ਵਿਆਹ ਦੇ ਵਾਜਿਆਂ ਨਾਲੋਂ ‘ਬੈਂਡ’ ਮੋਹਰੀ
ਪੰਜਾਬ ਵਿੱਚ ਇੱਕ ਗੱਲ ਇਹ ਵੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਲੋਕ ਆਪਣੇ ਮੁੰਡਿਆਂ ਦੇ ਵਿਆਹਾਂ ਲਈ ਪੜ੍ਹੀਆਂ ਲਿਖੀਆਂ, ਨੌਕਰੀਸ਼ੁਦਾ ਕੁੜੀਆਂ ਵੇਖਣ ਨਾਲੋਂ ਉਸ ਲੜਕੀ ਦੇ ਆਈਲੈੱਟਸ ਵਿੱਚੋਂ ਆਏ ‘ਬੈਂਡ’ ਨੂੰ ਮਾਨਤਾ ਦੇਣ ਲੱਗੇ ਹਨ ਵੱਡੀ ਗਿਣਤੀ ਨੌਜਵਾਨਾਂ ਦੀ ਮੰਗ ਇਹ ਹੈ ਕਿ ਉਸ ਨੂੰ ਚੰਗੇ ਬੈਂਡ ਹਾਸਲ ਕਰਨ ਵਾਲੀ ਕੁੜੀ ਮਿਲ ਜਾਵੇ ਚਾਹੇ ਵੀ ਕਿਸੇ ਵੀ ਬਰਾਦਰੀ ਨਾਲ ਸਬੰਧਿਤ ਹੋਵੇ ਤੇ ਉਸ ਲੜਕੀ ਦੇ ਬਾਹਰ ਜਾਣ ਦਾ ਸਾਰਾ ਖਰਚਾ ਲੜਕੇ ਦੇ ਪਰਿਵਾਰ ਵਲੋਂ ਓਟਿਆ ਜਾਂਦਾ ਹੈ ਅਖ਼ਬਾਰਾਂ ‘ਚ ਧੜਾਧੜ ਇਸ਼ਤਿਹਾਰ ਦਿੱਤੇ ਜਾ ਰਹੇ ਹਨ ਕਿ ਲੜਕੇ ਦੇ ਵਿਆਹ ਲਈ ਹੋਰ ਕੁਝ ਨਹੀਂ ਸਿਰਫ਼ ਚੰਗੇ ਬੈਂਡ ਵਾਲੀ ਲੜਕੀ ਦੀ ਲੋੜ ਹੈ।
ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਫ਼ਿਕਰਮੰਦੀ : ਭਗਵੰਤ ਮਾਨ
ਇਸ ਸਬੰਧੀ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਅੱਜ ਵੱਡੀ ਗਿਣਤੀ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਹਨ ਨੌਜਵਾਨਾਂ ਦਾ ਬ੍ਰੇਨ ਡ੍ਰੇਨ ਹੋ ਰਿਹਾ ਹੈ ਇਸ ਪਾਸੇ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਹੈ ਉਨ੍ਹਾਂ ਕਿਹਾ ਕਿ ਜੇਕਰ ਬੇਰੁਜ਼ਗਾਰ ਨੌਜਵਾਨਾਂ ਨੂੰ ਇੱਧਰ ਹੀ ਰੁਜ਼ਗਾਰ ਮਿਲ ਜਾਵੇ ਤਾਂ ਉਨ੍ਹਾਂ ਨੂੰ ਬਾਹਰਲੇ ਦੇਸ਼ਾਂ ਵੱਲ ਭੱਜਣਾ ਨਾ ਪਵੇ ਇਹ ਪੰਜਾਬ ਦੇ ਭਖ਼ਦੇ ਮੁੱਦੇ ਹਨ ਤੇ ਉਹ ਇਸ ਸਬੰਧੀ ਸੰਸਦ ਵਿੱਚ ਆਵਾਜ਼ ਚੁੱਕਣਗੇ।
ਗੁਰਪ੍ਰੀਤ ਸਿੰਘ
ਸੰਗਰੂਰ, 29 ਜੂਨ
ਲਗਭਗ ਪਿਛਲੇ ਇੱਕ ਦਹਾਕੇ ਤੋਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ‘ਤੇ ਵਿਦੇਸ਼ ਜਾਣ ਦਾ ਰੁਝਾਨ ਘਟਣ ਦਾ ਨਾਂਅ ਹੀ ਨਹੀਂ ਲੈ ਰਿਹਾ, ਸਗੋਂ ਇਹ ਹੋਰ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਪੰਜਾਬ ਦੇ ਵੱਡੀ ਗਿਣਤੀ ਨੌਜਵਾਨ ਮੁੰਡੇ ਕੁੜੀਆਂ ਦਾ ਹੁਣ ਸੁਫ਼ਨਾ ਆਈਏਐੱਸ ਜਾਂ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਦਾ ਨਾ ਰਹਿ ਕੇ ਸਿਰਫ਼ ਵਿਦੇਸ਼ ਵਸਣ ਦਾ ਹੋ ਗਿਆ ਹੈ ਅੱਜ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਨੌਜਵਾਨ ਅਮਰੀਕਾ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਵਰਗੇ ਮੁਲਖਾਂ ਨੂੰ ਜਾਣ ਵਾਲੇ ਜਹਾਜ਼ਾਂ ਵਿੱਚ ਚੜ੍ਹ ਰਹੇ ਹਨ ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਏਨੀ ਵੱਡੀ ਲਾਲਸਾ ਨੂੰ ਵੇਖ ਕੇ ਆਈਲੈੱਟਸ ਕਰਵਾਉਣ ਵਾਲੇ ਅਦਾਰਿਆਂ ਤੇ ਵੀਜ਼ਾ ਲਾ ਕੇ ਬਾਹਰ ਭੇਜਣ ਵਾਲੇ ਏਜੰਟਾਂ ਨੇ ਪੰਜਾਬ ਦੇ ਕਾਰੋਬਾਰ ‘ਤੇ ਆਪਣੀ ਪਕੜ ਕਾਇਮ ਕਰ ਲਈ ਹੈ, ਜਿਸ ਦਾ ਸਿੱਧਾ ਅਸਰ ਹੋਰਨਾਂ ਨਿੱਜੀ ਕਾਲਜਾਂ ਤੇ ਸਰਕਾਰੀ ਕਾਲਜਾਂ ‘ਤੇ ਇਸ ਦਾ ਜ਼ਬਰਦਸਤ ਅਸਰ ਹੋ ਰਿਹਾ ਹੈ ਹਾਸਲ ਕੀਤੀ ਜਾਣਕਾਰੀ ਮੁਤਾਬਕ ਅੱਜ ਪੰਜਾਬ ‘ਚੋਂ ਹਰ ਰੋਜ਼ ਤਕਰੀਬਨ 100 ਤੋਂ 150 ਮੁੰਡੇ ਤੇ ਕੁੜੀਆਂ ਵੀਜ਼ਾ ਲਗਵਾ ਕੇ ਬਾਹਰਲੇ ਦੇਸ਼ਾਂ ਨੂੰ ਜਹਾਜ਼ ਚੜ੍ਹ ਰਹੇ ਹਨ ਇਹ ਗਿਣਤੀ ਸਿਰਫ਼ ਸਹੀ ਤਰੀਕੇ ਨਾਲ ਵੀਜ਼ਾ ਹਾਸਲ ਕਰਨ ਵਾਲਿਆਂ ਦੀ ਹੈ।
ਜਦੋਂ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਧੋਖੇਬਾਜ਼ ਏਜੰਟਾਂ ਦੇ ਹੱਥੇ ਚੜ੍ਹ ਕੇ ਗਲਤ ਤਰੀਕੇ ਨਾਲ ਵਿਦੇਸ਼ਾਂ ਦੀ ਧਰਤੀ ‘ਤੇ ਪੈਰ ਰੱਖਣ ਲਈ ਕਾਹਲੇ ਹੋ ਰਹੇ ਹਨ ਪਿੰਡਾਂ ਦੇ ਨੌਜਵਾਨ ਜਿਹੜੇ ਮੱਧ ਵਰਗੀ ਪਰਿਵਾਰਾਂ ਨਾਲ ਸਬੰਧਿਤ ਹਨ, ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਜਾਣ ਦਾ ਸੁਫ਼ਨਾ ਸੰਜੋਈ ਬੈਠੇ ਹਨ ਉਹ ਕਿਸੇ ਵੀ ਹਾਲਤ ਵਿੱਚ ਬਾਹਰ ਜਾਣ ਲਈ ਆਪਣੇ ਮਾਪਿਆਂ ਨੂੰ ਮਜ਼ਬੂਰ ਕਰ ਰਹੇ ਹਨ ਕੈਨੇਡਾ ਵਿੱਚ ਜਾਣ ਦੇ ਚਾਹਵਾਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਬੇਸ਼ੱਕ ਕੈਨੇਡਾ ਜਾਣ ਦਾ ਆਧਾਰ ਪੜ੍ਹਾਈ ਬਣਾਇਆ ਜਾਂਦਾ ਹੈ ਪਰ ਅਸਲ ਵਿੱਚ ਉੱਥੇ ਕੰਮ ਕਰਕੇ ਗੁਜਰ ਬਸਰ ਕਰਨਾ ਹੀ ਹੁੰਦਾ ਹੈ ਮੌਜ਼ੂਦਾ ਸਮੇਂ ਕੈਨੇਡਾ ਦੇ ਕਿਸੇ ਕਾਲਜ ਵਿੱਚ ਦਾਖ਼ਲਾ ਲੈਣ ਲਈ ਘੱਟ ਤੋਂ ਘੱਟ ਇੱਕ ਸਾਲ ਦੀ 8 ਲੱਖ ਰੁਪਏ ਫੀਸ ਭਰਨੀ ਪੈਂਦੀ ਹੈ, ਇਸ ਤੋਂ ਇਲਾਵਾ 5 ਲੱਖ ਰੁਪਏ ਵਿਦਿਆਰਥੀ ਨੂੰ ਉੱਥੇ ਰਹਿਣ (ਅਕੰਮੋਡੇਸ਼ਨ) ਦਾ ਦੇਣਾ ਪੈਂਦਾ ਹੈ ਇਸ ਤੋਂ ਇਲਾਵਾ ਤਿਆਰੀ ਲਈ ਵੀ ਘੱਟ ਤੋਂ ਘੱਟ ਡੇਢ ਲੱਖ ਰੁਪਏ ਦਾ ਖਰਚਾ ਹੋ ਜਾਂਦਾ ਹੈ ਮੁੰਡੇ ਕੁੜੀਆਂ ਦੇ ਵਿਦੇਸ਼ਾਂ ‘ਚ ਜਾਣ ਦੇ ਰੁਝਾਨ ਨੂੰ ਵੇਖਦਿਆਂ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ‘ਚ ਹਜ਼ਾਰਾਂ ਦੀ ਗਿਣਤੀ ਵਿੱਚ ਆਈਲੈੱਟਸ ਸੈਂਟਰ ਖੁੱਲ੍ਹ ਚੁੱਕੇ ਹਨ ਜਿਹੜੇ ਆਪੋ ਆਪਣੇ ਪੱਧਰ ‘ਤੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਬੋਲਣਾ, ਲਿਖਣਾ, ਸੁਣਨਾ ਤੇ ਪੜ੍ਹਨ ਬਾਰੇ ਸਿੱਖਿਆ ਦੇ ਰਹੇ ਹਨ ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਦੇ ਨਾਮੀ ਅਦਾਰੇ ਰੁਦਰਾ ਇੰਮੀਗ੍ਰੇਸ਼ਨ ਦੇ ਐੱਮਡੀ ਅਮਿਤ ਅਲੀਸ਼ੇਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਅਦਾਰਿਆਂ ‘ਚ ਵਿਦਿਆਰਥੀਆਂ ਵੱਲੋਂ ਕਾਫ਼ੀ ਵਿਸ਼ਵਾਸ ਦਿਖਾਇਆ ਜਾ ਰਿਹਾ ਹੈ ਕਿਉਂਕਿ ਸਾਡਾ ਰਿਜ਼ਲਟ ਹਰ ਵਾਰ ਬਹੁਤ ਵਧੀਆ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Still, Answering, ILETS, ‘Band’, Wedding