋਂ ਹੋਈ ਹੈ ਬੀਤੀ ਦੇਰ ਸ਼ਾਮ ਤੋਂ ਘਰੋਂ ਗਾਇਬ ਉਕਤ ਨੌਜਵਾਨਾਂ ਦੀਆਂ ਪਿੰਡ ਦੀ ਅਨਾਜ ਮੰਡੀ ਵਿਖੇ ਇੱਕ ਬੋਹੜ ਦੇ ਦਰੱਖ਼ਤ ਨਾਲ ਲਟਕਦੀਆਂ ਲਾਸ਼ਾਂ ਸੁਵਖਤੇ ਦੇਖੀਆਂ ਗਈਆਂ। ਕਿਸਾਨ ਪਰਿਵਾਰ ਨਾਲ ਸਬੰਧਿਤ ਉਕਤ ਦੋਵੇਂ ਨੌਜਵਾਨ ਦੇ ਨਸ਼ੇ ਦੇ ਆਦੀ ਹੋਣ ਦਾ ਚਸ਼ਮਦੀਦ ਜ਼ਿਕਰ ਕਰ ਰਹੇ ਸਨ। ਭਾਵੇਂ ਕਿ ਦਰੱਖ਼ਤ ਨਾਲ ਲਟਕਦੀਆਂ ਲਾਸ਼ਾਂ ਦੇ ਪੈਰ ਜ਼ਮੀਨ ‘ਤੇ ਲੱਗਦੇ ਦਿਸਣ ਕਰਕੇ ਆਤਮ ਹੱਤਿਆ ਜਾਂ ਬਾਅਦ ‘ਚ ਟੰਗੇ ਜਾਣ ਸਬੰਧੀ ਸਾਫ਼ ਨਿਰਣਾ ਨਹੀਂ ਸੀ ਹੋ ਰਿਹਾ। ਮੌਤ ਦੇ ਅਸਲ ਕਾਰਨਾਂ ਦਾ ਪੋਸਟ ਮਾਰਟਮ ਰਿਪੋਰਟ ਉਪਰੰਤ ਹੀ ਪਤਾ ਲੱਗੇਗਾ ਪਰ ਪੀੜਤ ਪਰਿਵਾਰਕ ਮੈਂਬਰਾਂ ਨੇ ਆਪਣੇ ਬੱਚਿਆਂ ਦੇ ਨਸ਼ੇ ਦੀ ਬਿਮਾਰੀ ਤੋਂ ਪੀੜਤ ਹੋਣ ਦਾ ਇਕਬਾਲ ਕੀਤਾ ਹੈ।

ਜਿਸ ਦੇ ਸਿੱਟੇ ਵਜੋਂ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਪੋਸਟ ਮਾਰਟਮ ਹਿੱਤ ਭੇਜਿਆ ਤੇ ਵਾਰਸਾਂ ਦੇ ਬਿਆਨਾਂ ਦੇ ਅਧਾਰ ‘ਤੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਦੱਸਣਯੋਗ ਹੈ ਕਿ ਮ੍ਰਿਤਕ ਗੁਰਕੀਰਤ ਸਿੰਘ ਵਿਆਹਿਆ ਹੋਇਆ ਤੇ ਘਰ ਦਾ ਇਕਲੌਤਾ ਪੁੱਤਰ ਸੀ। ਜਸਵਿੰਦਰ ਸਿੰਘ ਦੀਆਂ ਦੋ ਭੈਣਾਂ ਤੇ ਇੱਕ ਛੋਟਾ ਗੂੰਗਾ ਭਰਾ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਤੋਂ 100 ਕੁ ਗਜ਼ ਦੀ ਦੂਰ ‘ਤੇ ਸਿਗਰਟਾਂ ਦੀ ਡੱਬੀ, ਸ਼ਰਾਬ ਦੀ ਬੋਤਲ, ਮੋਟਰਸਾਈਕਲ ਤੇ ਇੱਕ ਮੋਬਾਇਲ ਵੀ ਬਰਾਮਦ ਹੋਇਆ ਹੈ।

ਇੱਕ ਮ੍ਰਿਤਕ ਦੋ ਮਹੀਨੇ ਪਹਿਲਾਂ ਹੋਇਆ ਸੀ ਨਸ਼ਾ ਮੁਕਤ: ਐੱਸਐੱਸਪੀ

ਇਸ ਸਬੰਧੀ ਸੰਪਰਕ ਕਰਨ ‘ਤੇ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਜਿੱਥੇ ਦੋਵਾਂ ਨੌਜਵਾਨਾਂ ਦੀ ਮੌਤ ‘ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਉੱਥੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪ੍ਰਾਪਤ ਸੂਚਨਾ ਅਨੁਸਾਰ ਮ੍ਰਿਤਕ ਗੁਰਕੀਰਤ ਸਿੰਘ ਦੋ ਮਹੀਨੇ ਪਹਿਲਾਂ ਨਸ਼ਾ ਰਹਿਤ ਹੋ ਚੁੱਕਾ ਸੀ ਜਦਕਿ ਜਸਵਿੰਦਰ ਸਿੰਘ ਗੋਲੀਆਂ-ਗੱਟੇ ਦਾ ਸੇਵਨ ਕਰਦਾ ਦੱਸਿਆ ਗਿਆ। ਫਿਰ ਵੀ ਉਨ੍ਹਾਂ ਜਾਂਚ ਉਪਰੰਤ ਤੱਥ ਸਾਹਮਣੇ ਆਉਣ ‘ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ‘ਚ ਲਿਆਉਣ ਦਾ ਦਾਅਵਾ ਕੀਤਾ ਕਿਉਂਕਿ ਇਨ੍ਹਾਂ ਦੇ ਇੱਕ ਹੋਰ ਸਾਥੀ ਦੀ ਭੂਮਿਕਾ ਸਬੰਧੀ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।