ਜੇਤੂ ਵਿਦਾਈ ਲੈਣ ਉੱਤਰਨਗੇ ਵਿੰਡੀਜ਼-ਅਫਗਾਨ

West Indies Vs Afghanistan, Match, Today

ਜੇਤੂ ਵਿਦਾਈ ਲੈਣ ਉੱਤਰਨਗੇ ਵਿੰਡੀਜ਼-ਅਫਗਾਨ

ਲੀਡਸ, ਏਜੰਸੀ। ਵਿਸ਼ਵ ਕੱਪ ‘ਚੋਂ ਬਾਹਰ ਹੋ ਚੁੱਕੀਆਂ ਵੈਸਟਇੰਡੀਜ਼ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਅੱਜ ਵਿਸ਼ਵ ਕੱਪ ‘ਚ ਆਪਣੇ ਆਖਰੀ ਮੁਕਾਬਲੇ ‘ਚ ਜਿੱਤ ਦਰਜ ਕਰਕੇ ਟੂਰਨਾਮੈਂਟ ਤੋਂ ਜੇਤੂ ਵਿਦਾਈ ਲੈਣਾ ਚਾਹੁੰਣਗੀਆਂ। ਦੋਵੇਂ ਹੀ ਟੀਮਾਂ ਇਸ ਵਿਸ਼ਵ ਕੱਪ ‘ਚ ਆਪਣੀ ਛਾਪ ਛੱਡਣ ‘ਚ ਨਾਕਾਮ ਰਹੀਆਂ ਅਤੇ ਟੂਰਨਾਮੈਂਟ ‘ਚੋਂ ਬਾਹਰ ਹੋ ਗਈਆਂ ਹਨ। ਅੰਕ ਸੂਚੀ ‘ਚ ਵੈਸਟਇੰਡੀਜ਼ ਦੇ ਅੱਠ ਮੈਚਾਂ ‘ਚ ਇੱਕ ਜਿੱਤ, ਛੇ ਹਾਰ ਅਤੇ ਇੱਕ ਰੱਦ ਨਤੀਜੇ ਨਾਲ ਤਿੰਨ ਅੰਕ ਹਨ ਜਦੋਂਕਿ ਅਫਗਾਨਿਸਤਾਨ ਦੀ ਟੀਮ ਇਸ ਵਿਸ਼ਵ ਕੱਪ ‘ਚ ਇੱਕ ਵੀ ਮੁਕਾਬਲਾ ਜਿੱਤਣ ‘ਚ ਨਾਕਾਮ ਰਹੀ ਹੈ ਅਤੇ ਉਸ ਦੇ ਅੱਠ ਮੈਚਾਂ ‘ਚ ਇੱਕ ਵੀ ਅੰਕ ਨਹੀਂ ਹੈ। ਵਿੰਡੀਜ਼ ਅਤੇ ਅਫਗਾਨਿਸਤਾਨ ਅੰਕ ਸੂਚੀ ‘ਚ ਲੜੀਵਾਰ ਨੌਵੇਂ ਅਤੇ 10ਵੇਂ ਨੰਬਰ ‘ਤੇ ਕਾਬਜ਼ ਹੈ।

ਵਿੰਡੀਜ਼ ਦੀ ਟੀਮ ਨੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੁਕਾਬਲੇ ‘ਚ ਵੱਡਾ ਉਲਟਫੇਰ ਕਰਦਿਆਂ ਪਾਕਿਸਤਾਨ ਨੂੰ ਹਰਾਇਆ ਸੀ ਅਤੇ ਟੂਰਨਾਮੈਂਟ ‘ਚ ਆਪਣੀ ਦਮਦਾਰ ਮੌਜ਼ੂਦਗੀ ਦਰਜ ਕਰਵਾਈ ਸੀ ਪਰ ਉਸ ਤੋਂ ਬਾਅਦ ਵਿੰਡੀਜ਼ ਦੀ ਟੀਮ ਲਗਾਤਾਰ ਆਪਣੇ ਮੁਕਾਬਲੇ ਹਾਰਦੀ ਰਹੀ ਅਤੇ ਸਮਾਂ ਰਹਿੰਦੇ ਵਾਪਸੀ ਨਹੀਂ ਕਰ ਸਕੀ। ਵਿੰਡੀਜ਼ ਦੇ ਬੱਲੇਬਾਜ਼ ਵੱਡੀਆਂ ਸਾਂਝੇਦਾਰੀਆਂ ਕਰਨ ‘ਚ ਨਾਕਾਮ ਰਹੇ ਅਤੇ ਗੇਂਦਬਾਜ਼ ਵੀ ਕਸੀ ਹੋਈ ਗੇਂਦਬਾਜ਼ੀ ਨਹੀਂ ਕਰ ਸਕੇ। ਵਿੰਡੀਜ਼ ਨੂੰ ਆਪਣੇ ਪਿਛਲੇ ਮੁਕਾਬਲੇ ‘ਚ ਸ੍ਰੀਲੰਕਾ ਹੱਥੋਂ 23 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵੈਸਟਇੰਡੀਜ਼ ਦਾ ਇਸ ਵਿਸ਼ਵ ਕੱਪ ‘ਚ ਆਖਰੀ ਮੁਕਾਬਲਾ ਟੂਰਨਾਮੈਂਟ ਦੀ ਸਭ ਤੋਂ ਕਮਜ਼ੋਰ ਸਾਬਤ ਹੋਈ ਅਫਗਾਨਿਸਤਾਨ ਦੀ ਟੀਮ ਨਾਲ ਹੋਵੇਗਾ ਅਤੇ ਉਸ ਦੀ ਨਜ਼ਰ ਜਿੱਤ ਨਾਲ ਆਪਣਾ ਅਭਿਆਨ ਸਮਾਪਤ ਕਰਨ ‘ਤੇ ਲੱਗੀ ਹੋਵੇਗੀ।

ਪੰਜ ਇੱਕ ਰੋਜ਼ਾ ‘ਚੋਂ ਤਿੰਨ ਅਫਗਾਨਿਸਤਾਨ ਨੇ ਜਿੱਤੇ

ਅਫਗਾਨਿਸਤਾਨ ਵੀ ਆਪਣਾ ਆਖਰੀ ਮੈਚ ਜਿੱਤ ਕੇ ਟੂਰਨਾਮੈਂਟ ‘ਚ ਇੱਕ ਜਿੱਤ ਨਾਲ ਵਿਦਾਈ ਦੇਣਾ ਚਾਹੇਗਾ।ਅਫਗਾਨਿਸਤਾਨ ਅਤੇ ਵੈਸਟਇੰਡੀਜ਼ ਲਈ ਇਸ ਵਿਸ਼ਵ ਕੱਪ ‘ਚ ਹੁਣ ਕਰਨ ਨੂੰ ਭਾਵੇਂ ਕੁਝ ਹੀ ਨਾ ਬਚਿਆ ਹੋਵੇ ਪਰ ਦੋਵੇਂ ਹੀ ਟੀਮਾਂ ਜਿੱਤ ਨਾਲ ਸਨਮਾਨਜਕ ਦਿਵਾਈ ਜ਼ਰੂਰ ਲੈਣਾ ਚਾਹੁੰਣਗੀਆਂ। ਖਾਸ ਤੌਰ ‘ਤੇ ਅਫਗਾਨਿਸਤਾਨ ਦੀ ਨਜ਼ਰ ਇਸ ਟੂਰਨਾਮੈਂਟ ‘ਚ ਇੱਕ ਜਿੱਤ ਦਰਜ ਕਰਨ ‘ਤੇ ਲੱਗੀ ਹੋਵੇਗੀ। ਦੋਵਾਂ ਟੀਮਾਂ ਦਰਮਿਆਨ ਹੁਣ ਤੱਕ ਪੰਜ ਇੱਕ ਰੋਜ਼ਾ ਮੁਕਾਬਲੇ ਖੇਡੇ ਗਏ ਹਨ ਜਿਸ ‘ਚੋਂ ਤਿੰਨ ਮੈਚ ਅਫਗਾਨਿਸਤਾਨ ਨੇ ਜਿੱਤੇ ਹਨ ਜਦੋਂਕਿ ਵੈਸਟਇੰਡੀਜ਼ ਨੂੰ ਇੱਕ ਮੁਕਾਬਲੇ ‘ਚ ਜਿੱਤ ਮਿਲੀ ਹੈ, ਦੋਵਾਂ ਦਰਮਿਆਨ ਇੱਕ ਮੈਚ ਬੇਨਤੀਜਾ ਰਿਹਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।