ਤਿਉਣਾ ਰਜਬਾਹੇ ‘ਚ ਪਾੜ, ਸੈਂਕੜੇ ਏਕੜ ਫਸਲ ਡੁੱਬੀ
ਸੰਗਤ ਮੰਡੀ (ਮਨਜੀਤ ਨਰੂਆਣਾ)। ਸੰਗਤ ਮੰਡੀ ਇਲਾਕੇ ‘ਚ ਤਿਉਣਾ ਰਜਬਾਹੇ ‘ਚ ਬੁਰਜੀ ਨੰਬਰ 32000 ਕੋਲ ਅੱਜ ਸਵੇਰੇ ਪਾੜ ਪੈਣ ਨਾਲ ਸੈਂਕੜੇ ਏਕੜ ਫਸਲ ਜਲਮਗਨ ਹੋ ਗਈ। ਰਜਬਾਹੇ ਦੇ ਪਾਣੀ ਦੀ ਲਪੇਟ ‘ਚ ਤਿੰਨ ਘਰ ਵੀ ਆ ਗਏ ਜੋ ਖੇਤਾਂ ‘ਚ ਵੱਸਦੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਪਾੜ ਕਰੀਬ ਸਵੇਰੇ ਪੰਜ ਕੁ ਵਜੇ ਪਿਆ ਜਿਸ ਦਾ ਪਤਾ ਲੱਗਦਿਆਂ ਪਿੰਡ ਵਾਸੀ ਤੇ ਕਿਸਾਨ ਮੌਕੇ ਤੇ ਪੁੱਜ ਗਏ ਅਤੇ ਪਾੜ ਪੂਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ।
ਹਾਲਾਂਕਿ ਸ਼ੁਰੂ ‘ਚ ਪਾੜ ਘੱਟ ਸੀ ਪਰ ਦੇਖਦਿਆਂ ਹੀ ਦੇਖਦਿਆਂ 30 ਫੋੱਟ ਤੱਕ ਚਲਾ ਗਿਆ ਜਿਸ ਨੇ ਹਰੇ ਭਰੇ ਖੇਤ ਨਿਗਲ ਲਈ। ਸੂਚਨਾ ਦੇਣ ਤੇ ਜਦੋਂ ਕੋਈ ਅਧਿਕਾਰੀ ਮੌਕੇ ਤੇ ਨਾਂ ਪੁੱਜਾ ਤਾਂ ਭੜਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਕੱਤਰ ਜਗਸੀਰ ਸਿੰਘ ਝੁੰਬਾ ਦੀ ਅਗਵਾਈ ਹੇਠ ਨੰਦਗੜ ਕੋਲ ਸੜਕ ਜਾਮ ਕਰ ਦਿੱਤੀ। ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਉਹ ਦਰਜਾਂ ਵਾਰ ਅਧਿਕਾਰੀਆਂ ਨੂੰ ਰਜਬਾਹਿਆਂ ਅਤੇ ਨਹਿਰਾਂ ਦੀ ਮੰਦੀ ਹਾਲਤ ਤੋਂ ਜਾਣੂੰ ਕਰਵਾ ਚੁੱਕੇ ਹਨ ਪਰ ਨਹਿਰੀ ਮਹਿਕਮੇ ਦੇ ਕੰਨ ਤੇ ਜੂੰਅ ਨਹੀਂ ਸਰਕੀ ਹੈ।
ਉਹਨਾਂ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜਾ ਦੇਣ ਦੀ ਮੰਗ ਵੀ ਕੀਤੀ। ਓਧਰ ਪਾੜ ਵਾਲੀ ਥਾਂ ਤੇ ਆਏ ਕਿਸਾਨਾਂ ਨੇ ਦੱਸਿਆ ਕਿ 400 ਏਕੜ ਨਰਮੇ ਅਤੇ ਝੋਨੇ ਦੀ ਫਸਲ ਪਾਣੀ ‘ਚ ਡੁੱਬ ਗਈ ਹੈ। ਇਸ ਤੋਂ ਬਿਨਾਂ ਖੇਤਾਂ ‘ਚ ਲੱਗੇ ਬੋਰ ਤੇ ਖੂਹ ਵੀ ਪਾਣੀ ਨਾਲ ਭਰ ਗਏ ਹਨ। ਇਹਨਾਂ ਖੇਤਾਂ ‘ਚ ਵੱਸਦੇ ਪ੍ਰੀਵਾਰਾਂ ਦੇ ਤਿੰਨ ਘਰਾਂ ਨੂੰ ਵੀ ਪਾਣੀ ਨੇ ਘੇਰ ਲਿਆ ਹੈ ਅਤੇ ਉਹਨਾਂ ਦੀ ਤੂੜੀ ਤੇ ਇੰਜਣ ਵਗੈਰਾ ਵੀ ਖਰਾਬ ਹੋ ਗਏ ਹਨ। ਕਿਸਾਨ ਧਰਨੇ ਤੋਂ ਬਾਅਦ ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਗੁਰਜਿੰਦਰ ਸਿੰਘ ਬਾਹੀਆ ਮੌਕੇ ਤੇ ਪੁੱਜੇ ਜਿਨਹਾਂ ਨੇ ਬਿਆਦਾ ਬਾਰਸ਼ ਨੂੰ ਪਾੜ ਪੈਣ ਦਾ ਕਾਰਨ ਦੱਸਿਆ ਅਤੇ ਸ਼ਾਮ ਤੱਕ ਪਾੜ ਪੂਰਨ ਦੀ ਗੱਲ ਆਖੀ। ਖਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਧਰਨਾ ਅਤੇ ਪਾਣੀ ਦਾ ਖੇਤਾਂ ‘ਚ ਦਾਖਲ ਹੋਣ ਦਾ ਸਿਲਸਿਲਾ ਜਾਰੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।