ਆਦਰਸ਼ ਸਕੂਲ ਦੇ ਅਧਿਆਪਕਾਂ ਤੇ ਮਾਪਿਆਂ ਨੇ ਐੱਸਡੀਐੱਮ ਦਫ਼ਤਰ ਘੇਰਿਆ

Adarsh School, Teachers, Parents, Surrounded, SDM Office

ਆਦਰਸ਼ ਸਕੂਲ ਦੇ ਅਧਿਆਪਕਾਂ ਤੇ ਮਾਪਿਆਂ ਨੇ ਐੱਸਡੀਐੱਮ ਦਫ਼ਤਰ ਘੇਰਿਆ

ਸੱਚ ਕਹੂੰ ਨਿਊਜ਼, ਭਵਾਨੀਗੜ੍ਹ

ਐੱਸਯੂਐੱਸ ਆਦਰਸ਼ ਸਕੂਲ ਬਾਲਦ ਖੁਰਦ ‘ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਵੱਲੋਂ ਤਨਖਾਹਾਂ ਨਾ ਮਿਲਣ ਸਮੇਤ ਹੋਰ ਮੰਗਾਂ ਸਬੰਧੀ ਅੱਜ ਸਥਾਨਕ ਸ਼ਹਿਰ ਦੇ ਐੱਸਡੀਐੱਮ ਦਫਤਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸਕੂਲ ਬਚਾਓ ਸੰਘਰਸ਼ ਕਮੇਟੀ ਦੇ ਆਗੂ ਹਰਭਜਨ ਸਿੰਘ ਹੈਪੀ ਨੇ ਕਿਹਾ ਕਿ ਪਿਛਲੀ 17 ਮਈ ਨੂੰ ਉਸ ਵੱਲੋਂ ਸਕੂਲ ‘ਚ ਪਾਈਆਂ ਗਈਆਂ ਖਾਮੀਆਂ ਦੀ ਪੜਤਾਲ ਕਰਵਾਉਣ ਤੇ ਪਿਛਲੇ 7 ਮਹੀਨਿਆਂ ਤੋਂ ਅਧਿਆਪਕਾਂ ਦੀਆਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਐੱਸਡੀਐੱਮ ਦਫਤਰ ਅੱਗੇ ਮਰਨ ਵਰਤ ਰੱਖਿਆ ਗਿਆ ਸੀ। ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਮੰਨਣ ਤੇ ਸਕੂਲ ਦੀਆਂ ਖਾਮੀਆਂ ਸਬੰਧੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਮਰਨ ਵਰਤ ਸਮਾਪਤ ਕਰਵਾ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨ ਨੇ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ, ਜਿਸ ਕਾਰਨ ਅੱਜ ਦੁਬਾਰਾ ਫਿਰ ਮਾਪਿਆਂ ਤੇ ਅਧਿਆਪਕਾਂ ਨੂੰ ਐੱਸਡੀਐੱਮ ਦਫਤਰ ਦਾ ਘਿਰਾਓ ਕਰਨਾ ਪਿਆ ਹੈ ਉਨ੍ਹਾਂ ਕਿਹਾ ਕਿ ਇਹ ਧਰਨਾ ਮੰਗਾਂ ਮੰਨੇ ਜਾਣ ਤੱਕ ਲਗਾਤਾਰ ਜਾਰੀ ਰਹੇਗਾ। ਧਰਨੇ ‘ਚ ਹਾਜ਼ਰ ਰਾਜਨ ਸ਼ਰਮਾ, ਮਨਪ੍ਰੀਤ ਸਿੰਘ, ਬਰਿੰਦਜੀਤ ਸਿੰਘ, ਰਛਪਾਲ ਸਿੰਘ, ਸੰਦੀਪ ਸਿੰਘ, ਪ੍ਰਦੀਪ ਸਿੰਘ, ਮੀਨਾ ਰਾਣੀ, ਸਤਵਿੰਦਰ ਕੌਰ, ਸ਼ਰਨ ਕੌਰ, ਚਿਤਰੇਸ਼ ਬਾਲਾ, ਬੀਰਬਲ ਨਾਥ, ਸਰਬਜੀਤ ਸਿੰਘ, ਮੇਜਰ ਸਿੰਘ ਤੇ ਹਾਕਮ ਸਿੰਘ ਵੀ ਹਾਜ਼ਰ ਸਨ। ਇਸ ਸਬੰਧੀ ਐੱਸਡੀਐੱਮ ਦਫਤਰ ਦੇ ਹਵਾਲੇ ਨਾਲ ਡੀਐੱਸਪੀ ਸੁਖਰਾਜ ਸਿੰਘ ਘੁੰਮਣ ਨੇ ਦੱਸਿਆ ਕਿ ਅਧਿਆਪਕਾਂ ਦੀ ਤਨਖਾਹ ਤੇ ਸਕੂਲ ਸਬੰਧੀ ਹੋਰ ਮਸਲੇ ਲਗਭਗ ਹੱਲ ਹੋ ਚੁੱਕੇ ਹਨ ਤੇ ਇਸ ਸਬੰਧੀ ਜਲਦੀ ਹੀ ਜਾਣਕਾਰੀ ਦਿੱਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।