ਕੈਦੀ ਦੀ ਮੌਤ ਤੋਂ ਭੜਕੇ ਕੈਦੀਆਂ ਵੱਲੋਂ ਪੱਥਰਬਾਜ਼ੀ ਤੇ ਸਾੜ-ਫੂਕ, ਏਸੀਪੀ ਸਮੇਤ 35 ਜ਼ਖਮੀ
ਜੇਲ੍ਹ ਸੁਪਰਡੈਂਟ ਦੀ ਗੱਡੀ ਤੇ ਰਿਕਾਰਡ ਰੂਮ ਨੂੰ ਲਾਈ ਅੱਗ
ਲੁਧਿਆਣਾ, ਰਾਮ ਗੋਪਾਲ ਰਾਏਕੋਟੀ
ਲੁਧਿਆਣਾ ਦੀ ਸੈਂਟਰਲ ਜੇਲ੍ਹ ‘ਚ ਹੋਈ ਇੱਕ ਕੈਦੀ ਦੀ ਮੌਤ ਤੋਂ ਬਾਅਦ ਵੀਰਵਾਰ ਨੂੰ ਜੇਲ੍ਹ ਪ੍ਰਸ਼ਾਸਨ ਤੇ ਕੈਦੀਆਂ ਵਿਚਕਾਰ ਖੂਨੀ ਝੜਪਾਂ ਹੋਈਆਂ ਇਨ੍ਹਾਂ ਝੜਪਾਂ ਦੌਰਾਨ ਏਸੀਪੀ, ਜੇਲ੍ਹ ਪ੍ਰਸ਼ਾਸਨ ਦੇ ਮੁਲਾਜ਼ਮ ਤੇ ਕੈਦੀਆਂ ਸਮੇਤ 35 ਜਣੇ ਜ਼ਖ਼ਮੀ ਹੋ ਗਏ ਤੇ ਇੱਕ ਕੈਦੀ ਦੀ ਮੌਤ ਦੀ ਖ਼ਬਰ ਹੈ ਜਾਣਕਾਰੀ ਅਨੁਸਾਰ ਬੀਤੀ ਰਾਤ ਸੰਨੀ ਸੂਦ ਨਾਂਅ ਦੇ ਵਿਚਾਰ ਅਧੀਨ ਕੈਦੀ ਦੀ ਜੇਲ੍ਹ ‘ਚ ਮੌਤ ਹੋ ਗਈ ਸੀ ਉਸ ਦੀ ਮੌਤ ਤੋਂ ਭੜਕੇ ਕੈਦੀਆਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ ਜ਼ਿਕਰਯੋਗ ਹੈ ਕਿ ਸੰਨੀ ਸੂਦ ਨੂੰ ਬਿਮਾਰ ਹੋਣ ਕਾਰਨ ਕੱਲ੍ਹ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ ਸੀ, ਜਿਸ ਦੀ ਮੌਤ ਹੋ ਗਈ ।
ਜੇਲ੍ਹ ਅੰਦਰੋਂ ਵਾਇਰਲ ਹੋਈ ਇੱਕ ਵੀਡੀਓ ‘ਚ ਕੈਦੀਆਂ ਨੇ ਇਸ ਘਟਨਾ ਸਬੰਧੀ ਕਿਹਾ ਹੈ ਕਿ ਜੇਲ੍ਹ ਪ੍ਰਸ਼ਾਸਨ ਕੈਦੀਆਂ ‘ਤੇ ਤਸ਼ੱਦਦ ਕਰਦਾ ਹੈ ਤੇ ਸੰਨੀ ਸੂਦ ਦੀ ਮੌਤ ਵੀ ਇਸੇ ਕਾਰਨ ਹੋਈ ਹੈ। ਇਹਨਾਂ ਕੈਦੀਆਂ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਕੈਦੀਆਂ ਦੀ ਕੁੱਟਮਾਰ ਕਰਦਾ ਹੈ। ਅੱਜ 11. 30 ਵਜੇ ਦੇ ਕਰੀਬ ਜਦੋਂ ਸੰਨੀ ਸੂਦ ਦੀ ਮੌਤ ਦੀ ਖਬਰ ਆਈ ਤਾਂ ਕੈਦੀਆਂ ‘ਚ ਗੁੱਸਾ ਭੜਕ ਗਿਆ ਤੇ ਉਹਨਾਂ ਨੇ ਜੇਲ੍ਹ ‘ਚ ਰੋਸ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਜੇਲ੍ਹ ਪ੍ਰਸ਼ਾਸਨ ਨੇ ਇਸ ਨੂੰ ਰੋਕਣ ਦੀ ਕੋਸਿਸ਼ ਕੀਤੀ ਤਾਂ ਪੁਲਿਸ ਤੇ ਕੈਦੀਆਂ ਦੀ ਆਪਸੀ ਝਪਟ ਸ਼ੁਰੂ ਹੋ ਗਈ। ਜੇਲ੍ਹ ਵਿੱਚ ਕੁਝ ਹੀ ਸਮੇਂ ‘ਚ ਇਸ ਝਪਟ ਨੇ ਭਿਆਨਕ ਰੂਪ ਧਾਰ ਲਿਆ। ਜੇਲ੍ਹ ਪੁਲਿਸ ਨੇ ਗੋਲੀਬਾਰੀ ਕੀਤੀ ਤੇ ਕੈਦੀਆਂ ਨੇ ਪੱਥਰ-ਇੱਟਾਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਅੱਧੀ ਦਰਜਨ ਕੈਦੀ ਜ਼ਖਮੀ ਹੋ ਗਏ, ਅਤੇ ਅੱਧੀ ਦਰਜਨ ਜੇਲ੍ਹ ਮੁਲਾਜ਼ਮ ਵੀ ਜ਼ਖਮੀ ਹੋ ਗਏ। ਇਸ ਦੌਰਾਨ ਜੇਲ੍ਹ ਦੇ ਮੁੱਖ ਗੇਟ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਜੇਲ੍ਹ ਦੀ ਇਮਾਰਤ ਦੀ ਘੇਰਾਬੰਦੀ ਕਰ ਦਿੱਤੀ ਗਈ ਸੀ। ਇਸੇ ਭੜਕੀ ਹਿੰਸਾਂ ‘ਚ 4 ਕੈਦੀਆਂ ਨੇ ਜੇਲ ‘ਚੋਂ ਭੱਜਣ ਦੀ ਕੋਸਿਸ਼ ਕੀਤੀ ਗਈ, ਜਿਹਨਾਂ ਨੂੰ ਫੜ ਕੇ ਵਾਪਸ ਜੇਲ੍ਹ ‘ਚ ਬੰਦ ਕਰ ਦਿੱਤਾ।
ਅੰਦਰੋਂ ਖਬਰਾਂ ਆਈਆਂ ਕਿ ਕੈਦੀਆਂ ਨੇ ਗੈਸ ਸਿਲੰਡਰਾਂ ਨੂੰ ਅੱਗ ਲਗਾ ਦਿੱਤੀ ਤੇ ਹੋਰ ਵੀ ਸਾੜ-ਫੂਕ ਕੀਤੀ, ਜਿਸ ‘ਤੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੂੰ ਬੁਲਾਇਆ ਗਿਆ ਸੀ। ਕੇਂਦਰੀ ਜੇਲ੍ਹ ‘ਚ ਕਈ ਕੈਦੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਅਤੇ ਪੁਲਿਸ ਵੱਲੋਂ ਲਗਾਤਾਰ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਮੌਕੇ ‘ਤੇ ਭਾਰੀ ਪੁਲਿਸ ਫੋਰਸ ਨੂੰ ਤਾਇਨਾਤ ਕੀਤੀ ਗਈ ਸੀ ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਹੋਈਆਂ ਸਨ ਕੇਂਦਰੀ ਜੇਲ੍ਹ ‘ਚ ਸਥਿਤੀ ਬਹੁਤ ਹੀ ਤਣਾਅਪੂਰਨ ਬਣੀ ਹੋਈ ਸੀ, ਜਿਸ ਤੋਂ ਬਾਅਦ ਪੁਲਸ ਦੇ ਜਵਾਨਾਂ ਨੇ ਮੋਰਚਾ ਸੰਭਾਲ ਲਿਆ ਸੀ, ਜੇਲ੍ਹ ਦੇ ਅੰਦਰੋਂ ਦੁਪਹਿਰ ਤੱਕ ਸਾਇਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ, ਪੁਲਿਸ ਜਵਾਨਾਂ ਨੇ ਬਾਹਰ ਤੇ ਅੰਦਰ ਮੋਰਚਾ ਸੰਭਾਲਿਆ ਹੋਇਆ ਸੀ।
ਮੁੱਢਲੀ ਜਾਣਕਾਰੀ ਮੁਤਾਬਕ ਸੰਨੀ ਸੂਦ ਦੀ ਮੌਤ ਦੀ ਖਬਰ ਤੋਂ ਬਾਅਦ ਜੇਲ੍ਹ ਵਿੱਚ ਦੰਗੇ ਹੋਏ ਅਤੇ 3100 ਦੇ ਕਰੀਬ ਹਵਾਲਾਤੀਆਂ ਨੇ ਆਪਣੀਆਂ ਬੈਰਕਾਂ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਇਹ ਕੈਦੀ ਉਸਾਰੀ ਦੇ ਚੱਲ ਰਹੇ ਕੰਮ ਲਈ ਬੈਰਕਾਂ ਤੋਂ ਬਾਹਰ ਸਨ। ਦੰਗਾਕਾਰੀ ਕੈਦੀਆਂ ਨੇ ਰਿਕਾਰਡ ਰੂਮ ਦੇ ਨਾਲ ਜੇਲ੍ਹ ਸੁਪਰਡੰਟ ਦੀ ਕਾਰ ਨੂੰ ਅੱਗ ਲਾ ਦਿੱਤੀ ਅਤੇ ਜੇਲ੍ਹ ਦੀ ਹੋਰ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ।
ਮੁੱਢਲੀਆਂ ਰਿਪੋਰਟਾਂ ਮੁਤਾਬਕ ਕੈਦੀਆਂ ਨੇ ਜਦੋਂ ਗੇਟ ਭੰਨਣ ਦੀ ਕੋਸ਼ਿਸ਼ ਕੀਤੀ ਤਾਂ ਜੇਲ ਪੁਲਿਸ ਨੇ ਹਵਾਈ ਫਾਇਰ ਕਰਕੇ ਇਨ੍ਹਾਂ ਨੂੰ ਰੋਕਣ ਦੇ ਯਤਨ ਕੀਤੇ। ਇਸ ਦੌਰਾਨ ਲੁਧਿਆਣਾ ਦੇ ਡੀ.ਸੀ.ਪੀ. ਅਸ਼ਵਨੀ ਕੁਮਾਰ ਸਥਿਤੀ ਨੂੰ ਕਾਬੂ ਕਰਨ ਲਈ ਅਥਰੂ ਗੈਸ ਛੱਡਣ ਵਾਲੇ ਵਾਹਨ ਅਤੇ 250-300 ਪੁਲਿਸ ਮੁਲਾਜ਼ਮਾਂ ਦੀ ਵਾਧੂ ਫੋਰਸ ਲੈ ਕੇ ਮੌਕੇ ‘ਤੇ ਪਹੁੰਚੇ। ਇਸੇ ਤਰ੍ਹਾਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਅਤੇ ਆਈ.ਜੀ. ਜੇਲ੍ਹਾਂ ਐਲ.ਐਸ. ਜਾਖੜ ਵੀ ਮੌਕੇ ‘ਤੇ ਪਹੁੰਚੇ।
ਸਥਿਤੀ ਨੂੰ ਅਖੀਰ ਦੁਪਹਿਰ 1:30 ਵਜੇ ਕਾਬੂ ਕਰ ਲਿਆ ਗਿਆ, ਜਦੋਂ ਸਾਰੇ ਕੈਦੀਆਂ ਨੂੰ ਬੈਰਕਾਂ ਵਿੱਚ ਵਾਪਸ ਭੇਜ ਦਿੱਤਾ।
ਇਸ ਹਿੰਸਾ ਵਿੱਚ ਮਾਰੇ ਗਏ ਕੈਦੀ ਦੀ ਪਛਾਣ ਅਜੀਤ ਬਾਬਾ ਪੁੱਤਰ ਹਰਜਿੰਦਰ ਸਿੰਘ ਜਦਕਿ ਜ਼ਖ਼ਮੀ ਹੋਣ ਵਾਲਿਆਂ ਵਿੱਚ ਵਿਸ਼ਾਲ ਕੁਮਾਰ ਪੁੱਤਰ ਰਕੇਸ਼ ਸ਼ਰਮਾ ਵਾਸੀ ਦਾਬਾ, ਪ੍ਰਿੰਸ ਪੁੱਤਰ ਰਾਜਪਾਲ ਵਾਸੀ ਸਿਵਲ ਲਾਈਨਜ਼ ਲੁਧਿਆਣਾ, ਸੁਨੀਲ ਪੁੱਤਰ ਬਾਬੂ ਰਾਮ ਵਾਸੀ ਹਾਜੀਪੁਰ (ਹੁਸ਼ਿਆਰਪੁਰ), ਰਣਬੀਰ ਪੁੱਤਰ ਸੁਖਦੇਵ ਵਾਸੀ ਗੋਬਿੰਦ ਨਗਰ ਜਲੰਧਰ ਅਤੇ ਪੰਕਜ ਪੁੱਤਰ ਵੀਰਪਾਲ ਵਾਸੀ ਤਾਜਪੁਰ ਰੋਡ ਲੁਧਿਆਣਾ ਸ਼ਾਮਲ ਹਨ।
ਸੁਖਬੀਰ ਬਾਦਲ ਨੇ ਜੇਲ੍ਹ ਮੰਤਰੀ ਰੰਧਾਵਾ ਨੂੰ ਮੰਤਰੀ ਮੰਡਲ ‘ਚੋਂ ਬਾਹਰ ਕਰਨ ਦੀ ਕੀਤੀ ਮੰਗ:
ਇਸ ਮਾਮਲੇ ‘ਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੰਤਰੀ ਮੰਡਲ ‘ਚੋਂ ਬਾਹਰ ਕਰਨ ਦੀ ਮੰਗ ਕੀਤੀ ਹੈ ਉਨ੍ਹਾਂ ਨੇ ਟਵੀਟਰ ‘ਤੇ ਭੜਾਸ ਕੱਢਦੇ ਹੋਏ ਕਿਹਾ ਕਿ ਲੁਧਿਆਣਾ ਜੇਲ੍ਹ ‘ਚ ਹੋਈ ਹਿੰਸਾ ਪੰਜਾਬ ‘ਚ ਫੈਲੇ ਜੰਗਲ ਰਾਜ ਦੀ ਇਕ ਪ੍ਰਤੱਖ ਉਦਾਹਰਨ ਸਾਬਤ ਹੁੰਦੀ ਹੈ
ਉਨ੍ਹਾਂ ਕਿਹਾ ਕਿ ਸੂਬੇ ਅੰਦਰ ਅਮਨ ਕਾਨੂੰਨ ਪੂਰੀ ਤਰ੍ਹਾਂ ਆਲੋਪ ਹੋ ਚੁੱਕਾ ਹੈ ਉਨ੍ਹਾਂ ਕਿਹਾ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਤੁਰੰਤ ਮੰਤਰੀ ਮੰਡਲ ‘ਚੋਂ ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਹੈ ਉਨ੍ਹਾਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ
ਮੁੱਖ ਮੰਤਰੀ ਵੱਲੋਂ ਹਿੰਸਾ ਦੀ ਮੈਜਿਸਟ੍ਰੇਟੀ ਜਾਂਚ ਦੇ ਦਿੱਤੇ ਹੁਕਮ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਅੱਜ ਵਾਪਰੀ ਹਿੰਸਾ ਦੀ ਮੈਜਿਸਟ੍ਰੇਟੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇਹ ਜਾਂਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾਵੇਗੀ। ਅੱਜ ਇੱਥੇ ਕੁਝ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਨਾਲ ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਦੇ ਵਿਗੜ ਜਾਣ ਵਾਲੀ ਕੋਈ ਗੱਲ ਨਹੀਂ ਹੈ। ਵਿਰੋਧੀ ਧਿਰਾਂ ਵੱਲੋਂ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦਾ ਅਸਤੀਫ਼ੇ ਦੀ ਮੰਗ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।