ਪਾੜ 200 ਫੁੱਟ ਤੱਕ ਹੋਇਆ, ਕਈ ਪਿੰਡਾਂ ਨੂੰ ਪਾਣੀ ਨੇ ਘੇਰਿਆ
ਮੂਣਕ (ਗੁਰਪ੍ਰੀਤ ਸਿੰਘ/ਮੋਹਨ ਸਿੰਘ)। ਘੱਗਰ ਦਰਿਆ ਹਾਲੇ ਫੁੰਕਾਰੇ ਮਾਰ ਰਿਹਾ ਹੈ। ਕੱਲ ਫੂਲਦ ਪਿੰਡ ਲਾਗੇ ਪਿਆ 45 ਫੁਟ ਦਾ ਪਾੜ ਅੱਜ ਵੱਧ ਕੇ 200 ਫੁੱਟ ਤੱਕ ਹੋ ਗਿਆ। ਬੀਤੀ ਰਾਤ ਕੰਮ ਨਾ ਹੋਣ ਕਾਰਨ ਅੱਜ ਸਵੇਰੇ 7 ਵਜੇ ਕੰਮ ਆਰੰਭ ਹੋਇਆ ਪਰ ਉਦੋਂ ਤੱਕ ਪਾੜ 200 ਫੁੱਟ ਚੌੜਾ ਹੋ ਗਿਆ ਸੀ।
ਅੱਜ ਸਵੇਰੇ 7 ਵਜੇ ਦੇ ਕਰੀਬ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫ਼ੋਰਸ ਵਿੰਗ ਦੇ ਸੇਵਾਦਾਰ, ਫੌਜ ਦੀ ਟੁਕੜੀ, ਐੱਨਡੀਆਰਐੱਫ (NDRF) ਦੀਆਂ ਟੀਮਾਂ ਸੰਯੁਕਤ ਰੂਪ ਵਿੱਚ ਪਾੜ ਪੂਰਨ ਦਾ ਕੰਮ ਕਰਨ ਲੱਗੀਆਂ ਹੋਈਆਂ ਨੇ। ਸੂਤਰਾਂ ਮੁਤਾਬਕ ਹੁਣ ਤੱਕ ਦੋਵੇਂ ਪਾਸਿਓਂ ਤਕਰੀਬਨ 20 ਫੁਟ ਪਾੜ ਨੂੰ ਬੋਰੀਆਂ ਆਦਿ ਲਾ ਕੇ ਪੂਰ ਲਿਆ ਗਿਆ ਹੈ।
ਦਰਿਆ ਦਾ ਬੰਨ੍ਹ ਟੁੱਟਣ ਕਾਰਨ ਕਾਰਨ ਕਿਸਾਨਾਂ ਦੀ ਕਰੀਬ ਤਿੰਨ ਹਜ਼ਾਰ ਏਕੜ ਫਸਲ ਵਿੱਚ ਪਾਣੀ ਭਰ ਗਿਆ ਹੈ। ਪਾਣੀ ਰਿਹਾਇਸ਼ੀ ਇਲਾਕਿਆਂ ‘ਚ ਵੀ ਪਹੁੰਚ ਚੁੱਕਿਆ ਹੈ।
ਜਾਣਕਾਰੀ ਮੁਤਾਬਕ ਪਿੰਡ ਸੁਰਜਨ ਭੈਣੀ, ਭੂੰਦੜ ਭੈਣੀ, ਸਲੇਮਗੜ੍ਹ ਦੀਆਂ ਹੱਦਾਂ ਤੇ ਪਹੁੰਚ ਚੁੱਕਿਆ ਹੈ। ਪ੍ਰਸ਼ਾਸ਼ਨ ਵੱਲੋਂ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਆਪਣਾ ਸਮਾਨ ਸੁਰੱਖਿਅਤ ਥਾਵਾਂ ਤੇ ਲਿਜਾਣ ਦੀ ਅਪੀਲ ਕੀਤੀ ਗਈ ਹੈ। ਹਾਲਤ ਇਹ ਹੈ ਹਨ ਕਿ ਦੂਰ ਦੂਰ ਤੱਕ ਜਿੱਥੇ ਵੀ ਨਜਰ ਜਾਂਦੀ ਹੈ, ਹਰ ਪਾਸੇ ਪਾਣੀ ਹੀ ਪਾਣੀ ਨਜਰ ਆ ਰਿਹਾ।
ਪਾਣੀ ਵਿੱਚ ਡੁੱਬੀ ਕਿਸਾਨਾਂ ਦੀ ਫਸਲ ਤੇ ਖੇਤਾਂ ਚ ਵਗਦਾ ਦਰਿਆ ਪੂਰੇ ਮੰਜਰ ਨੂੰ ਬਿਆਨ ਕਰ ਰਿਹਾ ਹੈ। ਪ੍ਰਸ਼ਾਸਨ ਦੇ ਵੀ ਹੱਥ-ਪੈਰ ਫੁੱਲ ਚੁੱਕੇ ਤੇ ਹਾਲਾਤ ਨਾਲ ਨਜਿੱਠਣ ਲਈ ਹੁਣ ਆਰਮੀ ਦੀ ਮਦਦ ਮੰਗੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।