ਧੁੱਪ ‘ਚ ਬੈਠੇ ਮੁਲਾਜ਼ਮਾਂ ਵੱਲੋਂ ਸਰਕਾਰ ਦਾ ਪਿੱਟ ਸਿਆਪਾ
ਬਠਿੰਡਾ, ਅਸ਼ੋਕ ਵਰਮਾ
ਨਹਿਰੀ ਖਾਲ ਪੱਕੇ ਕਰਕੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਉਣ ਵਾਲੇ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਜਦੋਂ ਕਰੀਬ ਲਾਈਨਿੰਗ ਡਵੀਜ਼ਨ ਨੰਬਰ 7 ਦੇ ਦਫਤਰ ਦਾ ਕਰੀਬ 18 ਮਹੀਨਿਆਂ ਦਾ ਕਿਰਾਇਆ ਅਦਾ ਨਾ ਕਰ ਸਕਿਆ ਤਾਂ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਨੇ ਵੀਰਵਾਰ ਸਵੇਰੇ ਦਫਤਰ ਸੀਲ ਕਰ ਦਿੱਤਾ ਜ਼ਿਲ੍ਹਾ ਪ੍ਰੀਸ਼ਦ ਨੇ ਇਹ ਕਾਰਵਾਈ ਦਫਤਰ ਖੁੱਲ੍ਹਣ ਤੋਂ ਪਹਿਲਾਂ ਹੀ ਕਰ ਦਿੱਤੀ, ਜਿਸ ਦੇ ਸਿੱਟੇ ਵਜੋਂ ਐਕਸੀਅਨ ਐੱਚ. ਕੇ. ਗਰਗ ਸਮੇਤ ਸਾਰੇ ਅਧਿਕਾਰੀ ਤੇ ਕਰਮਚਾਰੀ ਧੁੱਪ ‘ਚ ਬਾਹਰ ਬੈਠਣ ਨੂੰ ਮਜ਼ਬੂਰ ਹੋ ਗਏ ਦਫਤਰ ਦਾ ਕੁਝ ਰਿਕਾਰਡ ਇੱਕ ਅਧਿਕਾਰੀ ਦੀ ਗੱਡੀ ‘ਤੇ ਰੱਖ ਕੇ ਕੰਮ ਚਲਾਇਆ ਗਿਆ ਪਰ ਸਮੁੱਚਾ ਕੰਮਕਾਜ ਅੱਜ ਠੱਪ ਰਿਹਾ ਇਸ ਜਲਾਲਤ ਭਰੇ ਵਤੀਰੇ ਖਿਲਾਫ ਭੜਕੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਰੋਸ ਜਤਾਇਆ ਮਹਿਕਮੇ ਦੇ ਸੀਨੀਅਰ ਅਧਿਕਾਰੀ ਦਿਨ ਭਰ ਦਰਵਾਜੇ ਨੂੰ ਲੱਗੀ ਸੀਲ ਖੁੱਲ੍ਹਵਾਉਣ ਲਈ ਜੱਦੋ-ਜਹਿਦ ਕਰਦੇ ਰਹੇ ਜਦੋਂਕਿ ਮੁਲਾਜ਼ਮਾਂ ਨੇ ਸਾਰਾ ਦਿਨ ਧੁੱਪ ‘ਚ ਬੈਠ ਕੇ ਲੰਘਾਇਆ ।
ਇਸ ਮੌਕੇ ਮੁਲਾਜਮਾਂ ਤੇ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ ਦੋ ਵਰ੍ਹੇ ਪਹਿਲਾਂ ਪੰਜਾਬ ਸਰਕਾਰ ਨੇ ਪ੍ਰਾਈਵੇਟ ਇਮਾਰਤਾਂ ‘ਚ ਚੱਲ ਰਹੇ ਦਫਤਰਾਂ ਨੂੰ ਸਰਕਾਰ ਦੀਆਂ ਇਮਾਰਤਾਂ ‘ਚ ਤਬਦੀਲ ਕਰਨ ਦੇ ਹੁਕਮ ਦਿੱਤੇ ਸਨ ਜਿਨ੍ਹਾਂ ਦੀ ਪਾਲਣਾ ਕਰਦਿਆਂ ਲਾਈਨਿੰਗ ਡਵੀਜ਼ਨ ਨੰਬਰ 7 ਦਾ ਦਫਤਰ ਜਿਲ੍ਹਾ ਪ੍ਰੀਸ਼ਦ ‘ਚ ਸ਼ਿਫਟ ਕੀਤਾ ਗਿਆ ਸੀ ਉਨ੍ਹਾਂ ਦੱਸਿਆ ਕਿ ਦਫਤਰ ਦਾ ਕਿਰਾਇਆ 23,600 ਤੈਅ ਕੀਤਾ ਗਿਆ ਸੀ ਜੋਕਿ ਸਰਕਾਰ ਛੇ ਮਹੀਨੇ ਤੱਕ ਤਾਂ ਅਦਾ ਕਰਦੀ ਰਹੀ ਪਰ ਪਿਛਲੇ 18 ਮਹੀਨਿਆਂ ਤੋਂ ਕਿਰਾਏ ਲਈ ਫੰਡ ਨਹੀਂ ਜਾਰੀ ਕੀਤੇ ਸਨ, ਜਿਸ ਕਰਕੇ ਅੱਜ ਜ਼ਿਲ੍ਹਾ ਪ੍ਰੀਸ਼ਦ ਅਧਿਕਾਰੀਆਂ ਨੇ ਦਫਤਰ ਸੀਲ ਕਰ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਵੀ ਦਫਤਰ ਨੂੰ ਸੀਲ ਲਾ ਦਿੱਤੀ ਸੀ ਪਰ ਚੋਣਾਂ ਨੂੰ ਦੇਖਦਿਆਂ ਬਿਨਾਂ ਕਿਰਾਇਆ ਦਿੱਤਿਆਂ ਦਫਤਰ ਖੋਲ੍ਹਿਆ ਜਾਂਦਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਲਗਾਤਾਰ ਪੱਤਰ ਲਿਖੇ ਗਏ ਹਨ ਪਰ ਕਿਰਾਏ ਲਈ ਪੈਸੇ ਨਹੀਂ ਭੇਜੇ, ਜਿਸ ਕਰਕੇ ਅੱਜ ਇੱਕ ਤਰ੍ਹਾਂ ਨਾਲ ਉਨ੍ਹਾਂ ਨੂੰ ਬੇਇਜਤ ਹੋਣਾ ਪਿਆ ਹੈ ਜਦੋਂਕਿ ਕਸੂਰ ਮੁਲਾਜ਼ਮਾਂ ਦਾ ਕੋਈ ਨਹੀਂ ਹੈ ਪਤਾ ਲੱਗਿਆ ਹੈ ਕਿ ਅੱਜ ਨਿਗਮ ਦੇ ਐਕਸੀਅਨ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲੇ ਸਨ ਜਿਨ੍ਹਾਂ ਨੇ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ ਜਦੋਂ ਕਿ ਅਫਸਰ ਭਰੋਸਾ ਮਿਲਣ ਦੀ ਗੱਲ ਕਹਿ ਰਹੇ ਹਨ ਐਕਸੀਅਨ ਐੱਚ. ਕੇ. ਗਰਗ ਦਾ ਕਹਿਣਾ ਸੀ ਕਿ ਉਹ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਗੁਰਪ੍ਰੀਤ ਸਿੰਘ ਥਿੰਦ ਨੂੰ ਮਿਲੇ ਸਨ ਅਤੇ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਦਫਤਰ ਖੁੱਲ੍ਹਵਾਉਣ ਦੀ ਮੰਗ ਕੀਤੀ ਸੀ ਉਨ੍ਹਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸ਼ੁੱਕਰਵਾਰ ਨੂੰ ਦਫਤਰ ਖੋਲ੍ਹਣ ਦਾ ਭਰੋਸਾ ਦਿਵਾਇਆ ਹੈ।
ਦਫਤਰ ਸੀਲ ਕਰਨ ਕਰਕੇ ਤਨਖਾਹ ਰੁਕੀ
ਮੁਲਾਜ਼ਮਾਂ ਨੇ ਦੱਸਿਆ ਕਿ ਅੱਜ ਦੋ ਮਹੀਨਿਆਂ ਬਾਅਦ ਉਨ੍ਹਾਂ ਦੀ ਤਨਖਾਹ ਆਈ ਸੀ, ਜਿਸ ਦੇ ਚੈੱਕ ਕੱਟ ਕੇ ਮੁਲਾਜ਼ਮਾਂ ਤੇ ਅਫਸਰਾਂ ਨੂੰ ਦਿੱਤੇ ਜਾਣੇ ਸਨ ਉਨ੍ਹਾਂ ਦੱਸਿਆ ਕਿ ਸਾਰੇ ਮੁਲਾਜ਼ਮ ਅੱਜ ਖੁਸ਼ੀ ਖੁਸ਼ੀ ਤਨਖਾਹ ਮਿਲਣ ਦੇ ਚਾਅ ‘ਚ ਤਨਖਾਹ ਮਿਲਣ ਦੀ ਉਮੀਦ ਨਾਲ ਆਏ ਸਨ ਪਰ ਦਫਤਰ ਸੀਲ ਹੋਇਆ ਦੇਖ ਕੇ ਦੰਗ ਰਹਿ ਗਏ ਉਨ੍ਹਾਂ ਦੱਸਿਆ ਕਿ ਕਿਉਂਕਿ ਸਾਰਾ ਰਿਕਾਰਡ ਦਫਤਰ ਦੇ ਅੰਦਰ ਸੀ, ਜਿਸ ਕਰਕੇ ਉਹ ਚੈੱਕ ਨਹੀਂ ਲੈ ਸਕੇ ਜੇਈ ਹੈੱਡਕੁਆਟਰ ਗਗਨਦੀਪ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਅਧਿਕਾਰੀਆਂ ਦੀ ਕਾਰਵਾਈ ‘ਤੇ ਸਖਤ ਇਤਰਾਜ ਜਤਾਉਂਦਿਆਂ ਕਿਹਾ ਕਿ ਚੋਰਾਂ ਦੀ ਤਰ੍ਹਾਂ ਸੀਲ ਕਰਨ ਦੀ ਕੀ ਜਰੂਰਤ ਸੀ, ਦਫਤਰ ਟਾਈਮ ਆਉਂਦੇ ਤੇ ਸੀਲ ਕਰ ਦਿੰਦੇ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਨੇ ਕੋਈ ਨੋਟਿਸ ਤੱਕ ਨਹੀਂ ਦਿੱਤਾ, ਜਿਸ ਕਰਕੇ ਕੰਮ ਕਰਵਾਉਣ ਆਏ ਸੈਂਕੜੇ ਲੋਕਾਂ ਤੇ ਕਿਸਾਨਾਂ ਨੂੰ ਨਿਰਾਸ਼ ਪਰਤਣਾ ਪਿਆ ਹੈ ਉਨ੍ਹਾਂ ਸਰਕਾਰ ਤੋਂ ਕਿਰਾਇਆ ਆਉਣ ਤੱਕ ਦਫਤਰ ਖੋਲ੍ਹਣ ਦੀ ਮੰਗ ਕੀਤੀ ਤਾਂ ਜੋ ਉਹ ਸਰਕਾਰੀ ਕੰਮਕਾਜ ਨਿਪਟਾ ਸਕਣ।
ਕਣਕ ਨਾਲ ਘੁਣ ਵੀ ਪਿਸਿਆ
ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦਾ ਦਫਤਰ ਸੀਲ ਕਰਨ ਦਾ ਝਟਕਾ ਆਂਗਣਵਾੜੀ ਮੁਲਾਜ਼ਮਾਂ ਦੇ ਦਫਤਰ ਨੂੰ ਵੀ ਲੱਗਾ ਹੈ ਸੀਡੀਪੀਓ ਦਾ ਦਫਤਰ ਵੀ ਇਸੇ ਇਮਾਰਤ ‘ਚ ਹੈ ਜੋ ਅੱਜ ਦਿਨ ਭਰ ਬੰਦ ਰਿਹਾ ਹੈ ਸੀਡੀਪੀਓ ਊਸ਼ਾ ਰਾਣੀ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਆਟੇ ਨਾਲ ਪੜੇਥਣ ਐਵੇਂ ਹੀ ਲੱਗ ਗਿਆ ਹੈ ਜਦੋਂਕਿ ਉਨ੍ਹਾਂ ਦਾ ਕਿਰਾਏ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਬੱਸ ਕਸੂਰ ਇਹੋ ਹੈ ਕਿ ਦੋਵਾਂ ਦਫਤਰਾਂ ਦਾ ਗੇਟ ਇੱਕ ਹੀ ਹੈ ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਸੀ, ਜਿਸ ‘ਚ ਅੜਿੱਕਾ ਬਣ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।