ਮੰਤਰੀ ਬਣਨ ਦੇ ਚਾਹਵਾਨ ਵਿਧਾਇਕਾਂ ਦਾ ਅਮਰਿੰਦਰ ਕੋਲ ਲੱਗਾ ਮੇਲਾ
ਇੱਕ ਮਹੀਨਾ ਪਹਿਲਾਂ ਦਿੱਤਾ ਅਸਤੀਫਾ, ਟਵੀਟ ਰਾਹੀਂ ਕੀਤਾ ਜਨਤਕ
ਅਸ਼ਵਨੀ ਚਾਵਲਾ, ਚੰਡੀਗੜ੍ਹ
ਕਰਨਾਟਕ ਸੂਬੇ ਵਿੱਚ ਅਜੇ ਤੱਕ ਕਾਂਗਰਸ ਦਾ ਨਾਟਕ ਖ਼ਤਮ ਨਹੀਂ ਹੋਇਆ ਸੀ ਕਿ ਹੁਣ ਪੰਜਾਬ ਵਿੱਚ ਸ਼ੁਰੂ ਹੋ ਗਿਆ ਹੈ।ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਭੁਚਾਲ ਆ ਗਿਆ ਹੈ। ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਵਜੋਤ ਸਿੱਧੂ ਨੂੰ ਇੱਕ ਵਾਰ ਫਿਰ ਵਿਚਾਰ ਕਰਨ ਲਈ ਕਹਿ ਰਹੀ ਹੈ ਤਾਂ ਸ਼ਤਰੂਘਨ ਸਿਨ੍ਹਾ ਵੱਲੋਂ ਤਾਂ ਨਵਜੋਤ ਸਿੱਧੂ ਨੂੰ ਪਾਰਟੀ ਦਾ ਅਹਿਮ ਹਿੱਸਾ ਕਰਾਰ ਦਿੰਦੇ ਹੋਏ ਅਸਤੀਫ਼ਾ ਵਾਪਸ ਲੈਣ ਦੀ ਸਲਾਹ ਦੇ ਦਿੱਤੀ ਹੈ। ਇਥੇ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਅਜੇ ਤੱਕ ਸਿੱਧੂ ਦਾ ਅਸਤੀਫ਼ੇ ਨਹੀਂ ਪੁੱਜਿਆ ਹੈ, ਜਦੋਂਕਿ ਜਿਹੜਾ ਅਸਤੀਫ਼ਾ ਅੱਜ ਸਿੱਧੂ ਨੇ ਨਸ਼ਰ ਕੀਤਾ ਹੈ, ਉਹ ਪਿਛਲੀ 10 ਜੂਨ ਦਾ ਹੈ, ਜਿਹੜਾ ਕਿ ਉਨ੍ਹਾਂ ਨੇ ਖੁਦ ਰਾਹੁਲ ਗਾਂਧੀ ਨੂੰ ਇੱਕ ਮਹੀਨੇ ਪਹਿਲਾਂ ਸੌਂਪਿਆ ਸੀ।
ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਹੇ ਰਾਹੁਲ ਗਾਂਧੀ ਵੱਲੋਂ ਜਦੋਂ ਨਵਜੋਤ ਸਿੱਧੂ ਦੇ ਅਸਤੀਫ਼ੇ ‘ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਤਾਂ ਸੂਬਾ ਕਾਂਗਰਸ ਜਾਂ ਫਿਰ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਇਸ ਅਸਤੀਫ਼ੇ ਬਾਰੇ ਕੋਈ ਫੈਸਲਾ ਲੈਣ ਦੀ ਹਾਲਤ ਵਿੱਚ ਨਜ਼ਰ ਨਹੀਂ ਆ ਰਹੇ । ਇਸ ਲਈ ਮੁੱਖ ਮੰਤਰੀ ਦੇ ਕਰੀਬੀਆ ਦਾ ਕਹਿਣਾ ਹੈ ਕਿ ਜੇਕਰ ਅਸਤੀਫ਼ਾ ਆਇਆ ਵੀ ਤਾਂ ਤੁਰੰਤ ਫੈਸਲਾ ਨਹੀਂ ਕੀਤਾ ਜਾਏਗਾ ਅਤੇ ਇਸ ਅਸਤੀਫ਼ੇ ਨੂੰ ਪ੍ਰਵਾਨ ਕਰਨ ਤੋਂ ਪਹਿਲਾਂ ਦਿੱਲੀ ਦਰਬਾਰ ਨੂੰ ਵਿਸ਼ਵਾਸ ‘ਚ ਲੈਣਾ ਜਰੂਰੀ ਹੋਏਗਾ। ਜਿਸ ਕਾਰਨ ਅਗਲੇ ਕੁਝ ਦਿਨਾਂ ਤੱਕ ਇਸ ਅਸਤੀਫ਼ੇ ਨੂੰ ਲੈ ਕੇ ਚਰਚਾ ਦਾ ਬਾਜ਼ਾਰ ਗਰਮ ਹੀ ਰਹੇਗਾ ਕਿ ਅਮਰਿੰਦਰ ਸਿੰਘ ਅਸਤੀਫ਼ੇ ਨੂੰ ਪ੍ਰਵਾਨ ਕਰਦੇ ਹੋਏ ਸਿੱਧੂ ਨੂੰ ਕੈਬਨਿਟ ਤੋਂ ਬਾਹਰ ਕਰਨਗੇ ਜਾਂ ਫਿਰ ਜਿਸ ਤਰੀਕੇ ਨਾਲ ਗੱਡੀ ਚਲ ਰਹੀ ਹੈ, ਉਸੇ ਤਰੀਕੇ ਨਾਲ ਹੀ ਚਲਦੀ ਰਹੇਗੀ।
ਅਮਰਿੰਦਰ ਨੇ ਵੱਟੀ ਚੁੱਪ, ਸਲਾਹਕਾਰਾਂ ਦੇ ਮੋਬਾਇਲ ਹੋਏ ਬੰਦ
ਨਵਜੋਤ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਚੁੱਪ ਵੱਟ ਲਈ ਹੈ ਉਨ੍ਹਾਂ?ਵੱਲੋਂ ਹਰ ਛੋਟੀ-ਵੱਡੀ ਗੱਲ ਬਾਰੇ ਬਿਆਨ ਜਾਰੀ ਕੀਤਾ ਜਾਂਦਾ ਹੈ ਪਰ ਇਸ ਮਾਮਲੇ ਵਿੱਚ ਉਹ ਬਿਲਕੁਲ ਹੀ ਚੁੱਪ ਬੈਠੇ ਹਨ। ਮੁੱਖ ਮੰਤਰੀ ਦੇ ਸਲਾਹਕਾਰਾਂ ਦੀ ਫੌਜ ਨੇ ਵੀ ਇੱਕ ਪਾਸੇ ਹੋ ਕੇ ਬੈਠਣ ਨੂੰ ਹੀ ਠੀਕ ਸਮਝਿਆ ਹੈ। ਜਿਸ ਕਾਰਨ ਜ਼ਿਆਦਾਤਰ ਸਲਾਹਕਾਰਾਂ ਨੇ ਫੋਨ ਬੰਦ ਕਰ ਲਏ ਜਾਂ ਫਿਰ ਮੀਡੀਆ ਨੂੰ ਸਾਫ਼ ਕਹਿ ਦਿੱਤਾ ਕਿ ਉਨਾਂ ਨੂੰ ਕੋਈ ਜਾਣਕਾਰੀ ਨਹੀਂ ਅਤੇ ਕੋਈ ਗੱਲਬਾਤ ਨਹੀਂ ਕਰਨਗੇ।
ਵਿਰੋਧੀ ਧਿਰਾਂ ਸਰਕਾਰ ਨੂੰ ਘੇਰਨ ਦੀ ਥਾਂ ਸਿੱਧੂ ‘ਤੇ ਪਾਉਣ ਲੱਗੀਆਂ ਡੋਰੇ
ਸਰਕਾਰ ਵਿੱਚ ਆਏ ਅੰਦਰੂਨੀ ਸੰਕਟ ਮੌਕੇ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਘੇਰਨ ਦੀ ਥਾਂ ‘ਤੇ ਵਿਰੋਧੀ ਧਿਰਾਂ ਆਪਣੀ ਹੀ ਲਾਲਚ ਵਿੱਚ ਨਵਜੋਤ ਸਿੱਧੂ ‘ਤੇ ਡੋਰੇ ਪਾਉਣ ਲਗ ਪਈਆਂ ਹਨ। ਇੱਕ ਪਾਸੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਗਲੀਆਂ ਚੋਣਾਂ ਵਿੱਚ ਸਿੱਧੂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਉਣ ਦੀ ਗੱਲ ਆਖ ਰਿਹਾ ਹੈ ਤੇ ਆਮ ਆਦਮੀ ਪਾਰਟੀ ਵੀ ਸਿੱਧੂ ਨੂੰ ਆਪਣੀ ਪਾਰਟੀ ਵਿੱਚ ਲਿਆਉਣ ਦੀ ਕੋਸ਼ਿਸ਼ਾਂ ਵਿੱਚ ਜੁੱਟ ਗਈ ਹੈ।
ਜੇਕਰ ਸਿੱਧੂ ਨੇ ਅਸਤੀਫ਼ਾ ਦੇਣਾ ਹੀ ਹੈ ਤਾਂ ਰਾਹੁਲ ਗਾਂਧੀ ਦੀ ਬਜਾਇ ਮੁੱਖ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਪਰ ਮੈਂ ਤਾਂ ਕਹਿੰਦਾ ਹਾਂ ਕਿ ਉਹ ਮੁੱਖ ਮੰਤਰੀ ਨਾਲ ਟੇਬਲ ‘ਤੇ ਗੱਲ ਕਰਨ ਤੇ ਮਸਲੇ ਦਾ ਹੱਲ ਕੱਢਣ, ਮੈਂ ਤਾਂ ਸਲਾਹ ਇਹ ਵੀ ਦਿੰਦਾ ਹਾਂ ਨਵਜੋਤ ਸਿੱਧੂ ਮੁੱਖ ਮੰਤਰੀ ਨੂੰ ਮਿਲ ਕੇ ਵਿਭਾਗ ਸੰਭਾਲਣ
ਤ੍ਰਿਪਤ ਰਾਜਿੰਦਰ ਬਾਜਵਾ, ਕੈਬਨਿਟ ਮੰਤਰੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।