17 ਜੁਲਾਈ ਨੂੰ ਪਟਿਆਲਾ ‘ਚ ਹੋਵੇਗਾ ਮਿੰਨੀ ਸਕੱਤਰੇਤ ਦਾ ਘਿਰਾਓ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਅਤੇ ਜਿਲ੍ਹਾ ਪਟਿਆਲਾ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਕਾਂਗਰਸ ਦੇ ਜੰਗਲ ਰਾਜ ਖਿਲਾਫ਼ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਤਹਿਤ ਪਟਿਆਲਾ ਵਿਖੇ 17 ਜੁਲਾਈ ਨੂੰ ਮਿਨੀ ਸਕੱਤਰੇਤ ਦਾ ਘਿਰਾਓ ਕਰਕੇ ਧਰਨਾ ਲਾਇਆ ਜਾਵੇਗਾ ਜਿਸ ਵਿਚ ਹਜ਼ਾਰਾਂ ਲੋਕ ਸ਼ਮੂਲੀਅਤ ਕਰਨਗੇ। ਉਹ ਅੱਜ ਇੱਥੇ ਜ਼ਿਲ੍ਹਾ ਪਟਿਆਲਾ ਦੇ ਅਕਾਲੀ ਵਿਧਾਇਕਾਂ, ਹਲਕਾ ਇੰਚਾਰਜਾਂ, ਐਸਜੀਪੀਸੀ ਮੈਂਬਰਾਂ, ਸਾਬਕਾ ਮੇਅਰਾਂ ਤੇ ਹੋਰ ਸੀਨੀਅਰ ਨੇਤਾਵਾਂ ਦੀ ਮੀਟਿੰਗ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਉਨ੍ਹਾਂ ਆਖਿਆ ਕਿ ਅੱਜ ਸਮੁੱਚੇ ਦੇਸ਼ ਤੋਂ ਵੱਧ ਬਿਜਲੀ ਪੰਜਾਬ ‘ਚ ਮਹਿੰਗੀ ਹੈ, ਆਟਾ ਦਾਲ ਸਕੀਮ ਨੂੰ ਬੰਦ ਕੀਤਾ ਜਾ ਰਿਹਾ ਹੈ। (Surjit Singh Rakhra)
ਇਹ ਵੀ ਪੜ੍ਹੋ : ਆਖ਼ਰ ਕਦੋਂ ਤੱਕ ਖੇਡੀ ਜਾਵੇਗੀ ਜਵਾਨਾਂ ਦੇ ਖੂਨ ਨਾਲ ਹੋਲੀ?
ਇਸ ਤਰ੍ਹਾਂ ਹੋਰ ਅਕਾਲੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਹੂਲਤਾਂ ਨੂੰ ਪੰਜਾਬ ਦੀ ਮੌਜੂਦਾ ਸਰਕਾਰ ਨੇ ਬੰਦ ਕਰ ਦਿੱਤਾ ਹੈ ਅਤੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਨਾਲ ਸੂਬੇ ਦੇ ਲੋਕ ਕਾਂਗਰਸ ਤੋਂ ਬੁਰੀ ਤਰ੍ਹਾਂ ਦੁਖੀ ਹੋਏ ਬੈਠੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕਾਂ ਦੀ ਮੰਗ ‘ਤੇ ਹੀ ਅਕਾਲੀ ਦਲ ਨੇ ਸੰਘਰਸ਼ ਸ਼ੁਰੂ ਕੀਤਾ ਹੈ ਜਿਸ ਤਹਿਤ 17 ਜੁਲਾਈ ਨੂੰ ਹੋ ਰਹੇ ਇਸ ਧਰਨੇ ਵਿਚ ਵਿਸ਼ੇਸ਼ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਪੁੱਜਣਗੇ। (Surjit Singh Rakhra)
ਇਸ ਮੌਕੇ ਹਰਮੇਲ ਸਿੰਘ ਟੌਹੜਾ ਸਾਬਕਾ ਮੰਤਰੀ, ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ, ਬੀਬੀ ਵਨਿੰਦਰ ਕੌਰ ਲੂੰਬਾ, ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ, ਸਤਵੀਰ ਸਿੰਘ ਖੱਟੜਾ ਇੰਚਾਰਜ ਪਟਿਆਲਾ ਦਿਹਾਤੀ, ਕਬੀਰ ਦਾਸ ਨਾਭਾ, ਰਣਧੀਰ ਸਿੰਘ ਰੱਖੜਾ ਮੀਤ ਪ੍ਰਧਾਨ, ਵਿਸ਼ਨੂੰ ਸ਼ਰਮਾ ਸਾਬਕਾ ਮੇਅਰ, ਅਜੀਤ ਪਾਲ ਕੋਹਲੀ ਸਾਬਕਾ ਮੇਅਰ, ਅਮਰਇੰਦਰ ਸਿੰਘ ਬਜਾਜ ਸਾਬਕਾ ਮੇਅਰ ਅਤੇ ਹੋਰ ਵੀ ਨੇਤਾ ਹਾਜ਼ਰ ਸਨ। (Surjit Singh Rakhra)