ਪਤਨੀ ਦਾ ਬਚਾ ਕਰਦੇ ਪੁੱਤਰ ਨੂੰ ਜਖ਼ਮੀ ਕਰਕੇ ਕਾਤਲ ਹੋਇਆ ਮੌਕੇ ਤੋਂ ਫਰਾਰ
ਥਾਣਾ ਸ਼ਹਿਣਾ ਦੀ ਪੁਲੀਸ ਨੇ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭੀ
ਜਸਵੀਰ ਸਿੰਘ\ਬਰਨਾਲਾ
ਜ਼ਿਲ੍ਹੇ ਦੇ ਪਿੰਡ ਉਗੋਕੇ ਵਿਖੇ ਇੱਕ ਵਿਅਕਤੀ ਆਪਣੀ ਪਤਨੀ ਦਾ ਲੱਕੜ ਦੇ ਬਾਲੇ ਨਾਲ ਕਤਲ ਕਰਨ ਪਿੱਛੋਂ ਆਪਣੇ ਪੁੱਤਰ ਨੂੰ ਜਖ਼ਮੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਕਾਤਲ ਪਤੀ ਦੇ ਕਿਸੇ ਹੋਰ ਔਰਤ ਨਾਲ ਗੈਰ ਸਮਾਜਿਕ ਸਬੰਧ ਹਨ ਜਿਸ ਨੂੰ ਪਤਨੀ ਅਜਿਹਾ ਕਰਨ ਤੋਂ ਰੋਕਦੀ ਸੀ। ਥਾਣਾ ਸ਼ਹਿਣਾ ਦੀ ਪੁਲੀਸ ਨੇ ਮੁਲਜਮ ਪਤੀ ਤੇ ਉਸਦੀ ਮਹਿਲਾ ਦੋਸਤ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ਼ਹਿਣਾ ਦੇ ਮੁਖੀ ਸਰਦਾਰਾ ਸਿੰਘ ਨੇ ਦੱਸਿਆ ਕਿ ਪਿੰਡ ਉਗੋਕੇ ਦੇ ਸਹਿਬਰ ਸਿੰਘ ਦੇ ਪਿੰਡ ਦੀ ਹੀ ਇੱਕ ਰਣਜੀਤ ਕੌਰ ਨਾਮੀ ਔਰਤ ਨਾਲ ਕਥਿੱਤ ਗੈਰ ਸਮਾਜਿਕ ਸਬੰਧ ਸਨ ਜਿਸ ਕਾਰਨ ਘਰ ‘ਚ ਅਕਸਰ ਹੀ ਇਸ ਗੱਲ ਨੂੰ ਲੈ ਕੇ ਕਲੇਸ਼ ਹੁੰਦਾ ਰਹਿੰਦਾ ਸੀ।
ਸਹਿਬਰ ਸਿੰਘ ਦੀ ਪਤਨੀ ਮਨਦੀਪ ਕੌਰ ਇਹਨਾਂ ਸਬੰਧਾਂ ਨੂੰ ਖ਼ਤਮ ਕਰਨ ਸਬੰਧੀ ਟੋਕਦੀ ਰਹਿੰਦੀ ਸੀ ਜਿਸ ਦੇ ਚਲਦਿਆਂ ਲੰਘੀ ਰਾਤ 8 ਕੁ ਵਜੇ ਸਹਿਬਰ ਸਿੰਘ ਨੇ ਵਿਹੜੇ ‘ਚ ਬੈਠੀ ਆਪਣੀ ਪਤਨੀ ਦੇ ਸਿਰ ‘ਤੇ ਲੱਕੜ ਦੇ ਬਾਲੇ ਨਾਲ ਵਾਰ ਕਰ ਦਿੱਤਾ ਜਿਸ ਕਾਰਨ ਮਨਦੀਪ ਕੌਰ ਮੰਜੇ ਤੋਂ ਹੇਠਾਂ ਡਿੱਗ ਪਈ। ਪਤਾ ਲਗਦਿਆਂ ਹੀ ਸਹਿਬਰ ਸਿੰਘ ਦੇ ਵੱਡੇ ਪੁੱਤਰ ਸੁਖਵੀਰ ਸਿੰਘ ਨੇ ਆਪਣੀ ਮਾਂ ਨੂੰ ਬਚਾਉਣ ਦਾ ਯਤਨ ਕੀਤਾ ਤਾਂ ਉਸ ਨੂੰ ਵੀ ਸਹਿਬਰ ਸਿੰਘ ਨੇ ਬਾਲਾ ਮਾਰ ਕੇ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਇਹਨਾਂ ਨੂੰ ਮਨਦੀਪ ਕੌਰ ਦੇ ਪਿਤਾ ਨਾਜ਼ਰ ਸਿੰਘ ਵਾਸੀ ਖੁੱਡੀ ਕਲਾਂ ਤੇ ਦੂਸਰੇ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਹਸਪਤਾਲ ਤਪਾ ਵਿਖੇ ਇਲਾਜ਼ ਲਈ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਮਨਦੀਪ ਕੌਰ (43) ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਨ੍ਹਾਂ ਨੇ ਤਪਾ ਵਿਖੇ ਪੁੱਜ ਕੇ ਜਖ਼ਮੀ ਸੁਖਵੀਰ ਸਿੰਘ ਦੇ ਬਿਆਨ ਕਲਮਬੰਦ ਕਰਦਿਆਂ ਸਹਿਬਰ ਸਿੰਘ ਪੁੱਤਰ ਬਾਵਾ ਸਿੰਘ ਤੇ ਰਣਜੀਤ ਕੌਰ ਪਤਨੀ ਭੋਲਾ ਸਿੰਘ ਵਾਸੀਆਨ ਉੱਗੋਕੇ ਖਿਲਾਫ਼ ਮੁਕੱਦਮਾ ਨੰਬਰ 36 ਦੇ ਅਧੀਨ ਆਈਪੀਸੀ ਦੀ ਧਾਰਾ 302, 120 ਬੀ ਤੇ 34 ਤਹਿਤ ਥਾਣਾ ਸ਼ਹਿਣਾ ਵਿਖੇ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਨੂੰ ਪੋਸਟ ਮਾਰਟਮ ਹਿੱਤ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Husband, Kills, Wife