ਪੰਜਾਬ-ਹਰਿਆਣਾ ਰਾਜ ਦੀ ਹੱਦ ਨਾਲ ਲੱਗਦੀ ਹਾਸ਼ੀ ਬੁਟਾਣਾ ਨਹਿਰ ਦੀ ਡਾਫ ਲੱਗ ਕੇ ਪਾਣੀ ਨੇ ਧਾਰਿਆ ਸਮੂੰਦਰ ਦਾ ਰੂਪ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਲੋਕਾਂ ਨੇ ਸੜਕ ‘ਤੇ ਜਾਮ ਲਾ ਕੇ ਕੀਤੀ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ
ਰਾਮ ਸਰੂਪ ਪੰਜੋਲਾ, ਡਕਾਲਾ
ਲਗਾਤਾਰ ਹੋ ਰਹੀ ਬਾਰਸ਼ ਨੇ ਇਲਾਕੇ ‘ਚ ਹੜਾਂ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ। ਹਲਕਾ ਸਨੌਰ ਤੇ ਸਮਾਣਾ ਦੇ ਏਰੀਏ ‘ਚ ਪੰਜਾਬ-ਹਰਿਆਣਾ ਰਾਜ ਦੀ ਹੱਦ ਨਾਲ ਲੱਗਦੀ ਹਾਸ਼ੀ ਬੁਟਾਣਾ ਨਹਿਰ ਦੀ ਡਾਫ ਲੱਗ ਕੇ ਪਿੱਛੇ ਸੈਂਕੜੇ ਪਿੰਡਾਂ ਧਰਮਹੇੜੀ, ਨੋਗਾਵਾਂ, ਸਸਾ ਗੁੱਜਰਾਂ, ਸਸਾ ਥੇਹ, ਸਸੀ ਬ੍ਰਮਣਾਂ, ਰਾਮ ਨਗਰ, ਮਾਗਟਾਂ ਆਦਿ ਦੀ ਸੈਂਕੜੇ ਏਕੜ ਫਸਲ ਪਾਣੀ ਨੇ ਆਪਣੀ ਲਪੇਟ ‘ਚ ਲੈ ਲਈ ਹੈ, ਜਿਸ ਕਾਰਨ ਫਸਲਾਂ ਤੋਂ ਇਲਾਵਾ ਹੋਰ ਵੀ ਜਾਨੀ-ਮਾਲੀ ਨੁਕਸਾਨ ਹੋਣ ਦਾ ਖਦਸ਼ਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਲੇਟ ਪਹੁੰਚਣ ਕਾਰਨ ਰੋਹ ‘ਚ ਆਏ ਕਿਸਾਨਾਂ ਅਤੇ ਇਲਾਕੇ ਦੇ ਲੋਕਾਂ ਨੇ ਰਾਮ ਨਗਰ ਤੋਂ ਚੀਕਾ ਜਾਣ ਵਾਲੀ ਸੜਕ ‘ਤੇ ਜਾਮ ਲਾ ਦਿੱਤਾ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ, ਜਿਸ ਕਾਰਨ ਆਵਾਜਾਈ ‘ਚ ਭਾਰੀ ਦਿੱਕਤ ਆਈ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਜਦੋਂ ਐਸ ਡੀ ਐਮ ਪਟਿਆਲਾ ਨੇ ਆ ਕੇ ਕਿਸਾਨਾਂ ਨੂੰ ਭਰੋਸੇ ‘ਚ ਲੈ ਕੇ ਜਾਮ ਖੁਲਵਾਇਆ ਤਾਂ ਕਿਤੇ ਆਵਾਜਾਈ ਬਹਾਲ ਹੋਈ ਅਤੇ ਆਉਣ-ਜਾਣ ਵਾਲੇ ਲੋਕਾਂ ਨੇ ਸੁਖ ਦਾ ਸਾਹ ਲਿਆ।ਇਸ ਮੌਕੇ ਕਿਸਾਨ ਆਗੂ ਸੁਖਵਿੰਦਰ ਸਿੰਘ ਤੁਲੇਵਾਲ ਕਹਿ ਰਹੇ ਸਨ ਕਿ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਮੀਂਹ ਦੇ ਪਾਣੀ ਨਾਲ ਕਿਸਾਨਾਂ ਦੀਆਂ ਫਸਲਾਂ ਅਤੇ ਹੋਰ ਨੁਕਸਾਨ ਹੁੰਦਾ ਹੈ ਜਦੋਂ ਪ੍ਰਸ਼ਾਸਨ ਨੂੰ ਪਤਾ ਹੁੰਦਾ ਹੈ ਕਿ ਬਰਸਾਤਾਂ ਦਾ ਮੌਸਮ ਆਉਣ ਵਾਲਾ ਹੈ। ਤਾਂ ਪਹਿਲਾਂ ਡਰੇਨਾਂ ਬਗੈਰਾ ਦੀ ਸਫਾਈ ਕਰਵਾਉਣੀ ਚਾਹੀਦੀ ਹੈ। ਇਸ ਵਾਰ ਪਾਣੀ ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਅਤੇ ਹਰਿਆਣਾ ਰਾਜ ਵੱਲੋਂ ਕੱਢੀ ਗਈ ਹਾਂਸੀ-ਬੁਟਾਣਾ ਨਹਿਰ ਦੇ ਸੈਫਨ ਦੀ ਸਫਾਈ ਨਾ ਹੋਣ ਕਾਰਨ ਜ਼ਿਆਦਾ ਇਕੱਠਾ ਹੋਇਆ ਹੈ। ਸੈਂਕੜੇ ਸਾਲਾਂ ਤੋਂ ਇਸ ਏਰੀਏ ‘ਚ ਪਾਣੀ ਨਾਲ ਫਸਲਾਂ ਦਾ ਨੁਕਸਾਨ ਹੁੰਦਾ ਆ ਰਿਹਾ ਹੈ ਪਰ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਜਦੋਂ ਫਸਲਾਂ ਡੁੱਬ ਜਾਂਦੀਆਂ ਹਨ ਫੇਰ ਲੀਡਰ ਤੇ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਫੋਟੋਆਂ ਖਿਚਵਾਉਣ ਆ ਜਾਂਦੇ ਹਨ। ਇਸ ਮੌਕੇ ਲੋਕਾਂ ਨੇ ਮੰਗ ਕੀਤੀ ਕਿ ਹੋਏ ਨੁਕਸਾਨ ਦਾ ਜਾਇਜਾ ਲੈ ਕੇ ਕਿਸਾਨਾਂ ਨੂੰ ਬਣਦਾ ਪੂਰੇ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ। ਇਸ ਮੌਕੇ ਕਿਸਾਨ ਆਗੂਆਂ ਤੋਂ ਇਲਾਵਾ ਹੋਰ ਵੀ ਸੈਂਕੜੇ ਲੋਕ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।