ਡੇਰਾ ਸ਼ਰਧਾਲੂਆਂ ਵਾਲੇ ਬਲਾਕ ਦੇ ਆਲੇ ਦੁਆਲੇ ਹੀ ਬਣ ਰਹੀ ਸੀ ਦੀਵਾਰ
ਡੇਰਾ ਸ਼ਰਧਾਲੂਆਂ ਦੀ ਸੁਰੱਖਿਆ ‘ਚ ਵਰਤੀ ਗਈ ਢਿੱਲ
ਤਰੁਣ ਕੁਮਾਰ ਸ਼ਰਮਾ, ਨਾਭਾ
ਪੰਜਾਬ ਦੀਆਂ ਜੇਲ੍ਹਾਂ ਵਿੱਚ ਨਿੱਤ ਪ੍ਰਤੀ ਦਿਨ ਵਾਪਰ ਰਹੀਆਂ ਘਟਨਾਵਾਂ ਕਾਰਨ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲੱਗਦੇ ਰਹਿੰਦੇ ਹਨ। ਜੇਲ੍ਹਾਂ ਅੰਦਰ ਕੈਦੀਆਂ ਤੇ ਹਵਾਲਾਤੀਆਂ ਦੀ ਸੁਰੱਖਿਆ ਨੂੰ ਕਿਸ ਤਰ੍ਹਾਂ ਤਾਕ ‘ਤੇ ਰੱਖਿਆ ਜਾਂਦਾ ਹੈ ਇਸ ਦੀ ਮਿਸਾਲ ਤਾਜ਼ਾ ਮਾਮਲੇ ਤੋਂ ਮਿਲਦੀ ਹੈ। ਇਸ ਮਾਮਲੇ ਵਿੱਚ ਡੇਰਾ ਸ਼ਰਧਾਲੂਆਂ ਦੀ ਸੁਰੱਖਿਆ ਵਿੱਚ ਵਰਤੀ ਗਈ ਢਿੱਲ ਕਾਰਨ ਜੇਲ੍ਹ ਪ੍ਰਸ਼ਾਸਨ ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਘਿਰ ਗਈ ਹੈ। ਮਾਮਲੇ ਵਿੱਚ ਜੇਲ੍ਹ ਦੇ ਡਿਪਟੀ ਸੁਪਰਡੈਂਟ ਤੇ ਸੁਪਰਡੈਂਟ ਦੇ ਬਿਆਨ ਹੀ ਮੇਲ ਨਹੀਂ ਖਾ ਰਹੇ ਹਨ। ਇੱਕ ਪਾਸੇ ਜੇਲ੍ਹ ਅਧਿਕਾਰੀ ਰਮਨਦੀਪ ਭੰਗੂ ਨੇ ਜੇਲ੍ਹ ਅੰਦਰ ਕੰਸਟਰੱਕਸ਼ਨ ਚੱਲਦੇ ਹੋਣ ਦਾ ਹਵਾਲਾ ਦੇ ਕੇ ਕਿਹਾ ਕਿ ਮਹਿੰਦਰਪਾਲ ਨਾਮੀ ਹਵਾਲਾਤੀ ‘ਤੇ ਦੋਸ਼ੀਆਨਾਂ ਨੇ ਸਰੀਏ ਜਾਂ ਰਾਡ ਨਾਲ ਹਮਲਾ ਕੀਤਾ ਹੈ ਜੋ ਕਿ ਕੰਸਟਰੱਕਸ਼ਨ ਕਾਰਨ ਦੋਸ਼ੀਆਨਾਂ ਨੂੰ ਮਹੁੱਈਆ ਹੋ ਗਏ ਜਦਕਿ ਦੂਜੇ ਪਾਸੇ ਜੇਲ੍ਹ ਦੇ ਸੁਪਰਡੈਂਟ ਬਲਕਾਰ ਸਿੰਘ ਨੇ ਦੇਰ ਰਾਤ ਪੱਤਰਕਾਰਾਂ ਨੂੰ ਕਿਹਾ ਕਿ ਦੋਸ਼ੀਆਨਾਂ ਨੇ ਸੈੱਲ ਦੇ ਗੇਟ ਦੀਆਂ ਸਲਾਖਾਂ ਕੱਢ ਲਈਆਂ ਸਨ।
ਦੋਵੇਂ ਜੇਲ੍ਹ ਅਧਿਕਾਰੀਆਂ ਦੇ ਬਿਆਨਾਂ ਵਿਚਲਾ ਫਰਕ ਜੇਲ੍ਹ ਪ੍ਰਸ਼ਾਸਨ ਦੀ ਗੰਭੀਰਤਾ ਨੂੰ ਦਰਸਾ ਰਿਹਾ ਹੈ। ਜਿਕਰਯੋਗ ਹੈ ਕਿ ਬਰਗਾੜੀ ਮਾਮਲੇ ‘ਚ ਲਗਭਗ 7 ਡੇਰਾ ਸ਼ਰਧਾਲੂਆਂ ਨੂੰ ਗ੍ਰਿਫਤਾਰ ਕਰਕੇ ਨਾਭਾ ਜੇਲ੍ਹ ਭੇਜ ਦਿੱਤਾ ਗਿਆ ਸੀ। ਜੇਲ੍ਹ ਸੂਤਰਾਂ ਦੀ ਮੰਨੀਏ ਤਾਂ ਪਹਿਲਾਂ ਸੱਤ ਡੇਰਾ ਸ਼ਰਧਾਲੂਆਂ ਨੂੰ ਜੇਲ੍ਹ ਦੇ ਬਲਾਕ ਨੰਬਰ 1 ਦੇ ਵੱਖ-ਵੱਖ ਸੈੱਲਾਂ ਵਿੱਚ ਰੱਖਿਆ ਗਿਆ ਸੀ, ਜਿਸ ਦੇ ਆਸ-ਪਾਸ ਸਿਰਫ ਕੰਡਿਆਲੀ ਤਾਰ ਹੀ ਲਗਾਈ ਹੋਈ ਸੀ। ਇਸ ਤੋਂ ਬਾਦ ਅਚਾਨਕ ਜੇਲ੍ਹ ਪ੍ਰਸ਼ਾਸਨ ਨੇ ਬੀਤੇ ਕੁਝ ਦਿਨਾਂ ਤੋਂ ਬਲਾਕ ਨੰਬਰ 1 ਦੀ ਸੁਰੱਖਿਆ ਲਈ ਇਸ ਦੇ ਆਸ-ਪਾਸ ਸੁਰੱਖਿਆ ਦੀਵਾਰ ਬਣਾਉਣੀ ਸ਼ੁਰੂ ਕਰ ਦਿੱਤੀ ਜੋ ਕਿ ਲਗਭਗ ਇੱਕ ਜਾਂ ਦੋ ਦਿਨ ਵਿੱਚ ਪੂਰੀ ਹੋਣ ਵਾਲੀ ਸੀ। ਜੇਲ੍ਹ ਪ੍ਰਸ਼ਾਸਨ ਵੱਲੋਂ ਬਲਾਕ ਦੁਆਲੇ ਕੀਤੀ ਜਾ ਰਹੀ ਸੁਰੱਖਿਆ ਦੀਵਾਰ ਦਾ ਨਿਰਮਾਣ ਇਹ ਸਾਬਤ ਕਰਦਾ ਹੈ ਕਿ ਜੇਲ੍ਹ ਪ੍ਰਸ਼ਾਸਨ ਨੂੰ ਡੇਰਾ ਸ਼ਰਧਾਲੂਆਂ ‘ਤੇ ਹਮਲੇ ਦੀ ਪਹਿਲਾਂ ਹੀ ਭਿਣਕ ਸੀ।
ਇਸ ਤੋਂ ਇਲਾਵਾ ਮਾਮਲੇ ਦੇ ਦੋਸ਼ੀ ਕੈਦੀ ਗੁਰਸੇਵਕ ਸਿੰਘ ਵੱਲੋਂ ਬੀਤੇ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਜੇਲ ਅੰਦਰਲੀ ਸ਼ੇਅਰ ਕੀਤੀ ਸੈਲਫੀ ਵੀ ਚਰਚਾ ‘ਚ ਆ ਰਹੀ ਹੈ। ਜੇਲ੍ਹਾਂ ਅੰਦਰ ਕੈਦੀ ਤੇ ਹਵਾਲਾਤੀ ਮੋਬਾਇਲਾਂ ਤੇ ਇੰਟਰਨੈੱਟ ਦੀ ਧੜੱਲੇ ਨਾਲ ਵਰਤੋਂ ਕਰ ਰਹੇ ਹਨ। ਜੇਲ੍ਹ ਅੰਦਰ ਕੰਸਟਰੱਕਸ਼ਨ ਵਾਲੀ ਥਾਂ ‘ਤੇ ਸਰੀਏ ਜਾਂ ਹੋਰ ਘਾਤਕ ਵਸਤਾਂ ਹੋਣ ‘ਤੇ ਉਸ ਦੇ ਨਜ਼ਦੀਕ ਜੇਲ੍ਹ ਮੁਲਾਜ਼ਮਾਂ ਦੀ ਤਾਇਨਾਤੀ ਨਾ ਹੋਣਾ ਤੇ ਜੇਲ੍ਹ ਅੰਦਰ ਡੇਰਾ ਸ਼ਰਧਾਲੂ ਦੀ ਹੱਤਿਆ ਦੀ ਕੀਤੀ ਜਾ ਰਹੀ ਸਾਜਿਸ਼ ਤੋਂ ਜੇਲ੍ਹ ਪ੍ਰਸ਼ਾਸਨ ਦਾ ਅਣਜਾਣ ਰਹਿਣਾ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜਾਰੀ ‘ਤੇ ਸਵਾਲੀਆਂ ਨਿਸ਼ਾਨ ਲਗਾਉਂਦੇ ਹਨ ਉਪਰੋਕਤ ਸਾਰੇ ਸਵਾਲਾਂ ਤੋਂ ਸਪੱਸ਼ਟ ਹੈ ਕਿ ਸੁਧਾਰ ਘਰ ਦੇ ਨਾਂਅ ‘ਤੇ ਬਣੀਆਂ ਜੇਲ੍ਹਾਂ ‘ਚ ਕੈਦੀ ਜਾਂ ਹਵਾਲਾਤੀ ਸੁਧਰਨ ਦੀ ਬਜਾਏ ਅਪਰਾਧੀ ਦੁਨੀਆਂ ਨਾਲ ਜੁੜਦੇ ਜਾ ਰਹੇ ਹਨ ਜਦਕਿ ਜੇਲ੍ਹ ਪ੍ਰਸ਼ਾਸਨ ਹੱਥ ‘ਤੇ ਹੱਥ ਧਰ ਕੇ ਕੁੰਭਕਰਨੀ ਨੀਂਦ ‘ਚ ਸੌਂ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।